
ਸੰਪਾਦਕੀ
ਸੰਪਾਦਕੀ
ਵਰਤਮਾਨ ਯੁਗ ਵਿਚ ਸੋਸ਼ਲ ਮੀਡਿਆ ਸਾਡੀ ਦੈਨਿਕ ਜ਼ਿੰਦਗੀ ਦਾ ਇਕ ਮਹੱਤਵਪੂਰਨ ਅੰਗ ਬਣ ਚੁਕਾ ਹੈ | ਦੌੜ ਭੱਜ ਵਾਲੀ ਰੋਜ਼ਾਨਾ ਜ਼ਿੰਦਗੀ ਵਿਚ ਅਸੀਂ ਰਵਾਇਤੀ ਪ੍ਰਚਾਰ ਤੇ ਪ੍ਰਸਾਰ ਮਾਧਿਅਮਾਂ ਜਿਵੇਂ ਅਖਬਾਰ, ਰੇਡੀਓ ਤੇ ਟੈਲੀਵਿਜ਼ਨ ਲਈ ਵਕਤ ਨਹੀਂ ਕੱਢ ਸਕਦੇ | ਇਸ ਸਮੇਂ ਵਿਚ ਹਰ ਵਰਗ ਵਿਚ ਅਤੀ ਪ੍ਰਚੱਲਿਤ ਸੂਚਨਾ ਦਾ ਸਾਧਨ ਸੋਸ਼ਲ ਮੀਡਿਆ ਅਖਬਾਰ ਸਾਡੇ ਹੱਥ ਵਿਚ ਫੜਿਆ ਮੋਬਾਈਲ ਫੋਨ ਜਾਂ ਸਾਡੇ ਸਾਹਮਣੇ ਪਿਆ ਕੰਪਿਊਟਰ ਬਣ ਗਿਆ ਹੈ | ਸਾਡੇ ਛੋਟੇ ਜਹੇ ਮੋਬਾਈਲ ਫੋਨ ਉਪਰ ਸੰਸਾਰ ਭਰ ਦੀਆਂ ਖ਼ਬਰਾਂ ਪਲ ਪਲ ਆ ਰਹੀਆਂ ਹਨ | ਪਰ ਇਹ ਜ਼ਰੂਰੀ ਨਹੀਂ ਕਿ ਹਰ ਖ਼ਬਰ ਸ਼ਤ ਪ੍ਰਤੀਸ਼ਤ ਸੱਚੀ ਤੇ ਭਰੋਸੇ ਯੋਗ ਹੋਵੇ | ਇਸ ਦੁਵਿਧਾ ਵਾਲੀ ਸਥਿਤੀ ਨੂੰ ਧਿਆਨ - ਗੋਚਰ ਰੱਖਦੇ ਹੋਏ ਮੇਰੇ ਜ਼ਿਹਨ ਵਿਚ ਵੀ ਇਹ ਖਿਆਲ ਆਇਆ, ਕਿ ਕਿਉਂ ਨਾ ਇਕ ਅਜਿਹੇ ਭਰੋਸੇਯੋਗ ਮਾਧਿਅਮ ਦੀ ਸ਼ੁਰੂਆਤ ਕੀਤੀ ਜਾਵੇ | ਤੇ ਇਸੇ ਖਿਆਲ ਵਿੱਚੋਂ ਉਪਜੀ ਮੇਰੇ ਤੇ ਮੇਰੇ ਕੁਝ ਸਾਥੀਆਂ ਦੀ ਕੋਸ਼ਿਸ਼ ਦਾ ਨਾਂ ਹੈ "ਪੈਗ਼ਾਮ - ਏ - ਜਗਤ" |ਅੱਜ ਦੇ ਪਦਾਰਥਵਾਦੀ ਯੁੱਗ ਵਿਚੋਂ ਅਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਭੁਲਦੇ ਜਾ ਰਹੇ ਹਾਂ | ਥਾਂ ਥਾਂ ਤੇ ਖੁਲੇ ਹੋਏ "ਬਿਰਧ ਆਸ਼ਰਮ" ਸਾਡੀ ਸਵੈ ਕੇਂਦਰਿਤ ਸੋਚ ਅਤੇ ਫ਼ਰਜ਼ਾਂ ਪ੍ਰਤੀ ਉਦਾਸੀਨਤਾ ਦਾ ਨਤੀਜਾ ਹਨ | ਅਜ ਰਿਸ਼ਤਿਆਂ ਦੇ ਅਰਥ ਬਦਲ ਚੁਕੇ ਹਨ | ਕੋਈ ਵੇਲਾ ਸੀ ਜਦੋਂ ਬਜ਼ੁਰਗਾਂ ਦੀ ਹਰ ਕੰਮ ਸ਼ੁਰੂ ਕਰਨ ਲਈ ਸਲਾਹ ਜਾਂਦੀ ਸੀ | ਘਰ ਵਿਚ ਕੋਈ ਵੀ ਫੈਸਲਾ ਬਿਨਾ ਵਡੀਆਂ ਦੀ ਪ੍ਰਵਾਨਗੀ ਤੋਂ ਬਗੈਰ ਸੰਭਵ ਨਹੀਂ ਹੁੰਦਾ ਸੀ | ਵੱਡੇ ਤੇ ਸਾਂਝੇ ਪਰਿਵਾਰਾਂ ਵਿਚ ਬੱਚੇ ਸੌਖੇ ਪੱਲ ਜਾਂਦੇ ਸਨ ਤੇ ਘਰ ਸੁਰੱਖਿਅਤ ਹੁੰਦੇ ਸਨ | ਦਾਦਾ ਦਾਦੀ ਤੇ ਨਾਨਾ ਨਾਨੀ ਦਾ ਪਿਆਰ ਘੱਟੋ ਘੱਟ ਸਾਡੀ ਪੀੜ੍ਹੀ ਦੇ ਲੋਕ ਕਦੇ ਵੀ ਨਹੀਂ ਭੁਲਾ ਸਕਦੇ | ਮੇਰੀ ਇਸ ਪੁਲਾਂਘ ਯਾਨੀ ਪੈਗ਼ਾਮ -ਏ - ਜਗਤ ਦਾ ਮਕਸਦ ਆਪਣੇ ਦਾਦਾ ਜੀ ਸਵਰਗੀ ਜਗਤ ਰਾਮ ਜੀ ਦੀ ਯਾਦ ਨੂੰ ਜ਼ਿੰਦਾ ਰਖਣਾ ਹੈ | ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਆਪਣੇ ਪਾਠਕਾਂ ਨੂੰ ਸਾਚੀ ਦੇ ਨਿਰਪੱਖ ਖ਼ਬਰ ਦੀਤੀ ਜਾਵੇ | ਸਾਡਾ ਟੀਚਾ ਆਰਥਿਕ ਲਾਹਾ ਲੈਣਾ ਨਹੀਂ , ਬਲਕਿ ਚੈਨਲਾਂ ਤੇ ਹੋਰ ਪ੍ਰਸਾਰ ਮਾਧਿਅਮਾਂ ਵਿਚ ਵਿਚਰ ਕੇ ਇਕ ਨਿਵੇਕਲਾ ਮੁਕਾਮ ਬਣਾਉਣਾ ਹੈ | ਅਸੀਂ ਆਪਣੇ ਪਾਠਕਾਂ ਤੋਂ ਹਰ ਤਰਾਂ ਦੇ ਸਹਿਯੋਗ ਤੇ ਸਹੀ ਸੇਧ ਦੀ ਉਮੀਦ ਰੱਖਦੇ ਹਾਂ | ਮੇਰੀ ਇਸ ਕੋਸ਼ਿਸ਼ ਦੀ ਬੇਹਤਰੀ ਲਈ ਤੁਸੀ ਆਪਣੇ ਸੁਝਾਆਂ ਈ-ਮੇਲ ਪਤੇ reports@paigamejagat.com ਤੇ ਭੇਜ ਸਕਦੇ ਹੋ | ਅਸੀਂ ਉਡੀਕ ਕਰਾਂਗੇ |
ਜੈ ਹਿੰਦ
ਦਵਿੰਦਰ ਕੁਮਾਰ
