ਮੁਹਾਲੀ ਵਿੱਚ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਦੀ ਸਥਾਪਨਾ ਸੁਚੇਤਕ ਸਕੂਲ ਦੇ ਐਕਟਿੰਗ ਕਲਾਕਾਰਾਂ ਨੇ ਕੀਤਾ ‘ਘਰ ਵਾਪਸੀ ਨਾਟਕ’

ਐਸ. ਏ.ਐਸ. ਨਗਰ, 18 ਸਤੰਬਰ ਸੁਚੇਤਕ ਰੰਗਮੰਚ ਵੱਲੋਂ ਤਿਆਰ ਕੀਤੀ ਗਈ ‘ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ (ਜੋ ਉਨ੍ਹਾਂ ਦੇ ਆਪਣੇ ਘਰ ਸੈਕਟਰ 43 ਵਿੱਚ ਲੱਗੀ ਹੋਈ ਸੀ) ਨੂੰ ਉਹ ਸੁਚੇਤਕ ਰੰਗਮੰਚ ਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਦਫ਼ਤਰ ਕੇ ਡੀ ਐਮ ਕੰਪਲੈਕਸ 949, ਮਟੌਰ ਮਾਰਕੀਟ, ਸੈਕਟਰ 70 ਵਿੱਚ ਸਥਾਪਤ ਕੀਤਾ ਗਿਆ ਹੈ।

ਐਸ. ਏ.ਐਸ. ਨਗਰ, 18 ਸਤੰਬਰ ਸੁਚੇਤਕ ਰੰਗਮੰਚ ਵੱਲੋਂ ਤਿਆਰ ਕੀਤੀ ਗਈ ‘ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ (ਜੋ ਉਨ੍ਹਾਂ ਦੇ ਆਪਣੇ ਘਰ ਸੈਕਟਰ 43 ਵਿੱਚ ਲੱਗੀ ਹੋਈ ਸੀ) ਨੂੰ ਉਹ ਸੁਚੇਤਕ ਰੰਗਮੰਚ ਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਦਫ਼ਤਰ ਕੇ ਡੀ ਐਮ ਕੰਪਲੈਕਸ 949, ਮਟੌਰ ਮਾਰਕੀਟ, ਸੈਕਟਰ 70 ਵਿੱਚ ਸਥਾਪਤ ਕੀਤਾ ਗਿਆ ਹੈ। ਇਸਦਾ ਰਸਮੀ ਉਦਘਾਟਨ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕੀਤਾ। ਇਸ ਮੌਕੇ ਡਾ. ਲਾਭ ਸਿੰਘ ਖੀਵਾ, ਸੁਰਿੰਦਰ ਗਿੱਲ, ਸੰਜੀਵਨ ਸਿੰਘ, ਸਰਦਾਰਾ ਸਿੰਘ ਚੀਮਾ, ਬਲਵਿੰਦਰ ਸਿੰਘ ਉੱਤਮ ਅਤੇ ਸੁਖਦੇਵ ਸਿੰਘ ਪਟਵਾਰੀ ਹਾਜ਼ਰ ਸਨ।

ਇਸ ਮੌਕੇ ਸੁਚੇਤਕ ਰੰਗਮੰਚ ਦੀ ਡਾਇਰੈਕਟਰ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਹ ਗੈਲਰੀ 2010 ਵਿੱਚ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਅਵਸਰ ਤੇ ਤਿਆਰ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ 2012 ਵਿੱਚ ਇਸਨੂੰ ਸਾਰੰਗ ਲੋਕ ਮੁਹਾਲੀ ਵਿੱਚ ਸਥਾਪਤ ਕੀਤਾ ਗਿਆ ਸੀ। ਫ਼ਿਰ ਪਰਿਵਾਰ ਦੇ ਇੱਛਾ ਪ੍ਰਗਟ ਕਰਨ ਤੇ 2019 ਵਿੱਚ ਗੁਰਸ਼ਰਨ ਸਿੰਘ ਦੇ ਘਰ ਵਿੱਚ ਲਗਾ ਦਿੱਤੀ ਗਈ ਸੀ ਤੇ ਹੁਣ ਇਸਦੀ ਜਗ੍ਹਾ ਤਬਦੀਲ ਕਰਕੇ ਮੁਹਾਲੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਇਸਨੂੰ ਵਧੇਰੇ ਵਿਸਥਾਰ ਦੇਣ ਦੀ ਹੈ, ਜਿਸ ਲਈ ਯਤਨ ਜਾਰੀ ਹਨ।

ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਆਪਣੇ ਲੋਕ ਪੱਖੀ ਤਬਦੀਲੀ ਦੀ ਚਾਹਤ ਦੇ ਨਾਟ-ਮੰਚ ਸਦਕਾ ਲੋਕ ਦਿਲਾਂ ਵਿੱਚ ਜ਼ਿੰਦਾ ਹਨ। ਉਨ੍ਹਾਂ ਦੇ ਕਾਜ ਨਾਲ ਜੁੜੇ ਤਮਾਮ ਸਾਥੀ ਆਪੋ-ਆਪਣੀ ਸਰਗਰਮੀ ਸਦਕਾ ਭੂਮਿਕਾ ਨਿਭਾ ਰਹੇ ਹਨ ਪਰੰਤੂ ਸੁਚੇਤਕ ਰੰਗਮੰਚ ਦੇ ਯਤਨ ਕਾਬਲ-ਏ-ਜ਼ਿਕਰ ਹਨ। ਉਹਨਾਂ ਕਿਹਾ ਕਿ ਇਹ ਟੀਮ ਆਪਣੇ ਨਾਟਕਾਂ ਤੋਂ ਇਲਾਵਾ ਪਿਛਲੇ 20 ਸਾਲਾਂ ਤੋਂ ਗੁਰਸ਼ਰਨ ਸਿੰਘ ਨਾਟ ਉਤਸਵ ਕਰ ਰਹੀ ਹੈ, ਉਨ੍ਹਾਂ ਦੇ ਯੋਗਦਾਨ ਨੂੰ ਆਮ ਲੋਕਾਂ ਤੱਕ ਲਿਜਾਣ ਲਈ ਦਸਤਾਵੇਜ਼ੀ ਫ਼ਿਲਮ ਬਣਾਈ ਹੈ ਤੇ ਇਹ ਗੈਲਰੀ ਵੀ ਸਥਾਪਤ ਕੀਤੀ ਹੈ।

ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਸਾਹਿਤਕ ਤੇ ਸਭਿਆਚਾਰਕ ਹਸਤੀਆਂ ਦੇ ਯੋਗਦਾਨ ਨੂੰ ਜ਼ਿੰਦਾ ਰੱਖਣ ਦੇ ਯਤਨ ਹਾਲ ਦੀ ਘੜੀ ਬਹੁਤ ਘੱਟ ਧਿਆਨ ਖਿਚਦੇ ਹਨ, ਪਰ ਇਸ ਕਿਸਮ ਦੀ ਭੂਮਿਕਾ ਬਹੁਤ ਦੂਰ ਤੱਕ ਜਾਂਦੀ ਹੈ।

ਸੁਖਦੇਵ ਸਿੰਘ ਪਟਵਾਰੀ ਨੇ ਐਮਰਜੈਂਸੀ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਆਪਣੀ ਗੱਲ ਆਖਣ ਲਈ ਇੱਕ ਹੀ ਆਵਾਜ਼ ਬਚੀ ਸੀ, ਜੋ ਲੋਕਤੰਤਰ ਦਾ ਗਲਾ ਘੁੱਟਣ ਖ਼ਿਲਾਫ਼ ਬੋਲ ਸਕਦੀ ਸੀ ਅਤੇ ਗੁਰਸ਼ਰਨ ਸਿੰਘ ਦੀ ਉਹੀ ਬੇਬਾਕ ਆਵਾਜ਼ ਦਹਿਸ਼ਤਗਰਦਾਂ ਤੇ ਪੁਲੀਸ ਜ਼ੁਲਮ ਦੇ ਖ਼ਿਲਾਫ਼ ਗੂੰਜਦੀ ਰਹੀ ਹੈ।

ਸਾਰੰਗ ਲੋਕ ਦੇ ਸੰਚਾਲਕ ਰਮਾਂ ਰਤਨ ਨੇ ਕਿਹਾ ਕਿ ਗੁਰਸ਼ਰਨ ਭਾਅ ਜੀ ਯਾਦ ‘ਕਿਵ ਕੂੜੇ ਤੁਟੈ ਪਾਲਿ’ ਦੀ ਸੋਚ ਜਗਾਉਂਦੀ ਹੈ, ਜੋ ਸਾਨੂੰ ਗੁਰੂ ਸਾਹਿਬਾਨ ਕੋਲੋਂ ਵਿਰਸੇ ਵਿੱਚ ਮਿਲਿਆ ਹੈ।

ਇਸ ਮੌਕੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਕਲਾਕਾਰਾਂ ਵੱਲੋਂ ਪੰਜਾਬ ਵਿੱਚ ਬੇਰੋਕ ਪਸਰਦੇ ਨਸ਼ੇ ਦੇ ਕਹਿਰ ਨੂੰ ਨੰਗਾ ਕਰਦਾ ਨਾਟਕ ‘ਘਰ ਵਾਪਸੀ’ ਪੇਸ਼ ਕੀਤਾ ਗਿਆ। ਇਹ ਨਾਟਕ ਘਰ ਵਾਪਸੀ ਦੀ ਚਾਹਤ ਰਖਦੇ ਨੌਜਵਾਨਾਂ ਨੂੰ ਜਾਲ ਵਿੱਚ ਫਸਾਈ ਰਖਣ ਜਾਂ ਮਾਰ ਮੁਕਾਉਣ ਵਾਲੇ ਚਿਹਰੇ ਬੇਨਕਾਬ ਕੀਤੇ ਗਏ ਹਨ।