ਪੂਰੇ ਸਰਕਾਰੀ ਸਨਮਾਨ ਨਾਲ ਹੋਇਆ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਅੰਤਮ ਸਸਕਾਰ ਬੇਟੇ ਨੇ ਫ਼ੌਜ ਦੀ ਵਰਦੀ ਪਾ ਕੇ ਦਿੱਤੀ ਪਿਤਾ ਨੂੰ ਅੰਤਿਮ ਵਿਦਾਈ, ਪੰਜਾਬ ਦੇ ਰਾਜਪਾਲ ਸਮੇਤ ਕਈ ਆਗੂ ਅਤੇ ਅਧਿਕਾਰੀ ਪਹੁੰਚੇ

ਖਰੜ, 15 ਸਤੰਬਰ ਬੀਤੇ ਦਿਨ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਭੜੌਂਜੀਆਂ ਵਿੱਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ। ਸ਼ਹੀਦ ਮਨਪ੍ਰੀਤ ਸਿੰਘ ਦੇ ਪੁੱਤਰ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਉਸ ਨੂੰ ਦੇਖ ਕੇ ਅੱਜ ਹਰ ਕਿਸੇ ਦੀਆਂ ਅੱਖਾਂ ਉਦਾਸ ਹਨ। ਭੈਣਾਂ ਨੇ ਸ਼ਹੀਦ ਹੋਏ ਭਰਾ ਨੂੰ ਰੱਖੜੀ ਭੇਟ ਕਰ ਕੇ ਅੰਤਿਮ ਵਿਦਾਈ ਦਿੱਤੀ।

ਸ਼ਹੀਦ ਨੇ ਅੰਤਿਮ ਦਰਸ਼ਨਾਂ ਅਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮੁਹਾਲੀ, ਖਰੜ, ਕੁਰਾਲੀ, ਮੁੱਲਾਪੁਰ ਸਮੇਤ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਲੋਕ ਪੁੱਜੇ ਹੋਏ ਸਨ। ਪਿੰਡ ਵਾਸੀ ਤਿਰੰਗੇ ਝੰਡੇ ਨਾਲ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ। ਸਾਰੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਹੇ ਸਨ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜਾਮਾਜਰਾ, ਜਲ ਸਪਲਾਈ ਬੋਰਡ ਦੇੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ, ਜਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ ਐਸ ਪੀ ਡਾ. ਸੰਦੀਪ ਗਰਗ, ਸਾਬਕਾ ਮੰਤਰੀ ਸz. ਬਲਬੀਰ ਸਿੰਘ ਸਿੱਧੂ ਅਤੇ ਸz. ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਜੀ ਪੀ ਸਿੰਘ, ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਟ, ਭਾਜਪਾ ਆਗੂ ਜੈ ਇੰਦਰ ਕੌਰ, ਲਖਵਿੰਦਰ ਕੌਰ ਗਰਚਾ ਅਤੇ ਸੁਖਵਿਖੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਸਮੇਤ ਵੱਖ ਵੱਖ ਪਾਰਟੀਆਂ ਦੇ ਆਗੂਆਂ, ਵੱਖ ਵੱਖ ਸਾਮਜਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਹਜਾਰਾਂ ਦੀ ਗਿਣਤੀ ਵਿੱਚ ਪਿੰਡਾਂ ਦੇ ਵਸਨੀਕਾਂ ਵਲੋਂ ਸ਼ਹੀਦ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਮਨਪ੍ਰੀਤ ਦੇ ਚਾਚਾ ਹਰਮੇਲ ਸਿੰਘ ਨੇ ਦੱਸਿਆ ਕਿ ਸ਼ਹੀਦ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਦੀ ਸਿਹਤ ਵਾਰ-ਵਾਰ ਵਿਗੜ ਰਹੀ ਹੈ, ਜਿਸ ਕਾਰਨ ਡਾਕਟਰ ਨੂੰ ਘਰ ਹੀ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਪਰਿਵਾਰ ਨੂੰ ਇਹ ਦਿਨ ਦੇਖਣਾ ਪਵੇਗਾ।

ਪਿੰਡ ਵਿੱਚ ਆਰਮੀ ਸਕੂਲ ਖੋਲ੍ਹਣ ਦੀ ਮੰਗ

ਇਸ ਦੌਰਾਨ ਪਿੰਡ ਦੇ ਨੌਜਵਾਨਾਂ ਵਿੱਚ ਸਰਕਾਰ ਪ੍ਰਤੀ ਰੋਸ ਵੀ ਵੇਖਣ ਵਿੱਚ ਮਿਲਿਆ ਕਿ ਸਰਕਾਰ ਜਾਂ ਪ੍ਰਸ਼ਾਸ਼ਨ ਵਲੋਂ ਅੰਤਮ ਸਸਕਾਰ ਦੀ ਥਾਂ (ਜਿੱਥੇ ਲੋਕਾਂ ਨੇ ਸ਼ਹੀਦ ਦੇ ਅੰਤਮ ਦਰਸ਼ਨ ਕਰਕੇ ਸ਼ਰਧਾਂਜਲੀਆਂ ਭੇਂਟ ਕਰਨੀਆਂ ਸੀ) ਦੀ ਸਾਫ ਸਫਾਈ ਅਤੇ ਥਾਂ ਨੂੰ ਪੱਧਰਾ ਕਰਨ ਲਈ ਕੁੱਝ ਨਹੀਂ ਕੀਤਾ ਗਿਆ ਅਤੇ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ਤੇ ਹੀ ਇਸ ਥਾਂ ਦੀ ਸਫਾਈ ਕਰਕੇ ਇਸਨੂੰ ਪੱਧਰਾ ਕੀਤਾ ਗਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪਿੰਡ ਵਿਚ ਕਰਨਲ ਮਨਪ੍ਰੀਤ ਦੇ ਨਾਂ ਤੇ ਆਰਮੀ ਸਕੂਲ ਖੋਲ੍ਹਿਆ ਜਾਵੇ ਤਾਂ ਜੋ ਪਿੰਡ ਦੇ ਵੱਧ ਤੋਂ ਵੱਧ ਨੌਜਵਾਨ ਦੇਸ਼ ਦੇ ਕੰਮ ਆ ਸਕਣ।