ਕੇਵੀਕੇ ਦੀ ਤਿੰਨ ਰੋਜ਼ਾ ਸਾਲਾਨਾ ਜ਼ੋਨਲ ਵਰਕਸ਼ਾਪ ਵੈਟ ਯੂਨੀਵਰਸਿਟੀ ਵਿਖੇ ਸਮਾਪਤ ਹੋਈ
ਲੁਧਿਆਣਾ 20 ਸਤੰਬਰ 2024- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਅੱਜ 72 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਖੇਤਰੀ ਵਰਕਸ਼ਾਪ ਸਮਾਪਤ ਹੋ ਗਈ। ਇਸ ਵਰਕਸ਼ਾਪ ਵਿੱਚ ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ, ਜ਼ੋਨ 1 ਨਾਲ ਸਬੰਧਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 90 ਤੋਂ ਵੱਧ ਡੈਲੀਗੇਸ਼ਨ ਮੈਂਬਰਾਂ ਨੇ ਭਾਗ ਲਿਆ। ਇਸ ਦੌਰਾਨ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਾਲ ਦੇ ਟੀਚਿਆਂ ਬਾਰੇ ਚਰਚਾ ਕੀਤੀ ਗਈ।
ਲੁਧਿਆਣਾ 20 ਸਤੰਬਰ 2024- ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਅੱਜ 72 ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਤਿੰਨ ਰੋਜ਼ਾ ਖੇਤਰੀ ਵਰਕਸ਼ਾਪ ਸਮਾਪਤ ਹੋ ਗਈ। ਇਸ ਵਰਕਸ਼ਾਪ ਵਿੱਚ ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ, ਜ਼ੋਨ 1 ਨਾਲ ਸਬੰਧਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 90 ਤੋਂ ਵੱਧ ਡੈਲੀਗੇਸ਼ਨ ਮੈਂਬਰਾਂ ਨੇ ਭਾਗ ਲਿਆ। ਇਸ ਦੌਰਾਨ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਾਲ ਦੇ ਟੀਚਿਆਂ ਬਾਰੇ ਚਰਚਾ ਕੀਤੀ ਗਈ। ਡਾ: ਪਰਵਿੰਦਰ ਸ਼ੈਰਨ, ਡਾਇਰੈਕਟਰ, ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ, ਜ਼ੋਨ 1 ਨੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ ਅਤੇ ਵਰਕਸ਼ਾਪ ਦੇ ਮੁੱਖ ਨੁਕਤਿਆਂ 'ਤੇ ਚਰਚਾ ਕੀਤੀ।
ਡਾ: ਸੰਜੇ ਕੁਮਾਰ, ਚੇਅਰਮੈਨ, ਖੇਤੀਬਾੜੀ ਵਿਗਿਆਨੀ ਭਰਤੀ ਬੋਰਡ, ਨਵੀਂ ਦਿੱਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕੀਤੇ ਜਾ ਰਹੇ ਨਿਵੇਕਲੇ ਕਾਰਜਾਂ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਰਾਹੀਂ ਕਿਸਾਨਾਂ ਤੱਕ ਨਵੀਂ ਮਸ਼ੀਨਰੀ, ਉਪਕਰਨ ਅਤੇ ਤਕਨੀਕਾਂ ਪਹੁੰਚ ਰਹੀਆਂ ਹਨ ਜਿਸ ਨਾਲ ਉਤਪਾਦਨ ਅਤੇ ਆਮਦਨ ਵਿੱਚ ਵਾਧਾ ਹੋ ਰਿਹਾ ਹੈ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਊਧਮ ਸਿੰਘ ਗੌਤਮ ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਸਾਨੂੰ ਵਿਸਤਾਰ ਗਤੀਵਿਧੀਆਂ ਵਿੱਚ ਵਿਕਸਤ ਭਾਰਤ @2047 ਦੇ ਸੰਕਲਪ ਨੂੰ ਧਿਆਨ ਵਿੱਚ ਰੱਖ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਖੁਰਾਕ ਸੁਰੱਖਿਆ ਅਤੇ ਖੋਜ ਵਿੱਚ ਸੁਧਾਰ ਕਰਨ ਵਿੱਚ ਬਹੁਤ ਸਹਾਈ ਹੁੰਦੇ ਹਨ। ਇਨ੍ਹਾਂ ਕੇਂਦਰਾਂ ਰਾਹੀਂ ਹੀ ਸਰਕਾਰੀ ਸਕੀਮਾਂ ਜ਼ਮੀਨੀ ਪੱਧਰ ਤੱਕ ਪਹੁੰਚ ਰਹੀਆਂ ਹਨ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਇਨ੍ਹਾਂ ਕੇਂਦਰਾਂ ਰਾਹੀਂ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਜੋੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਿਆਰੀ ਉਤਪਾਦ ਅਤੇ ਬਿਹਤਰ ਮੰਡੀਕਰਨ ਕਿਸਾਨਾਂ ਲਈ ਨਵੇਂ ਮੌਕੇ ਪੈਦਾ ਕਰ ਸਕਦਾ ਹੈ। ਇਸ ਮੌਕੇ ਡਾ: ਮੱਖਣ ਸਿੰਘ ਭੁੱਲਰ, ਡਾਇਰੈਕਟਰ ਪਸਾਰ ਸਿੱਖਿਆ, ਪੀਏਯੂ ਵੀ ਹਾਜ਼ਰ ਸਨ।
ਸਮਾਪਤੀ ਸਮਾਰੋਹ ਦੌਰਾਨ ਵੱਖ-ਵੱਖ ਵਿਗਿਆਨੀਆਂ ਵੱਲੋਂ ਲਿਖੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਕੇਵੀਕੇ ਜਲੰਧਰ ਨੂੰ ਸਰਵੋਤਮ ਕੇਂਦਰ ਦਾ ਸਨਮਾਨ ਮਿਲਿਆ। ਸਮਗਰਾ ਚੈਲੈਂਟ ਟਰਾਫੀ ਅਤੇ ਇੱਕ ਲੱਖ ਦਾ ਇਨਾਮ ਡਾਇਰੈਕਟੋਰੇਟ ਆਫ ਐਕਸਟੈਨਸ਼ਨ ਐਜੂਕੇਸ਼ਨ, ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ, ਜੰਮੂ ਨੂੰ ਦਿੱਤਾ ਗਿਆ। ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਜੰਮੂ ਖੇਤਰ ਦੇ ਕੇਵੀਕੇ ਰਿਆਸੀ, ਕਸ਼ਮੀਰ ਦੇ ਕੇਵੀਕੇ ਪੁਲਵਾਮਾ, ਪੰਜਾਬ ਦੇ ਕੇਵੀਕੇ ਤਰਨਤਾਰਨ ਅਤੇ ਸੰਗਰੂਰ, ਹਿਮਾਚਲ ਪ੍ਰਦੇਸ਼ ਦੇ ਕੇਵੀਕੇ ਸੋਲਨ, ਉੱਤਰਾਖੰਡ ਦੇ ਕੇਵੀਕੇ ਹਰਿਦੁਆਰ ਨੂੰ ਸਰਵੋਤਮ ਕੇਂਦਰ ਦਾ ਪੁਰਸਕਾਰ ਮਿਲਿਆ। ਸਰਵੋਤਮ ਪੇਸ਼ਕਾਰੀ ਦੇ ਇਨਾਮ ਵੀ ਦਿੱਤੇ ਗਏ।
ਵਰਕਸ਼ਾਪ ਦੌਰਾਨ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਸਬੰਧੀ ਵੱਖ-ਵੱਖ ਸੈਸ਼ਨਾਂ ਵਿੱਚ ਬਹੁਤ ਹੀ ਮਹੱਤਵਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦਾ ਭਾਗੀਦਾਰਾਂ ਨੇ ਭਰਪੂਰ ਲਾਭ ਉਠਾਇਆ। ਡਾ: ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪ੍ਰਬੰਧਕੀ ਸਕੱਤਰ ਨੇ ਵਰਕਸ਼ਾਪ ਨੂੰ ਸਫਲ ਬਣਾਉਣ ਲਈ ਪਤਵੰਤਿਆਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
