
ਵੈਟਨਰੀ ਯੂਨੀਵਰਸਿਟੀ ਸੰਘਣੀ ਜਲਜੀਵ ਖੇਤੀ ਤਕਨਾਲੋਜੀ ਵਿੱਚ ਖੇਤਰ ਦੀ ਆਗੂ ਸੰਸਥਾ
ਲੁਧਿਆਣਾ 02 ਸਤੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਾਤਾਵਰਣ ਤਬਦੀਲੀਆਂ ਦੌਰਾਨ ਜਲਜੀਵ ਪਾਲਣ ਦੇ ਖੇਤਰ ਵਿਚ ਇਕਸੁਰਤਾ ਬਨਾਉਣ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ, ਭਾਰਤ ਸਰਕਾਰ ਤੋਂ ਵਿਤੀ ਸਹਾਇਤਾ ਪ੍ਰਾਪਤ ਇਕ ‘ਸਮਰੱਥਾ ਉਸਾਰੀ ਸਾਧਨ ਕੇਂਦਰ’ ਸਥਾਪਿਤ ਕੀਤਾ ਹੈ।
ਲੁਧਿਆਣਾ 02 ਸਤੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਵਾਤਾਵਰਣ ਤਬਦੀਲੀਆਂ ਦੌਰਾਨ ਜਲਜੀਵ ਪਾਲਣ ਦੇ ਖੇਤਰ ਵਿਚ ਇਕਸੁਰਤਾ ਬਨਾਉਣ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ, ਭਾਰਤ ਸਰਕਾਰ ਤੋਂ ਵਿਤੀ ਸਹਾਇਤਾ ਪ੍ਰਾਪਤ ਇਕ ‘ਸਮਰੱਥਾ ਉਸਾਰੀ ਸਾਧਨ ਕੇਂਦਰ’ ਸਥਾਪਿਤ ਕੀਤਾ ਹੈ। ਇਸ ਕੇਂਦਰ ਵਿਚ ਬਾਇਓਫਲਾਕ ਵਿਧੀ ਅਤੇ ਰੀਸਰਕੁਲੇਟਰੀ ਐਕੁਆਕਲਚਰਲ ਢਾਂਚੇ ਰਾਹੀਂ ਮੱਛੀ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਹ ਕੇਂਦਰ 1.39 ਕਰੋੜ ਦੇ ਬਜਟ ਨਾਲ ਤਿਆਰ ਕੀਤਾ ਗਿਆ ਹੈ ਅਤੇ ਉਤਰੀ ਭਾਰਤ ਵਿਚ ਇਸ ਕਿਸਮ ਦਾ ਪਹਿਲਾ ਹੈ। ਇਸ ਕੇਂਦਰ ਰਾਹੀਂ ਮੱਛੀ ਪਾਲਣ ਦੇ ਖੇਤਰ ਵਿਚ ਟਿਕਾਊ ਅਤੇ ਕਿਫ਼ਾਇਤੀ ਵਿਕਾਸ ਲਈ ਮੱਛੀ ਪਾਲਕਾਂ, ਚਾਹਵਾਨ ਉਦਮੀਆਂ, ਸੰਬੰਧਿਤ ਅਧਿਕਾਰੀਆਂ ਤੇ ਵਿਗਿਆਨੀਆਂ ਦੀਆਂ ਲੋੜਾਂ ਨੂੰ ਪੂਰਿਆਂ ਕੀਤਾ ਜਾਏਗਾ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਅਜਿਹੀਆਂ ਤਕਨਾਲੋਜੀਆਂ ਨਾਲ ਪਾਣੀ ਅਤੇ ਭੂਮੀ ਦੀ ਜ਼ਰੂਰਤ ਸਿਰਫ 10 ਤੋਂ 15 ਪ੍ਰਤੀਸ਼ਤ ਰਹਿ ਜਾਂਦੀ ਹੈ ਅਤੇ ਤਲਾਬਾਂ ਦੇ ਮੁਕਾਬਲੇ ਉਤਪਾਦਨ 8 ਤੋਂ 10 ਗੁਣਾਂ ਵਧ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਵਾਤਾਵਰਣ ਤਬਦੀਲੀਆਂ ਨੂੰ ਵੀ ਨਜਿੱਠਿਆ ਜਾ ਸਕਦਾ ਹੈ। ਪਿਛਲੇ ਇਕ ਸਾਲ ਵਿਚ ਇਸ ਕੇਂਦਰ ਰਾਹੀਂ 190 ਕਿਸਾਨਾਂ, ਮੱਛੀ ਪਾਲਣ ਅਧਿਕਾਰੀਆਂ, ਉਦਮੀਆਂ ਅਤੇ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ। ਗੁਆਂਢੀ ਸੂਬਿਆਂ ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਮੱਧ ਪ੍ਰਦੇਸ਼ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨਾਲ ਸੰਬੰਧਿਤ ਭਾਈਵਾਲ ਧਿਰਾਂ ਨੂੰ ਵੀ ਸਿਖਲਾਈ ਲਈ ਸੱਦਿਆ ਗਿਆ ਹੈ।
ਇਸੇ ਯਤਨ ਨੂੰ ਅੱਗੇ ਵਧਾਉਂਦਿਆਂ 22 ਉਦਮੀਆਂ ਨੂੰ ਕੈਂਪਸ ਤੋਂ ਬਾਹਰ ਪ੍ਰਦਰਸ਼ਨੀਆਂ ਅਤੇ ਤਕਨੀਕੀ ਗਿਆਨ ਦੇ ਕੇ ਇਸ ਵਿਧੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਬਾਂਹ ਫੜੀ ਹੈ। ਪੰਗਾਸ ਕੈਟਫਿਸ਼ ਤੋਂ ਇਲਾਵਾ ਸਿੰਘੀ ਅਤੇ ਕਲਾਈਂਬਿੰਗ ਪਰਕ ਕਿਸਮਾਂ ਨੂੰ ਵੀ ਭਵਿੱਖੀ ਤੌਰ ’ਤੇ ਪਾਲਣ ਵਾਸਤੇ ਪਰਖਿਆ ਜਾ ਰਿਹਾ ਹੈ। ਮੁਲਕ ਦੇ ਉਤਰ-ਪੱਛਮੀ ਖੇਤਰ ਵਿਚ ਅਜਿਹੇ ਕੇਂਦਰ ਸਥਾਪਿਤ ਕੀਤੇ ਗਏ ਹਨ ਪਰ ਉਨ੍ਹਾਂ ਰਾਹੀਂ ਸਿਖਲਾਈ ਦੇਣ ਦੀ ਵਿਵਸਥਾ ਨਹੀਂ ਹੈ। ਇਸ ਲਿਹਾਜ ਨਾਲ ਵੈਟਨਰੀ ਯੂਨੀਵਰਸਿਟੀ ਦਾ ਇਹ ਕੇਂਦਰ ਖੋਜ ਅਤੇ ਵਿਕਾਸ ਤੇ ਸਮਰੱਥਾ ਉਸਾਰੀ ਅਧੀਨ ਇਕ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈ।
