ਵੈਟਨਰੀ ਯੂਨੀਵਰਸਿਟੀ ਅਤੇ ਦਯਾਨੰਦ ਮੈਡੀਕਲ ਕਾਲਜ ਰੱਖਣਗੇ ਬੁੱਚੜਖਾਨਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ’ਤੇ ਨਿਗਰਾਨੀ

ਲੁਧਿਆਣਾ 09 ਅਗਸਤ 2024:- ਮਨੁੱਖ, ਪਸ਼ੂ ਅਤੇ ਵਾਤਾਵਰਣ ਸਿਹਤ ਨੂੰ ਸਾਂਝੇ ਅਧਾਰ ’ਤੇ ਲੈਂਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਇਕ ਪ੍ਰਾਜੈਕਟ ਪ੍ਰਾਪਤ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ‘ਇਕ ਸਿਹਤ’ ਦੇ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਬੁੱਚੜਖਾਨਿਆਂ ਰਾਹੀਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਰੋਗਾਣੂਆਂ ’ਤੇ ਨਿਗਰਾਨੀ ਰੱਖੀ ਜਾਏਗੀ।

ਲੁਧਿਆਣਾ 09 ਅਗਸਤ 2024:- ਮਨੁੱਖ, ਪਸ਼ੂ ਅਤੇ ਵਾਤਾਵਰਣ ਸਿਹਤ ਨੂੰ ਸਾਂਝੇ ਅਧਾਰ ’ਤੇ ਲੈਂਦਿਆਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਇਕ ਪ੍ਰਾਜੈਕਟ ਪ੍ਰਾਪਤ ਕੀਤਾ ਹੈ। ਇਸ ਪ੍ਰਾਜੈਕਟ ਤਹਿਤ ‘ਇਕ ਸਿਹਤ’ ਦੇ ਮੁੱਦੇ ਨੂੰ ਧਿਆਨ ਵਿਚ ਰੱਖਦੇ ਹੋਏ ਬੁੱਚੜਖਾਨਿਆਂ ਰਾਹੀਂ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਰੋਗਾਣੂਆਂ ’ਤੇ ਨਿਗਰਾਨੀ ਰੱਖੀ ਜਾਏਗੀ। ਇਸ ਸੰਬੰਧੀ ਮੀਟਿੰਗ ਭਾਰਤੀ ਮੈਡੀਕਲ ਖੋਜ ਪਰਿਸ਼ਦ, ਨਵੀਂ ਦਿੱਲੀ ਵਿਖੇ ਹੋਈ। ਇਸ ਮੀਟਿੰਗ ਨੂੰ ਡਾ. ਰਾਜੀਵ ਬਹਿਲ, ਸਕੱਤਰ ਸਿਹਤ ਖੋਜ ਵਿਭਾਗ ਅਤੇ ਨਿਰਦੇਸ਼ਕ, ਭਾਰਤੀ ਮੈਡੀਕਲ ਖੋਜ ਪਰਿਸ਼ਦ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਅਤੇ ਪਸ਼ੂ ਸਿਹਤ ਨੂੰ ਇਕ ਮੰਚ ’ਤੇ ਵਿਚਾਰਨ ਵਾਲੇ ਪਸ਼ੂ ਅਤੇ ਮਨੁੱਖੀ ਸਿਹਤ ਦੇ ਪੇਸ਼ੇਵਰਾਂ ਦੀ ਬਹੁਤ ਲੋੜ ਹੈ ਜੋ ਕਿ ਇਨ੍ਹਾਂ ਬਿਮਾਰੀਆਂ ਦੀ ਤੇਜ਼ੀ ਨਾਲ ਪਛਾਣ ਕਰ ਸਕਣ। ਇਸ ਮੌਕੇ ਡਾ. ਸਿੰਦੂਰਾ ਗਣਪਤੀ, ਪ੍ਰਮੁੱਖ ਵਿਗਿਆਨਕ ਸਲਾਹਕਾਰ ਦਫ਼ਤਰ, ਭਾਰਤ ਸਰਕਾਰ ਅਤੇ ਡਾ. ਰਾਘਵੇਂਦਰ ਭੱਟਾ, ਉਪ-ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਵੀ ਸੰਬੋਧਨ ਕੀਤਾ।
          ਵੈਟਨਰੀ ਯੂਨੀਵਰਸਿਟੀ ਤੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਜਸਬੀਰ ਸਿੰਘ ਬੇਦੀ ਅਤੇ ਡਾ. ਪੰਕਜ ਢਾਕਾ ਜਦਕਿ ਦਯਾਨੰਦ ਮੈਡੀਕਲ ਕਾਲਜ ਤੋਂ ਡਾ. ਵੀਨੂ ਗੁਪਤਾ, ਡਾ. ਰਾਜੇਸ਼ ਮਹਾਜਨ, ਡਾ. ਮਨੀਸ਼ਾ ਅਗਰਵਾਲ ਸ਼ਾਮਿਲ ਹੋਏ। ਡਾ. ਗਿੱਲ ਨੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਤਹਿਤ ਪੰਜਾਬ ਦੇ ਬੁੱਚੜਖਾਨਿਆਂ ਦੀ ਸਾਫ ਸਫਾਈ ਅਤੇ ਕਾਮਿਆਂ ਦੀ ਭਲਾਈ ਬਾਰੇ ਕਈ ਗੱਲਾਂ ਵਿਚਾਰੀਆਂ ਜਾਣਗੀਆਂ। ਡਾ. ਜਸਬੀਰ ਸਿੰਘ ਬੇਦੀ ਅਤੇ ਡਾ. ਵੀਨੂ ਗੁਪਤਾ ਨੇ ਪੰਜਾਬ ਵਿਚ ਇਸ ਪ੍ਰਾਜੈਕਟ ਨੂੰ ਕਾਰਜਸ਼ੀਲ ਕਰਨ ਲਈ ਸਾਰੀ ਰੂਪ-ਰੇਖਾ ਦੱਸੀ ਅਤੇ ਸੰਭਾਵਿਤ ਨਤੀਜਿਆਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੁੱਚੜਖਾਨਿਆਂ ਦੇ ਕਾਮਿਆਂ ਨੂੰ ਸਿਖਲਾਈ ਦੇ ਮਾਧਿਅਮ ਰਾਹੀਂ ਵਿਗਿਆਨਕ ਵਿਧੀਆਂ ਬਾਰੇ ਦੱਸਿਆ ਜਾਏਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਰੀ ਖੋਜ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਮੀਟ ਦੀ ਸੁਰੱਖਿਆ ਅਤੇ ਸਾਫ ਸੁਥਰੇ ਉਤਪਾਦਨ ਨੂੰ ਇਸ ਪ੍ਰਾਜੈਕਟ ਨਾਲ ਵਧਾਵਾ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜਨਤਕ ਸਿਹਤ ਦੀ ਸੰਭਾਲ ਲਈ ਅਤੇ ‘ਇਕ ਸਿਹਤ’ ਦੇ ਵਿਸ਼ੇ ’ਤੇ ਕੰਮ ਕਰਨ ਲਈ ਇਹ ਪ੍ਰਾਜੈਕਟ ਬੜਾ ਅਹਿਮ ਸਾਬਿਤ ਹੋਏਗਾ।