ਫਰਾਂਸ ਦੇ ਦੂਤ ਨੇ ਵੈਟਨਰੀ ਯੂਨੀਵਰਸਿਟੀ ਨਾਲ ਦੁਵੱਲੀ ਵਿਗਿਆਨਕ ਭਾਈਵਾਲੀ ਲਈ ਵਿਖਾਇਆ ਉਤਸ਼ਾਹ

ਲੁਧਿਆਣਾ 06 ਅਗਸਤ 2024:- ਫਰਾਂਸ ਦੇ ਭਾਰਤ ਵਿਖੇ ਦੂਤਾਵਾਸ ਦੇ ਦੂਤ ਡਾ. ਰਾਬੋਈਸਨ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਉਪ-ਕੁਲਪਤੀ, ਡਾ. ਇੰਦਰਜੀਤ ਸਿੰਘ ਅਤੇ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁਵੱਲੇ ਵਿਗਿਆਨਕ ਸਹਿਯੋਗ ਲਈ ਉਤਸ਼ਾਹ ਵਿਖਾਇਆ। ਇਸ ਮੀਟਿੰਗ ਵਿਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਸ ਸੰਬੰਧੀ ਖੋਜ ਤੇ ਅਕਾਦਮਿਕ ਭਾਈਵਾਲੀ ਨੂੰ ਦੋਵਾਂ ਮੁਲਕਾਂ ਵਿਚ ਵਧਾਉਣ ਲਈ ਵਿਚਾਰ ਚਰਚਾ ਕੀਤੀ ਗਈ।

ਡਾ. ਰਾਬੋਈਸਨ ਨੇ ਉਨਤ ਖੋਜ ਨੂੰ ਉਤਸ਼ਾਹਿਤ ਕਰਨ ਸੰਬੰਧੀ ਭਾਰਤ-ਫਰਾਂਸ ਕੇਂਦਰ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਦੀ ਭੂਮਿਕਾ ਸਪੱਸ਼ਟ ਕੀਤੀ। ਉਨ੍ਹਾਂ ਨੇ ਉਨ੍ਹਾਂ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ ਜਿਨ੍ਹਾਂ ਨਾਲ ਦੁਵੱਲੀ ਵਿਗਿਆਨਕ ਖੋਜ ਵਧਾਈ ਜਾ ਸਕਦੀ ਹੈ ਅਤੇ ਅਕਾਦਮਿਕ ਪੱਧਰ ’ਤੇ ਦੋਵਾਂ ਮੁਲਕਾਂ ਵਿਚ ਵਟਾਂਦਰਾ ਕੀਤਾ ਜਾ ਸਕਦਾ ਹੈ। ਖੋਜ ਵਿਦਿਆਰਥੀਆਂ ਲਈ ਰਮਨ-ਚਰਪਕ ਵਜ਼ੀਫ਼ੇ ਦੇ ਮਹੱਤਵਪੂਰਨ ਪਹਿਲੂ ਅਤੇ ਸਾਇੰਸ ਅਤੇ ਤਕਨਾਲੋਜੀ ਵਿਭਾਗ ਵੱਲੋਂ ਸੂਚਨਾ ਅਤੇ ਸੰਚਾਰ ਤਕਨਾਲੋਜੀ ਸੰਬੰਧੀ ਕੀਤੇ ਜਾ ਰਹੇ ਸਹਿਯੋਗ ਬਾਰੇ ਵੀ ਚਰਚਾ ਹੋਈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਨੂੰ ਇਕ ਸਿਹਤ ਉਪਰਾਲਿਆਂ, ਲਾਗ ਵਾਲੀਆਂ ਬਿਮਾਰੀਆਂ ਅਤੇ ਮਸਨੂਈ ਬੁੱਧੀ ਵਰਗੇ ਵਿਸ਼ਿਆਂ ’ਤੇ ਕੰਮ ਕਰਨਾ ਲੋੜੀਂਦਾ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੇ ਉਤਮ ਬੁਨਿਆਦੀ ਢਾਂਚੇ ਅਤੇ ਵਿਭਿੰਨ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਸੀਂ ਕਈ ਪੱਖਾਂ ਤੋਂ ਫਰਾਂਸ ਨਾਲ ਭਵਿੱਖ ਵਿਚ ਸਹਿਯੋਗ ਕਰ ਸਕਦੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਕ ਦੂਸਰੇ ਮੁਲਕ ਵਿਚ ਸਿੱਖਿਅਤ ਕਰਨ ਲਈ ਅਤੇ ਵਿਗਿਆਨਕ ਭਾਈਵਾਲੀ ਵਧਾਉਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਖੋਜ ਰਾਸ਼ੀ ਵੀ ਵਧਾਉਣੀ ਚਾਹੀਦੀ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਦੱਸਿਆ ਕਿ ਸੰਸਥਾ ਵੱਲੋਂ ਫਰੈਂਚ ਨੈਸ਼ਨਲ ਰਿਸਰਚ ਇੰਸਟੀਚਿਊਟ ਫਾਰ ਸਸਟੇਨੇੇਬਲ ਡਿਵੈਲਪਮੈਂਟ ਨਾਲ ਮਿਲ ਕੇ ਇਕ ਬਿਮਾਰੀਆਂ ਸੰਬੰਧੀ ਅਧਿਐਨ ਕੀਤਾ ਜਾ ਰਿਹਾ ਹੈ ਜਿਸ ਬਾਰੇ ਦਯਾਨੰਦ ਮੈਡੀਕਲ ਕਾਲਜ, ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਪ੍ਰਸੰਸਾ ਕੀਤੀ।ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ ਮਨੁੱਖੀ ਸਾਧਨ ਪ੍ਰਬੰਧ ਨਿਰਦੇਸ਼ਾਲਾ ਅਤੇ ਪ੍ਰਾਜੈਕਟ ਦੇ ਮੁੱਖ ਨਿਰੀਖਕ ਨੇ ਕਿਹਾ ਕਿ ਸਾਰੀ ਚਰਚਾ ਬਹੁਤ ਪ੍ਰਭਾਵਸ਼ਾਲੀ ਅਤੇ ਲਾਭਕਾਰੀ ਰਹੀ।ਡਾ. ਰਾਬੋਈਸਨ ਨੂੰ ਯੂਨੀਵਰਸਿਟੀ ਦਾ ਪਸ਼ੂ ਹਸਪਤਾਲ ਅਤੇ ਵਿਭਿੰਨ ਸਹੂਲਤਾਂ ਵਿਖਾਈਆਂ ਗਈਆਂ। ਉਨ੍ਹਾਂ ਨੂੰ ਪਸ਼ੂਧਨ ਫਾਰਮ, ਸੈਂਟਰ ਫਾਰ ਵਨ ਹੈਲਥ ਅਤੇ ਐਨੀਮਲ ਬਾਇਓਤਕਨਾਲੋਜੀ ਕਾਲਜ ਦਾ ਦੌਰਾ ਵੀ ਕਰਵਾਇਆ ਗਿਆ ਜਿਸ ਦੀ ਉਨ੍ਹਾਂ ਨੇ ਬਹੁਤ ਸਰਾਹਨਾ ਕੀਤੀ।