
ਝੀਂਗਾ ਪਾਲਣ ਨੇ ਮੁਨਾਫ਼ਾ ਰਹਿਤ ਭੂਮੀ ਨੂੰ ਬਦਲਿਆ ਲੱਖਾਂ ਦੇ ਮੁਨਾਫ਼ੇ ਵਾਲੀ ਧਰਤੀ ਵਿਚ
ਲੁਧਿਆਣਾ 01 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਖੋਜ ਅਤੇ ਵਿਕਾਸ ਪਹਿਲਕਦਮੀ ਨਾਲ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਦੀ ਖਾਰੇ ਪਾਣੀ ਵਾਲੀ ਭੂਮੀ ਨੂੰ ਜਲਜੀਵ ਪਾਲਣ ਦੇ ਮੁਨਾਫ਼ੇਵੰਦ ਕਿੱਤੇ ਵਾਲੀ ਧਰਤ ਵਿਚ ਬਦਲ ਦਿੱਤਾ ਹੈ। ਇਹ ਜਾਣਕਾਰੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਂਝਿਆਂ ਕਰਦਿਆਂ ਕਿਹਾ ਕਿ ਇਸ ਭੂਮੀ ’ਤੇ ਝੀਂਗਾ ਪਾਲਣ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 50,000 ਤੋਂ 5 ਲੱਖ ਤਕ ਫਾਇਦਾ ਹੋ ਰਿਹਾ ਹੈ।
ਲੁਧਿਆਣਾ 01 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਖੋਜ ਅਤੇ ਵਿਕਾਸ ਪਹਿਲਕਦਮੀ ਨਾਲ ਪੰਜਾਬ ਦੇ ਦੱਖਣ-ਪੱਛਮੀ ਜ਼ਿਲ੍ਹਿਆਂ ਦੀ ਖਾਰੇ ਪਾਣੀ ਵਾਲੀ ਭੂਮੀ ਨੂੰ ਜਲਜੀਵ ਪਾਲਣ ਦੇ ਮੁਨਾਫ਼ੇਵੰਦ ਕਿੱਤੇ ਵਾਲੀ ਧਰਤ ਵਿਚ ਬਦਲ ਦਿੱਤਾ ਹੈ। ਇਹ ਜਾਣਕਾਰੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸਾਂਝਿਆਂ ਕਰਦਿਆਂ ਕਿਹਾ ਕਿ ਇਸ ਭੂਮੀ ’ਤੇ ਝੀਂਗਾ ਪਾਲਣ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ 50,000 ਤੋਂ 5 ਲੱਖ ਤਕ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਅਤੇ ਫਰੀਦਕੋਟ ਜ਼ਿਲ੍ਹਿਆਂ ਦੇ ਬਹੁਤ ਸਾਰੇ ਖੇਤਰ ਸੇਮ ਅਤੇ ਖਾਰੇ ਪਾਣੀ ਨਾਲ ਪ੍ਰਭਾਵਿਤ ਹੋ ਗਏ ਅਤੇ ਇਨ੍ਹਾਂ ਜ਼ਮੀਨਾਂ ਦੇ ਮਾਲਕਾਂ ਨੂੰ ਆਪਣੀ ਜ਼ਮੀਨ ਛੱਡ ਕੇ ਇਕ ਦਿਹਾੜੀਦਾਰ ਦੇ ਤੌਰ ’ਤੇ ਕੰਮ ਕਰਨ ਦੀ ਨੌਬਤ ਆ ਗਈ। ਅਜਿਹੀ ਭੂਮੀ ਵਿਚ ਝੀਂਗਾ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ। ਇਸ ਸੋਚ ਨੂੰ ਮੱਦੇਨਜਰ ਰੱਖਦਿਆਂ ਪਿੰਡ ਸ਼ਜਰਾਣਾ ਅਤੇ ਪੰਚਾਂਵਾਲੀ ਵਿਖੇ ਝੀਂਗਾ ਪਾਲਣ ਦੇ ਸਫਲ ਪ੍ਰਯੋਗ ਕੀਤੇ ਗਏ। ਇਸ ਸਫਲਤਾ ਨੂੰ ਵੇਖਦੇ ਹੋਏ ਪਿੰਡ ਰੱਤਾ ਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੈਟਨਰੀ ਯੂਨੀਵਰਸਿਟੀ ਅਤੇ ਕੇਂਦਰੀ ਮੱਛੀ ਪਾਲਣ ਸਿੱਖਿਆ ਸੰਸਥਾ ਹਰਿਆਣਾ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਪ੍ਰਾਯੋਜਿਤ ਝੀਂਗਾ ਪਾਲਣ ਪ੍ਰਦਰਸ਼ਨੀ ਲਗਾਈ ਗਈ। ਯੂਨੀਵਰਸਿਟੀ ਅਤੇ ਮੱਛੀ ਪਾਲਣ ਵਿਭਾਗ ਪੰਜਾਬ ਦੇ ਸਰਗਰਮ ਯਤਨਾਂ ਨਾਲ ਝੀਂਗਾ ਪਾਲਣ ਸੰਬੰਧੀ 2014 ਵਿਚ ਸ਼ੁਰੂ ਕੀਤਾ ਇਕ ਏਕੜ ਰਕਬਾ 2023 ਵਿਚ 1315 ਏਕੜ ਰਕਬੇ ਤੱਕ ਪਹੁੰਚ ਗਿਆ।
ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪਿਛਲੇ 10 ਸਾਲ ਦੌਰਾਨ ਮੁਹੱਈਆ ਕੀਤੀਆਂ ਸੇਵਾਵਾਂ ਜਿਵੇਂ ਬੱਚ ਨਿਰੀਖਣ, ਤਕਨੀਕੀ ਗਿਆਨ, ਬਿਮਾਰੀ ਦੀ ਨਿਗਰਾਨੀ ਤੇ ਨਿਰੀਖਣ ਅਤੇ ਸਮਰੱਥਾ ਉਸਾਰੀ ਨਾਲ ਇਕ ਮੁਸੀਬਤ ਭਰਪੂਰ ਚੁਣੌਤੀ ਖੁਸ਼ਹਾਲੀ ਵਾਲੇ ਉਦਮ ਵਿਚ ਬਦਲ ਗਈ ਹੈ। ਪਿਛਲੇ ਪੰਜ ਸਾਲ ਦੌਰਾਨ ਯੂਨੀਵਰਸਿਟੀ ਨੇ ਝੀਂਗਾ ਪਾਲਕਾਂ ਦੇ ਲਗਭਗ 1500 ਪਾਣੀ ਦੇ ਨਮੂਨੇ ਅਤੇ 2500 ਝੀਂਗਾ ਨਮੂਨਿਆਂ ਦੀ ਜਾਂਚ ਕੀਤੀ ਹੈ ਅਤੇ 300 ਦੇ ਕਰੀਬ ਕਿਸਾਨਾਂ ਨੂੰ ਸਿਖਲਾਈ ਦਿੱਤੀ ਹੈ।
ਯੂਨੀਵਰਸਿਟੀ, ਨੌਜਵਾਨਾਂ ਵਿਚ ਉਦਮੀਪਨ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਜਿਸ ਵਿਚ ਪੜਾਅਵਾਰ ਝੀਂਗਾ ਪਾਲਣ ਤੋਂ ਲੈ ਕੇ ਮੰਡੀਕਾਰੀ ਤਕ ਸਿੱਖਿਅਤ ਕੀਤਾ ਜਾ ਰਿਹਾ ਹੈ। ਲਾਗਤ ਕੀਮਤ ਨੂੰ ਘਟਾਉਣ, ਜੈਵਿਕ ਸੁਰੱਖਿਆ ਨੂੰ ਬਿਹਤਰ ਕਰਨ ਅਤੇ ਮੁਨਾਫ਼ੇ ਨੂੰ ਵਧਾਉਣ ਸੰਬੰਧੀ ਨੀਤੀਆਂ ’ਤੇ ਲਗਾਤਾਰ ਕੰਮ ਚੱਲ ਰਿਹਾ ਹੈ। ਯੋਜਨਾਵਾਂ ਦਾ ਲਾਭ ਲੈਂਦੇ ਹੋਏ ਜਿਨ੍ਹਾਂ ਕਿਸਾਨਾਂ ਨੇ ਇਕ ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਨ੍ਹਾਂ ਨੇ ਦੋ ਸਾਲ ਵਿਚ ਹੀ ਇਹ ਰਕਬਾ ਤਿੰਨ ਤੋਂ ਚਾਰ ਏਕੜ ਤਕ ਵਧਾ ਲਿਆ ਹੈ।
ਝੀਂਗਾ ਨਿਰਯਾਤ ਹੋਣ ਵਾਲਾ ਉਤਪਾਦ ਹੈ ਅਤੇ ਭਾਰਤ ਦੁਨੀਆਂ ਦੇ ਪਹਿਲੇ ਦੋ ਬਰਾਮਦਕਾਰਾਂ ਵਿਚ ਆਉਂਦਾ ਹੈ। ਅੰਤਰਰਾਸ਼ਟਰੀ ਗੁਣਵੱਤਾ ਮਿਆਰਾਂ ਨੂੰ ਪੂਰਿਆਂ ਕਰਦੇ ਹੋਏ ਇਸ ਖੇਤਰ ਵਿਚ ਅਜੇ ਬਹੁਤ ਸੰਭਾਵਨਾਵਾਂ ਹਨ। ਪੰਜਾਬ ਦੇ ਸੇਮ ਵਾਲੇ ਇਲਾਕੇ ਵਿਚ ਲਗਭਗ 1.51 ਲੱਖ ਹੈਕਟੇਅਰ ਭੂਮੀ ਪ੍ਰਭਾਵਿਤ ਹੈ। ਜੇਕਰ ਇਸ ਪ੍ਰਭਾਵਿਤ ਖੇਤਰ ਦੇ ਦੋ ਪ੍ਰਤੀਸ਼ਤ ਯਾਨੀ ਤਿੰਨ ਹਜਾਰ ਹੈਕਟੇਅਰ ਨੂੰ ਝੀਂਗਾ ਪਾਲਣ ਅਧੀਨ ਲਿਆਂਦਾ ਜਾਵੇ ਤਾਂ ਪ੍ਰਤੀ ਏਕੜ ਔਸਤ ਉਤਪਾਦਨ ਛੇ ਟਨ ਅਨੁਸਾਰ 18000 ਟਨ ਝੀਂਗਾ ਪੈਦਾ ਕੀਤਾ ਜਾ ਸਕਦਾ ਹੈ। ਇਸ ਦੀ ਮੰਡੀ ਕੀਮਤ 500 ਕਰੋੜ ਦੇ ਕਰੀਬ ਹੋਵੇਗੀ ਅਤੇ ਏਨੇ ਉਤਪਾਦਨ ਨਾਲ 70 ਹਜਾਰ ਲੋਕਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਰੁਜ਼ਗਾਰ ਉਪਲਬਧ ਹੋਵੇਗਾ।
ਝੀਂਗਾ ਪਾਲਣ ਇਕ ਮੁਨਾਫ਼ੇ ਵਾਲਾ ਕਿੱਤਾ ਹੈ, ਜੇ ਸਾਰਾ ਕੁਝ ਅਨੁਕੂਲ ਚਲਦਾ ਰਹੇ ਤਾਂ ਚਾਰ ਮਹੀਨੇ ਵਿਚ ਪ੍ਰਤੀ ਹੈਕਟੇਅਰ ਇਕ ਫ਼ਸਲ ਵਿਚੋਂ 10 ਲੱਖ ਰੁਪਏ ਮੁਨਾਫ਼ਾ ਮਿਲ ਜਾਂਦਾ ਹੈ। ਝੀਂਗਾ ਪਾਲਣ ਮਾਰਚ/ਅਪ੍ਰੈਲ ਤੋਂ ਅਕਤੂਬਰ/ਨਵੰਬਰ ਤਕ 7-8 ਮਹੀਨੇ ਕੀਤਾ ਜਾ ਸਕਦਾ ਹੈ। 15 ਡਿਗਰੀ ਤੋਂ ਘੱਟ ਤਾਪਮਾਨ ਝੀਂਗੇ ਲਈ ਅਨੁਕੂਲ ਨਹੀਂ ਹੈ। ਇਸ ਲਈ ਜ਼ਿਆਦਾ ਠੰਢੇ ਮੌਸਮ ਵਿਚ ਪਾਲਣ ਨਹੀਂ ਕੀਤਾ ਜਾਂਦਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਘਰੇਲੂ ਖ਼ਪਤ ਨੂੰ ਉਤਸ਼ਾਹਿਤ ਕਰਨ, ਉਤਪਾਦਨ ਲਾਗਤ ਘਟਾਉਣ ਅਤੇ ਅੰਤਰਰਾਸ਼ਟਰੀ ਮੰਡੀਕਾਰੀ ਚੁਣੌਤੀਆਂ ਨਾਲ ਨਜਿੱਠਣ ਲਈ ਸੂਬੇ ਦੇ ਸੰਬੰਧਿਤ ਵਿਭਾਗਾਂ ਅਤੇ ਏਜੰਸੀਆਂ ਨੂੰ ਨੀਤੀਆਂ ਬਨਾਉਣੀਆਂ ਲੋੜੀਂਦੀਆਂ ਹਨ। ਸਹੀ ਨੀਤੀਆਂ ਅਤੇ ਵਿਉਂਤ ਨਾਲ ਕੀਤਾ ਕੰਮ ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਬਹੁਤ ਮੁਨਾਫ਼ਾ ਦੇ ਸਕਦਾ ਹੈ।
