ਵੈਟਨਰੀ ਯੂਨੀਵਰਸਿਟੀ ਨੇ ਮੱਧ ਪ੍ਰਦੇਸ਼ ਦੇ ਵੈਟਨਰੀ ਅਧਿਕਾਰੀਆਂ ਨੂੰ ਕੀਤਾ ਸਿੱਖਿਅਤ

ਲੁਧਿਆਣਾ 22 ਜੁਲਾਈ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਮੱਧ ਪ੍ਰਦੇਸ਼ ਸੂਬੇ ਦੇ ਪਸ਼ੂ ਪਾਲਣ ਵਿਭਾਗ ਦੇ 10 ਵੈਟਨਰੀ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਇਹ ਪੰਜ ਦਿਨਾ ਸਿਖਲਾਈ ਪ੍ਰੋਗਰਾਮ ‘ਪ੍ਰਤੀਬਿੰਬ ਅਤੇ ਪ੍ਰਯੋਗਸ਼ਾਲਾ ਤਕਨੀਕਾਂ ਰਾਹੀਂ ਪਸ਼ੂ ਬਿਮਾਰੀਆਂ ਦੇ ਨਿਰੀਖਣ ਸੰਬੰਧੀ ਨਵੇਂ ਰੁਝਾਨ’ ਵਿਸ਼ੇ ’ਤੇ ਕਰਵਾਇਆ ਗਿਆ। ਇਹ ਸਿਖਲਾਈ ਯੂਨੀਵਰਸਿਟੀ ਦੇ ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਵੈਟਨਰੀ ਸਰਜਰੀ ਵਿਭਾਗ ਨੇ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਕਰਵਾਈ।

          ਡਾ. ਨਵਦੀਪ ਸਿੰਘ, ਮੁਖੀ, ਵੈਟਨਰੀ ਸਰਜਰੀ ਵਿਭਾਗ ਨੇ ਦੱਸਿਆ ਕਿ ਪ੍ਰਤੀਭਾਗੀਆਂ ਨੂੰ ਜਿਥੇ ਵਿਹਾਰਕ ਸਿਖਲਾਈ ਦਿੱਤੀ ਗਈ ਉਥੇ ਉਨ੍ਹਾਂ ਨੂੰ ਰੇਡੀਓਗ੍ਰਾਫੀ ਅਤੇ ਅਲਟ੍ਰਾਸੋਨੋਗ੍ਰਾਫੀ ਦੀਆਂ ਪ੍ਰਤੀਬਿੰਬ ਤਕਨੀਕਾਂ ਦੀ ਮੁਹਾਰਤ ਵੀ ਕਰਵਾਈ ਗਈ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਆਉਂਦੇ ਕੇਸਾਂ ਸੰਬੰਧੀ ਵੀ ਉਨ੍ਹਾਂ ਨੂੰ ਪੂਰਨ ਰੂਪ ਵਿਚ ਦੱਸਿਆ ਗਿਆ। ਡਾ. ਮਨਦੀਪ ਸਿੰਘ ਬੱਲ, ਇੰਚਾਰਜ, ਪਸ਼ੂ ਬਿਮਾਰੀ ਖੋਜ ਕੇਂਦਰ ਨੇ ਜਾਣਕਾਰੀ ਦਿੱਤੀ ਕਿ ਪ੍ਰਤੀਭਾਗੀਆਂ ਨੂੰ ਸੂਖਮ ਜੀਵੀ ਅਤੇ ਪਰਜੀਵੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਯੋਗਸ਼ਾਲਾ ਨਿਰੀਖਣ ਬਾਰੇ ਦੱਸਿਆ ਗਿਆ। ਉਨ੍ਹਾਂ ਨੂੰ ਖੂਨ ਅਤੇ ਪਿਸ਼ਾਬ ਦੀ ਪ੍ਰਯੋਗਸ਼ਾਲਾ ਜਾਂਚ ਕਰਕੇ ਬਿਮਾਰੀ ਦਾ ਨਿਰਣਾ ਕਰਨ ਸੰਬੰਧੀ ਵੀ ਜਾਣੂ ਕਰਵਾਇਆ ਗਿਆ। ਕਿਸੇ ਮਹਾਂਮਾਰੀ ਦੇ ਸਮੇਂ ਬਿਮਾਰ ਪਸ਼ੂਆਂ ਦੇ ਨਮੂਨੇ ਲੈਣ ਅਤੇ ਉਸ ਦੀ ਜਾਂਚ ਕਰਨ ਸੰਬੰਧੀ ਵੀ ਪੂਰਨ ਗਿਆਨ ਦਿੱਤਾ ਗਿਆ।
          ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀ ਸਿਖਲਾਈ ਸੰਪੂਰਨ ਹੋਣ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਬਹੁਤ ਉਨਤ ਕਿਸਮ ਦੀਆਂ ਸਹੂਲਤਾਂ ਰੱਖਦੀ ਹੈ ਅਤੇ ਸਾਡੇ ਪਸ਼ੂ ਹਸਪਤਾਲ ਵਿਚ ਬਹੁਤ ਉਤਮ ਕਿਸਮ ਦੀਆਂ ਨਿਰੀਖਣ ਤਕਨੀਕਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਿਖਲਾਈ ਨਾਲ ਪਸ਼ੂ ਇਲਾਜ ਮਾਹਿਰਾਂ ਨੂੰ ਬਿਮਾਰੀ ਦੀ ਛੇਤੀ ਪਛਾਣ ਕਰਨ ਅਤੇ ਇਲਾਜ ਕਰਨ ਵਿਚ ਮਦਦ ਮਿਲਦੀ ਹੈ। ਪ੍ਰਤੀਭਾਗੀਆਂ ਨੇ ਯੂਨੀਵਰਸਿਟੀ ਦੀਆਂ ਨਿਰੀਖਣ ਅਤੇ ਇਲਾਜ ਸਹੂਲਤਾਂ ਦੀ ਪ੍ਰਸੰਸਾ ਕੀਤੀ। ਸਿਖਲਾਈ ਦੇ ਸੰਯੋਜਕ, ਡਾ. ਗੁਰਸਿਮਰਨ ਫੀਲੀਆ, ਡਾ. ਜਸਵਿੰਦਰ ਸਿੰਘ ਅਤੇ ਡਾ. ਜਸਮੀਤ ਖੋਸਾ ਨੇ ਬਹੁਤ ਸੁਚੱਜੇ ਤਰੀਕੇ ਨਾਲ ਇਸ ਨੂੰ ਸੰਪੂਰਨ ਕਰਵਾਇਆ।