
ਸੁਖਬੀਰ ਬਾਦਲ ਤੇ ਬਾਗੀ ਅਕਾਲੀਆਂ ਨੂੰ ਅਕਾਲ ਤਖਤ ’ਤੇ ਤਲਬ ਕਰ ਕੇ ਕੋੜੇ ਮਾਰੇ ਜਾਣ : ਕਰਤਾਰਪੁਰ
ਪਟਿਆਲਾ, 19 ਜੁਲਾਈ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਹੋਰ ਗੁਨਾਹਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਗੀ ਅਕਾਲੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਕੋੜੇ ਮਾਰੇ ਜਾਣੇ ਚਾਹੀਦੇ ਹਨ।
ਪਟਿਆਲਾ, 19 ਜੁਲਾਈ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਹੋਰ ਗੁਨਾਹਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਾਗੀ ਅਕਾਲੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਕੋੜੇ ਮਾਰੇ ਜਾਣੇ ਚਾਹੀਦੇ ਹਨ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਜਦੋਂ ਗਲਤੀ ਹੋਈ ਸੀ ਤਾਂ ਉਹਨਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ’ਤੇ ਉਸ ਵੇਲੇ ਦੇ ਜਥੇਦਾਰ ਸਾਹਿਬ ਨੇ ਪੰਜ ਕੋੜੇ ਮਾਰੇ ਸਨ। ਉਹਨਾਂ ਕਿਹਾ ਕਿ ਮੌਜੂਦਾ ਜਥੇਦਾਰ ਨੂੰ ਵੀ ਇਸੇ ਤਰੀਕੇ ਸੁਖਬੀਰ ਬਾਦਲ ਤੇ ਬਾਗੀ ਅਕਾਲੀਆਂ ਨੂੰ ਗੁਨਾਹਾਂ ਲਈ ਕੋੜੇ ਮਾਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਪਰ ਉਹਨਾਂ ਨੂੰ ਆਸ ਨਹੀਂ ਹੈ ਕਿ ਜਥੇਦਾਰ ਅਜਿਹਾ ਕਰਨਗੇ ਕਿਉਂਕਿ ਉਹ ਤਾਂ ਬਾਦਲ ਪਰਿਵਾਰ ਦੇ ਘਰ ਦੇ ਜਥੇਦਾਰ ਹਨ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਅਸਲ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹਨ ਤੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਹਨ ਜਿਹਨਾਂ ਨੂੰ ਸਰਬੱਤ ਖਾਲਸਾ ਨੇ ਜਥੇਦਾਰ ਥਾਪਿਆ ਹੋਇਆ ਹੈ।
ਉਹਨਾਂ ਦੋਸ਼ ਲਗਾਇਆ ਕਿ ਬਾਦਲਾਂ ਨੇ ਸ਼੍ਰੋਮਣੀ ਕਮੇਟੀ ’ਤੇ ਕਬਜ਼ਾ ਕੀਤਾ ਹੋਇਆ ਹੈ ਅਤੇ 12 ਹਜ਼ਾਰ ਕਰੋੜ ਰੁਪਏ ਦੇ ਬਜਟ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਗੁਰਸਿੱਖੀ ਸਰੂਪ ਵਾਲੇ ਸਾਰੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਜ਼ਰੂਰ ਬਣਵਾਉਣ ਤਾਂ ਜੋ ਅੱਗੇ ਆਉਣ ਵਾਲੀਆਂ ਚੋਣਾਂ ਵਿਚ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ 1970 ਵਿਚ ਅੰਮ੍ਰਿਤ ਛਕਿਆ ਸੀ ਤੇ ਹਮੇਸ਼ਾ ਗੁਰਸਿਖੀ ਜੀਵਨ ਬਤੀਤ ਕੀਤਾ ਹੈ। ਪੰਥ ਤੇ ਪੰਜਾਬ ਦੀ ਖ਼ਾਤਰ ਜੇਲ੍ਹਾਂ ਵੀ ਕੱਟੀਆਂ ਹਨ ਖਾਸ ਤੌਰ ’ਤੇ ਐਮਰਜੰਸੀ ਵੇਲੇ ਵੀ ਜੇਲ੍ਹ ਕੱਟੀ ਸੀ।
ਉਹਨਾਂ ਕਿਹਾ ਕਿ ਹੁਣ ਵੀ ਉਹ ਪੰਥ ਵਾਸਤੇ ਹਮੇਸ਼ਾ ਹਾਜ਼ਰ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਨਹੀਂ ਮਨਾਈ ਜਾਣੀ ਚਾਹੀਦੀ ਕਿਉਂਕਿ ਲੌਂਗੋਵਾਲ ਨੇ ਰਾਜੀਵ ਗਾਂਧੀ ਨਾਲ ਜੋ ਸਮਝੌਤਾ ਕੀਤਾ ਸੀ, ਉਹ ਪੰਜਾਬ ਲਈ ਕਾਲਾ ਦੌਰ ਲਿਆਉਣ ਦਾ ਸਮਝੌਤਾ ਸੀ। ਇਸ ਮੌਕੇ ਸੰਤੋਖ ਸਿੰਘ ਮਵੀਸੱਪਾ, ਸਤਪਾਲ ਸਿੰਘ ਬਲਬੇੜਾ, ਬਲਕਾਰ ਸਿੰਘ ਕਾਨਾਹੇੜੀ, ਹਰਜੀਤ ਸਿੰਘ ਕਾਕੜਾ ਅਤੇ ਪਿਆਰਾ ਸਿੰਘ ਸਮਾਣਾ ਵੀ ਹਾਜ਼ਰ ਸਨ।
