ਮੌਨਸੂਨ ਸਿਰ 'ਤੇ ਪਰ ਹੜ੍ਹਾਂ ਨਾਲ ਨਜਿੱਠਣ ਦੇ ਕੰਮ ਅਜੇ ਵੀ ਅਧੂਰੇ, ਲੋਕਾਂ 'ਚ ਡਰ!

ਪਟਿਆਲਾ, 4 ਜੁਲਾਈ - ਪਿਛਲੇ ਸਾਲ ਇਸੇ ਮਹੀਨੇ ਆਏ ਹੜ੍ਹਾਂ ਦਾ ਸੰਤਾਪ ਭੋਗ ਚੁੱਕੇ ਲੋਕਾਂ ਨੂੰ ਇਸ ਵਾਰ ਵੀ ਹੜ੍ਹਾਂ ਦਾ ਡਰ ਸਤਾਅ ਰਿਹਾ ਹੈ ਕਿਉਂਕਿ ਮੌਨਸੂਨ ਦਸਤਕ ਦੇ ਚੁੱਕਾ ਹੈ ਪਰ ਜਿਸ ਰਫ਼ਤਾਰ ਨਾਲ ਪ੍ਰਸ਼ਾਸਨ ਤੇ ਡ੍ਰੇਨੇਜ ਵਿਭਾਗ ਕਾਰਵਾਈ ਕਰਦਾ ਵਿਖਾਈ ਦੇ ਰਿਹਾ ਹੈ, ਉਸਨੂੰ ਦੇਖਦੇ ਹੋਏ ਵੱਡੀ ਨਦੀ ਦੇ ਨਾਲ ਲਗਦੀਆਂ ਕਲੋਨੀਆਂ ਬਾਬਾ ਦੀਪ ਸਿੰਘ ਨਗਰ, ਗੋਬਿੰਦ ਬਾਗ, ਕੋਹਿਨੂਰ ਐਂਕਲੇਵ ਸਮੇਤ ਅਰਬਨ ਅਸਟੇਟ ਦੇ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਹੋਣਾ ਸੁਭਾਵਕ ਹੈ।

ਪਟਿਆਲਾ, 4 ਜੁਲਾਈ - ਪਿਛਲੇ ਸਾਲ ਇਸੇ ਮਹੀਨੇ ਆਏ ਹੜ੍ਹਾਂ ਦਾ ਸੰਤਾਪ ਭੋਗ ਚੁੱਕੇ ਲੋਕਾਂ ਨੂੰ ਇਸ ਵਾਰ ਵੀ ਹੜ੍ਹਾਂ ਦਾ ਡਰ ਸਤਾਅ ਰਿਹਾ ਹੈ ਕਿਉਂਕਿ ਮੌਨਸੂਨ ਦਸਤਕ ਦੇ ਚੁੱਕਾ ਹੈ ਪਰ ਜਿਸ ਰਫ਼ਤਾਰ ਨਾਲ ਪ੍ਰਸ਼ਾਸਨ ਤੇ ਡ੍ਰੇਨੇਜ ਵਿਭਾਗ  ਕਾਰਵਾਈ ਕਰਦਾ ਵਿਖਾਈ ਦੇ ਰਿਹਾ ਹੈ, ਉਸਨੂੰ ਦੇਖਦੇ ਹੋਏ ਵੱਡੀ ਨਦੀ ਦੇ ਨਾਲ ਲਗਦੀਆਂ ਕਲੋਨੀਆਂ ਬਾਬਾ ਦੀਪ ਸਿੰਘ ਨਗਰ, ਗੋਬਿੰਦ ਬਾਗ, ਕੋਹਿਨੂਰ ਐਂਕਲੇਵ ਸਮੇਤ ਅਰਬਨ ਅਸਟੇਟ ਦੇ ਲੋਕਾਂ ਵਿਚ ਡਰ ਦੀ ਭਾਵਨਾ ਪੈਦਾ ਹੋਣਾ ਸੁਭਾਵਕ ਹੈ। 
ਹੜ੍ਹਾਂ ਨੂੰ ਰੋਕਣ ਲਈ ਪ੍ਰਬੰਧਾਂ ਦੇ ਦਾਅਵੇ ਪਿਛਲੇ ਸਾਲ ਵੀ ਕੀਤੇ ਗਏ ਸਨ ਤੇ ਇਸ ਵਾਰ ਵੀ ਕੀਤੇ ਜਾ ਰਹੇ ਹਨ ਪਰ ਇਨ੍ਹਾਂ ਪ੍ਰਬੰਧਾਂ ਦੀ ਹਕੀਕਤ ਕੁਝ ਹੋਰ ਹੈ। ਦਾਅਵਿਆਂ ਦੇ ਬਾਵਜੂਦ ਵੱਡੀ ਨਦੀ 'ਤੇ ਦੌਲਤਪੁਰ ਬੰਧੇ ਦਾ ਕੰਮ ਅਜੇ ਵੀ ਜਾਰੀ ਹੈ, ਭਾਵੇਂ ਇਸ ਕੰਮ ਨੂੰ ਅਗਲੇ ਕੁਝ ਦਿਨਾਂ ਵਿੱਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਗਿਆ ਹੈ। ਡ੍ਰੇਨੇਜ ਵਿਭਾਗ ਨੇ ਓਲਡ ਬਿਸ਼ਨ ਨਗਰ ਨੇੜੇ ਛੋਟੀ ਨਦੀ 'ਤੇ ਬਣਾਇਆ ਗਿਆ ਆਰਜੀ ਪੁਲ ਤਾਂ ਢਾਹ ਦਿੱਤਾ ਹੈ ਪਰ ਇਸਦਾ ਮਲਬਾ ਤੇ ਮਿੱਟੀ ਉਥੋਂ ਹਟਵਾਉਣ ਦੀ ਖੇਚਲ ਨਹੀਂ ਕੀਤੀ, ਇਹ ਮਲਬਾ ਤੇ ਮਿੱਟੀ ਪਿੱਛੋਂ ਆਉਣ ਵਾਲੇ ਪਾਣੀ ਨੂੰ ਰੋਕਣ ਦਾ ਕਾਰਨ ਬਣ ਸਕਦੀ ਹੈ। ਸੰਭਾਵੀ ਹੜ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਵੱਡੀ ਨਦੀ 'ਤੇ ਬਾਬਾ ਦੀਪ ਸਿੰਘ ਨਗਰ ਨੇੜੇ ਮਿੱਟੀ ਨਾਲ ਭਰੀਆਂ ਨਾਕਾਫੀ ਬੋਰੀਆਂ ਵੇਖੀਆਂ ਗਈਆਂ। ਹੜ੍ਹਾਂ ਸਮੇਂ ਪਾਣੀ ਦੇ ਵਹਾਅ ਨੂੰ ਰੋਕਦੀ ਬੂਟੀ ਵੀ ਵੱਡੀ ਨਦੀ ਵਿੱਚ ਕਈ ਥਾਈਂ ਖੜ੍ਹੀ ਹੈ। ਵਿਰਕ ਕਲੋਨੀ ਨੇੜੇ ਵੱਡੀ ਨਦੀ ਦੇ ਕਿਨਾਰੇ 'ਤੇ ਦੀਵਾਰ ਉਸਾਰਨ ਦਾ ਕੰਮ ਵੀ ਅਜੇ ਜਾਰੀ ਹੈ। ਪਿਛਲੇ ਸਾਲ ਦੇ ਹੜ੍ਹ ਪ੍ਰਭਾਵਿਤ ਇਲਾਕੇ ਬਾਬਾ ਦੀਪ ਸਿੰਘ ਨਗਰ ਦੇ ਅੰਮ੍ਰਿਤਪਾਲ ਸਿੰਘ ਦਾ ਕਹਿਣਾ ਸੀ "ਪ੍ਰਸ਼ਾਸਨ,  ਵਿਹੜੇ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ ਵਾਲੀ ਕਹਾਵਤ 'ਤੇ ਚੱਲ ਰਹੀ ਹੈ, ਪ੍ਰਸ਼ਾਸਨ ਨੂੰ ਪਿਛਲੇ ਸਾਲ ਆਏ ਹੜ੍ਹਾਂ ਤੋਂ ਤੁਰੰਤ ਬਾਅਦ ਭਵਿੱਖ ਦੇ ਸੰਭਾਵੀ ਹੜ੍ਹਾਂ ਨੂੰ ਰੋਕਣ ਦੇ ਕੰਮ ਸ਼ੁਰੂ ਕਰ ਦੇਣੇ ਚਾਹੀਦੇ ਸਨ।"

ਸੰਭਾਵੀ ਹੜ੍ਹਾਂ ਦੇ ਡਰ ਕਾਰਨ ਲੋਕ ਕਰਨ ਲੱਗੇ ਅਗਾਊਂ ਪ੍ਰਬੰਧ 
ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ ਜਿਸ ਨੂੰ ਵੇਖਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਕੁਝ ਲੋਕਾਂ ਨੇ ਇਸ ਵਾਰ ਸੰਭਾਵੀ ਹੜ੍ਹਾਂ ਦੀ ਹਾਲਤ ਦੌਰਾਨ ਆਪਣੇ ਕੀਮਤੀ ਸਮਾਨ ਨੂੰ ਬਚਾਉਣ ਲਈ ਅਗਾਊਂ ਪ੍ਰਬੰਧ ਕਰ ਲਏ ਹਨ। ਅਰਬਨ ਐਸਟੇਟ ਫੇਜ਼ 2 ਵਿੱਚ ਰਹਿਣ ਵਾਲੇ ਆਕਾਸ਼ਵਾਣੀ ਦੇ ਸਾਬਕਾ ਅਧਿਕਾਰੀ ਅਮਰਜੀਤ ਸਿੰਘ ਵੜੈਚ ਨੇ 35 ਹਜ਼ਾਰ ਰੁਪਏ ਖ਼ਰਚ ਕੇ ਲੋਹੇ ਦੇ ਵਿਸ਼ੇਸ਼ 3-3 ਫੁੱਟ ਦੇ ਸਟੂਲ ਬਣਵਾਏ ਹਨ ਜਿਨ੍ਹਾਂ 'ਤੇ ਉਨ੍ਹਾਂ ਹੁਣੇ ਹੀ ਬੈਡ, ਸੋਫਾ ਸੈੱਟ ਤੇ ਹੋਰ ਕੀਮਤੀ ਸਮਾਨ ਚੜਾਅ ਲਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕਾਂ ਦਾ ਹੁਣ ਪ੍ਰਸ਼ਾਸਨ ਵਿੱਚ ਵਿਸ਼ਵਾਸ ਨਹੀਂ ਰਿਹਾ। ਅਧਿਕਾਰੀ ਹਰ ਸਾਲ ਦਾਅਵੇ ਤਾਂ ਕਰਦੇ ਹਨ ਪਰ ਹਕੀਕਤ 'ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਅਰਬਨ ਐਸਟੇਟ ਫੇਜ਼ 2 ਵਿੱਚ ਹੀ ਰਹਿੰਦੇ ਸਾਬਕਾ ਆਈ ਏ ਐਸ ਅਧਿਕਾਰੀ ਮਨਜੀਤ ਸਿੰਘ ਨਾਰੰਗ ਨੇ ਵੀ ਆਪਣੀ ਕੋਠੀ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਕੁਝ ਹਿੱਸਿਆਂ ਵਿੱਚ ਦੀਵਾਰਾਂ ਕਰਵਾਈਆਂ ਹਨ।