ਬਲਾਕ ਵਿਕਾਸ ਅਧਿਕਾਰੀ ਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਆਪਣੀ ਜਗ੍ਹਾ ਵਿੱਚ ਪਿਆ ਸਾਮਾਨ ਚੁਕਵਾਉਣ ਦਾ ਦੋਸ਼ ਲਗਾਇਆ

ਐਸ ਏ ਐਸ ਨਗਰ, 29 ਜੂਨ - ਪਿੰਡ ਬਾਕਰਪੁਰ ਦੇ ਵਸਨੀਕ ਭਰਾਵਾਂ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਮੁਹਾਲੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਧਨਵੰਤ ਸਿੰਘ ਰੰਧਾਵਾ ਵਲੋਂ ਉਹਨਾਂ ਦੀ ਜਮੀਨ ਸੰਬੰਧੀ ਮਾਣਯੋਗ ਅਦਾਲਤ ਦਾ ਫੈਸਲਾ ਹੋਣ ਦੇ ਬਾਵਜੂਦ ਉੱਥੇ ਪੁਲੀਸ ਫੋਰਸ ਅਤੇ ਪੰਚਾਇਤ ਸਕੱਤਰ ਨੂੰ ਭੇਜ ਕੇ ਉਹਨਾਂ ਦੀ ਜਮੀਨ ਵਿੱਚ ਪਿਆ ਸਾਮਾਨ ਚੁਕਵਾ ਕੇ ਟੋਭੇ ਕੋਲ ਸੁਟਵਾ ਦਿੱਤਾ।

ਐਸ ਏ ਐਸ ਨਗਰ, 29 ਜੂਨ - ਪਿੰਡ ਬਾਕਰਪੁਰ ਦੇ ਵਸਨੀਕ ਭਰਾਵਾਂ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਇਲਜਾਮ ਲਗਾਇਆ ਹੈ ਕਿ ਮੁਹਾਲੀ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਧਨਵੰਤ ਸਿੰਘ ਰੰਧਾਵਾ ਵਲੋਂ ਉਹਨਾਂ ਦੀ ਜਮੀਨ ਸੰਬੰਧੀ ਮਾਣਯੋਗ ਅਦਾਲਤ ਦਾ ਫੈਸਲਾ ਹੋਣ ਦੇ ਬਾਵਜੂਦ ਉੱਥੇ ਪੁਲੀਸ ਫੋਰਸ ਅਤੇ ਪੰਚਾਇਤ ਸਕੱਤਰ ਨੂੰ ਭੇਜ ਕੇ ਉਹਨਾਂ ਦੀ ਜਮੀਨ ਵਿੱਚ ਪਿਆ ਸਾਮਾਨ ਚੁਕਵਾ ਕੇ ਟੋਭੇ ਕੋਲ ਸੁਟਵਾ ਦਿੱਤਾ। ਉਹਨਾਂ ਵਲੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨੇ ਇਸ ਇਲਜਾਮ ਨੂੰ ਬੇਬਨਿਆਦ ਦੱਸਦਿਆ ਕਿਹਾ ਹੈ ਕਿ ਉਕਤ ਜਮੀਨ ਪੰਚਾਇਤ ਦੀ ਹੈ ਜਿਸਦਾ ਮਾਮਲਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਦੀ ਅਦਾਲਤ ਵਿੱਚ ਚਲ ਰਿਹਾ ਹੈ ਅਤੇ ਇਸ ਦੌਰਾਨ ਦੋਵਾਂ ਭਰਾਵਾਂ ਵਲੋਂ ਰਾਤ ਵੇਲੇ ਉਸ ਜਮੀਨ ਵਿੱਚ ਇੱਟਾਂ ਰੋੜੇ ਅਤੇ ਹੋਰ ਮਟੀਰੀਅਲ ਸੁਟਵਾਇਆ ਗਿਆ ਸੀ ਜਿਸਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਬਾਕਰਪੁਰ ਵਾਸੀ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਲਿਖਿਆ ਹੈ ਕਿ ਉਹਨਾਂ ਦੀ ਜਗ੍ਹਾ ਪਿੰਡ ਦੀ ਲਾਲ ਲਕੀਰ ਦੇ ਅੰਦਰ ਆਬਾਦੀ ਵਿਚ ਪੈਂਦੀ ਹੈ। ਇਸ ਜਗ੍ਹਾ ਦੇ ਕੇਸ ਦਾ ਫੈਸਲਾ ਮਾਨਯੋਗ ਅਦਾਲਤ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਐਸ. ਏ. ਐਸ.ਨਗਰ ਵੱਲੋਂ 1.5.2015 ਨੂੰ ਉਹਨਾਂ ਦੇ ਹੱਕ ਵਿੱਚ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਐਡੀਸ਼ਨਲ ਜਿਲਾ ਜੱਜ ਐਸ. ਏ. ਐਸ.ਨਗਰ ਵੱਲੋਂ 13.8.2018 ਨੂੰ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਡਿਕਰੀ ਦੇ ਹੁਕਮ ਦੇ ਦਿੱਤੇ ਸਨ। ਇਸ ਸੰਬੰਧੀ ਦੂਜੀ ਧਿਰ ਦੀ ਪਟੀਸ਼ਨ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 18.1.2019 ਨੂੰ ਖਾਰਜ ਕਰਕੇ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਗਿਆ ਸੀ।
ਉਹਨਾਂ ਦੱਸਿਆ ਕਿ ਉਸ ਥਾਂ ਤੇ ਉਹਨਾਂ ਵਲੋਂ ਚਾਰਦਿਵਾਰੀ ਕਰਕੇ ਬਾਕਾਇਦਾ ਗੇਟ ਵੀ ਲਗਾਇਆ ਹੋਇਆ ਹੈ ਜਿੱਥੇ ਉਹਨਾਂ ਦਾ ਤਾਲਾ ਲੱਗਿਆ ਹੈ ਅਤੇ ਅੰਦਰ ਪਾਣੀ ਦੀ ਟੂਟੀ ਵੀ ਲੱਗੀ ਹੋਈ ਹੈ। ਉਹਨਾਂ ਦੱਸਿਆ ਕਿ ਬਾਅਦ ਵਿੱਚ ਸਰਪੰਚ ਗ੍ਰਾਮ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਕਮ-ਕੁਲੈਕਟਰ ਪੰਚਾਇਤ ਮੁਹਾਲੀ ਦੀ ਅਦਾਲਤ ਵਿੱਚ ਸੈਕਸਨ (7) ਦਾ ਕੇਸ ਦਾਇਰ ਕੀਤਾ ਗਿਆ ਸੀ ਕਿ ਇਹ ਜਮੀਨ ਪੰਚਾਇਤ ਦੀ ਹੈ, ਜਿਸਦੇ ਜਵਾਬ ਵਿੱਚ ਉਹਨਾਂ ਵਲੋਂ ਕਲੈਕਟਰ ਪੰਚਾਇਤ ਮੁਹਾਲੀ ਦੀ ਅਦਾਲਤ ਵਿਚ ਸੈਕਸਨ (11) ਤਹਿਤ ਕੇਸ ਕਰਕੇ ਪੰਚਾਇਤ ਨੂੰ ਜਮੀਨ ਦੀ ਮਲਕੀਅਤ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਸੀ। ਉਹਨਾਂ ਦੱਸਿਆ ਕਿ ਮਾਮਲੇ ਦੀ ਸੁਣਵਾਈ ਕਰਦਿਆਂ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ-ਕਮ-ਕੁਲੈਕਟਰ ਮੁਹਾਲੀ ਵਲੋਂ 24.11.2022 ਨੂੰ ਹੁਕਮ ਦੇ ਰਾਹੀਂ ਸੈਕਸ਼ਨ (7) ਦਾ ਕੇਸ ਬੰਦ ਕਰ ਦਿੱਤਾ ਗਿਆ ਸੀ।
ਉਹਨਾਂ ਕਿਹਾ ਕਿ 24 ਜੂਨ ਨੂੰ ਬੀ. ਡੀ. ਪੀ. ਓ. ਮੁਹਾਲੀ ਧਨੰਵਤ ਸਿੰਘ ਵੱਲੋਂ ਹਰਪਿੰਦਰਜੀਤ ਪਾਲ ਪੰਚਾਇਤ ਸਕੱਤਰ ਨੂੰ ਪੁਲੀਸ ਫੋਰਸ ਅਤੇ ਜੇ ਸੀ ਬੀ ਮਸ਼ੀਨ ਨਾਲ ਭੇਜ ਕੇ ਉੱਥੇ ਪਿਆ ਉਹਨਾਂ ਦਾ ਇਮਾਰਤ ਦੀ ਉਸਾਰੀ ਦਾ ਸਾਮਾਨ ਚੁਕਵਾ ਕੇ ਦੂਰ ਸੁਟਵਾ ਦਿੱਤਾ ਗਿਆ। ਉਹਨਾਂ ਕਿਹਾ ਕਿ ਬੀ ਡੀ ਪੀ ਓ ਵਲੋਂ ਉਹਨਾਂ ਨੂੰ ਇਸ ਕਾਰਵਾਈ ਸੰਬੰਧੀ ਕੋਈ ਅਗਾਉਂ ਨੋਟਿਸ ਨਹੀਂ ਦਿੱਤਾ ਗਿਆ।
ਉਹਨਾਂ ਕਿਹਾ ਕਿ ਇਸ ਮੌਕੇ ਉਹਨਾਂ ਵਲੋਂ ਇਸ ਮੌਕੇ ਪੰਚਾਇਤ ਸਕੱਤਰ ਅਤੇ ਪੁਲੀਸ ਨੂੰ ਮਾਨਯੋਗ ਅਦਾਲਤਾਂ ਦੇ ਹੁਕਮ ਵੀ ਦਿਖਾਏ ਗਏ ਪਰੰਤੂ ਉਨ੍ਹਾਂ ਵਲੋਂ ਅਦਾਲਤ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਉਹਨਾਂ ਦਾ ਸਾਮਾਨ ਚੁਕਵਾ ਦਿੱਤਾ ਗਿਆ। ਉਹਨਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਬੀ. ਡੀ. ਪੀ. ਓ. ਮੁਹਾਲੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਸੰਪਰਕ ਕਰਨ ਤੇ ਬੀ ਡੀ ਪੀ ਉ ਸz. ਧਨਵੰਤ ਸਿੰਘ ਰੰਘਾਵਾ ਨੇ ਕਿਹਾ ਕਿ ਉਹ ਪੰਚਾਇਤ ਦੀ ਜਾਇਦਾਦ ਹੈ ਜਿੱਥੇ ਇਹਨਾਂ ਲੋਕਾਂ ਵਲੋਂ ਕਬਜਾ ਕਰਨ ਵਾਸਤੇ ਕੁੱਝ ਮਟੀਰੀਅਲ ਸੁਟਵਾਇਆ ਗਿਆ ਸੀ ਅਤੇ ਇਹਨਾਂ ਦਾ ਡੀ ਡੀ ਪੀ ਓ ਦੀ ਅਦਾਲਤ ਵਿੱਚ ਮਾਮਲਾ ਚਲ ਰਿਹਾ ਹੈ। ਉਹਾਂਨ ਕਿਹਾ ਕਿ ਵਿਭਾਗ ਵਲੋਂ ਉਕਤ ਵਿਅਕਤੀਆਂ ਨੂੰ ਕਿਹਾ ਗਿਆ ਸੀ ਕਿ ਜਦੋਂ ਤਕ ਮਾਮਲਾ ਅਦਾਲਤ ਵਿੱਚ ਹੈ ਇੱੱਥੇ ਕੁੱਝ ਨਾ ਕੀਤਾ ਜਾਵੇ। ਇਹ ਪੁੱਛਣ ਤੇ ਕਿ ਸ਼ਿਕਾਇਤ ਕਰਤਾ ਦਾ ਇਲਜਾਮ ਹੈ ਕਿ ਮਾਣਯੋਗ ਸੈਸ਼ਨ ਅਦਾਲਤ ਵਲੋਂ ਉਹਨਾਂ ਦੇ ਹੱਕ ਵਿੱਚ ਫੈਸਲਾ ਦੇ ਕੇ ਉਹਨਾਂ ਦੇ ਪੱਖ ਵਿੱਚ ਡਿਕਰੀ ਦੇ ਹੁਕਮ ਕੀਤੇ ਸਨ ਅਤੇ ਬਾਅਦ ਵਿੱਚ ਮਾਣਯੋਗ ਹਾਈਕੋਰਟ ਵਲੋਂ ਵੀ ਉਸ ਫੈਸਲੇ ਨੂੰ ਬਹਾਲ ਰੱਖਿਆ ਗਿਆ ਸੀ ਅਤੇ ਉਸ ਥਾਂ ਤੇ ਸ਼ਿਕਾਇਤਕਰਤਾ ਦਾ ਕਬਜਾ ਵੀ ਹੈ ਅਤੇ ਪਿੰਡ ਪੰਚਾਇਤ ਵਲੋਂ ਡੀ ਡੀ ਪੀ ਉ ਦੀ ਅਦਾਲਤ ਵਿੱਚ ਸੈਕਸ਼ਨ 7 ਦੇ ਤਹਿਤ ਪਾਇਆ ਕੇਸ ਬੰਦ ਹੋ ਚੁੱਕਿਆ ਹੈ ਫਿਰ ਇਹ ਕਾਰਵਾਈ ਕਿਹੜੇ ਮਾਮਲੇ ਵਿੱਚ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣੇ ਸੈਕਸ਼ਨ 11 ਦਾ ਮਾਮਲਾ ਚਲ ਰਿਹਾ ਹੈ ਅਤੇ ਸ਼ਿਕਾਇਤਕਰਤਾ ਉੱਥੇ ਨਵੇਂ ਸਿਰੇ ਤੋਂ ਸਾਮਾਨ ਨਹੀਂ ਰੱਖ ਸਕਦਾ। ਉਹਨਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਪੁਰਾਣੇ ਕਬਜੇ ਨਾਲ ਛੇੜਛਾੜ ਨਹੀਂ ਕੀਤੀ ਗਈ ਹੈ ਅਤੇ 23 ਜੂਨ ਦੀ ਰਾਤ ਨੂੰ ਉਹਨਾਂ ਵਲੋਂ ਇਸ ਥਾਂ ਵਿੱਚ ਜਿਹੜਾ ਸਾਮਾਨ ਰੱਖਿਆ ਗਿਆ ਸੀ ਸਿਰਫ ਉਹੀ ਚੁਕਵਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਵਲੋਂ ਸਿਰਫ ਆਪਣੀ ਡਿਊਟੀ ਕੀਤੀ ਗਈ ਹੈ ਅਤੇ ਉਹਨਾਂ ਤੇ ਜਿਹੜੇ ਇਲਜਾਮ ਲਗਾਏ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਬੇਬਨਿਆਦ ਹਨ।
ਇਸ ਸੰਬੰਧੀ ਕਰਵਾਈ ਕਰਨ ਲਈ ਮੌਕੇ ਤੇ ਗਏ ਪੰਚਾਇਤ ਸਕੱਤਰ ਹਰਪਿੰਦਰ ਜੀਤ ਪਾਲ ਨੇ ਕਿਹਾ ਕਿ ਸ਼ਿਕਾਇਤਕਰਤਾ ਵਲੋਂ ਰਾਤ ਨੂੰ ਜਮੀਨ ਵਿਚ ਮਟੀਰੀਅਲ ਸੁੱਟ ਕੇ ਰਸਤਾ ਬੰਦ ਕਰ ਦਿੱਤਾ ਗਿਆ ਸੀ ਜਿਸਦੀ ਪਿੰਡ ਵਾਸੀਆਂ ਵਲੋਂ ਬੀ ਡੀ ਪੀ ਓ ਦਫਤਰ ਵਿੱਚ ਸ਼ਿਕਾਇਤ ਕੀਤੀ ਸੀ ਜਿਸਤੋਂ ਬਾਅਦ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ ਹੈ।