ਸਖ਼ਤ ਗਰਮੀ ਦੇ ਬਾਵਜੂਦ ਵੱਡੇ ਇਕੱਠ ਮਗਰੋਂ ਅਕਾਲੀ ਉਮੀਦਵਾਰ ਨੇ ਕੀਤਾ ਜਿੱਤ ਦਾ ਦਾਅਵਾ
ਪਟਿਆਲਾ, 27 ਮਈ - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਕਿਹਾ ਹੈ ਕਿ ਅੱਜ ਹੋਈ ਅਕਾਲੀ ਦਲ ਦੀ ਰੈਲੀ ਨੇ ਵਿਰੋਧੀਆਂ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ। ਸਖ਼ਤ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੁਣਨ ਲਈ ਇੱਥੇ ਪੁੱਜੇ ਹੋਏ ਸਨ।

ਰੈਲੀ ਤੋਂ ਬਾਅਦ ਮੀਡੀਆ ਨੂੰ ਜਾਰੀ ਬਿਆਨ ਵਿੱਚ ਐਨ.ਕੇ.ਸ਼ਰਮਾ ਨੇ ਕਿਹਾ ਕਿ ਰੈਲੀ ਵਿੱਚ ਇਕੱਠੀ ਹੋਈ ਭੀੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕ ਇਸ ਵਾਰ ਦਲਬਦਲੂਆਂ ਦੇ ਝਾਂਸੇ ਵਿਚ ਨਹੀਂ ਆਉਣ ਵਾਲੇ । ਇੱਥੋਂ ਦੇ ਲੋਕਾਂ ਨੇ ਮਹਿਲਾਂ ਵਿੱਚ ਰਹਿਣ ਵਾਲਿਆਂ ਤੋਂ ਦੂਰੀ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਰੈਲੀ ਤੋਂ ਬਾਅਦ ਅਜਿਹੀਆਂ ਖ਼ਬਰਾਂ ਵਾਇਰਲ ਹੋਈਆਂ, ਜਿਸ ਵਿੱਚ ਲੋਕਾਂ ਨੇ ਦਿਹਾੜੀ ਨਾ ਮਿਲਣ ਦੇ ਦੋਸ਼ ਤਕ ਲਾਏ। ਜਿੱਥੇ ਭਾਜਪਾ ਅਤੇ ਕਾਂਗਰਸ ਦੀਆਂ ਰੈਲੀਆਂ ਵਿੱਚ ਭਾੜੇ ਦੇ ਲੋਕਾਂ ਨੂੰ ਬੁਲਾਇਆ ਗਿਆ, ਉੱਥੇ ਹੀ ਅਕਾਲੀ ਦਲ ਦੀ ਇਸ ਰੈਲੀ ਵਿੱਚ ਘਨੌਰ, ਪਾਤੜਾਂ, ਸਮਾਣਾ, ਸ਼ੁਤਰਾਣਾ, ਪਟਿਆਲਾ, ਰਾਜਪੁਰਾ, ਬਨੂੜ, ਡੇਰਾਬੱਸੀ ਸਮੇਤ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਲੋਕ ਪੁੱਜੇ ਹਨ। ਐਨ.ਕੇ.ਸ਼ਰਮਾ ਨੇ ਰੈਲੀ ਤੋਂ ਬਾਅਦ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੜਾਕੇ ਦੀ ਗਰਮੀ ਵਿੱਚ ਦੂਰੋਂ-ਦੂਰੋਂ ਆਏ ਲੋਕਾਂ ਦੇ ਉਹ ਹਮੇਸ਼ਾ ਕਰਜ਼ਦਾਰ ਰਹਿਣਗੇ। ਉਨ੍ਹਾਂ ਨੂੰ ਸੇਵਾ ਕਰਨ ਦਾ ਇੱਕ ਮੌਕਾ ਮਿਲਿਆ ਤਾਂ ਉਹ ਲੋਕਾਂ ਦੇ ਸਾਲਾਂ ਤੋਂ ਲਟਕਦੇ ਆ ਰਹੇ ਮਸਲਿਆਂ ਦਾ ਹੱਲ ਕਰਵਾ ਕੇ ਇਹ ਕਰਜ਼ਾ ਚੁਕਾਉਣਗੇ।