ਧਰਤੀ ਹੇਠਲੇ ਪਾਣੀ ਦਾ ਡਿੱਗਦਾ ਪੱਧਰ ਕਿਸਾਨੀ ਲਈ ਚਿੰਤਾ ਦਾ ਵਿਸ਼ਾ : ਇੰਜੀ. ਜਸਵੰਤ ਸਿੰਘ

ਸਮਾਣਾ/ਪਟਿਆਲਾ, 17 ਮਈ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਟਿਆਲਾ ਵੱਲੋਂ ਸਮਾਣਾ ਵਿਖੇ ਸਾਉਣੀ 2024 ਦੀਆਂ ਫ਼ਸਲਾਂ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਟਿਆਲਾ ਡਾ. ਹਰਜਿੰਦਰ ਸਿੰਘ ਬੇਦੀ ਆਈ.ਏ.ਐਸ. ਨੇ ਕੀਤਾ ਅਤੇ ਜ਼ਿਲ੍ਹੇ ਦੇ 29 ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਕੀਤਾ।

ਇਸ ਕੈਂਪ ਦੇ ਮੁੱਖ ਮਹਿਮਾਨ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਇੰਜ: ਜਸਵੰਤ ਸਿੰਘ ਨੇ ਹਾਜ਼ਰ ਲਗਭਗ 800 ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਉੱਪਰ ਚਿੰਤਾ ਜ਼ਾਹਰ ਕਰਦਿਆਂ ਅਪੀਲ ਕੀਤੀ ਕਿ ਕਿਸਾਨ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਸਿਫ਼ਾਰਿਸ਼ਸ਼ੁਦਾ ਕਿਸਮਾਂ ਅਤੇ ਬਾਸਮਤੀ ਨੂੰ ਤਰਜੀਹ ਦੇਣ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਸਾ-44 ਕਿਸਮ ਦੇ ਬੀਜ ਦੀ ਸੇਲ ਅਤੇ ਬਿਜਾਈ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਕਿ ਵੱਧ ਸਮਾਂ ਅਤੇ ਜ਼ਿਆਦਾ ਪਾਣੀ ਲੈਂਦੀ ਹੈ ਅਤੇ ਪਰਾਲੀ ਨੂੰ ਅੱਗ ਲੱਗਣ ਨਾਲ ਹੋਣ ਵਾਲੇ ਪ੍ਰਦੂਸ਼ਣ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਉਹਨਾਂ ਦੱਸਿਆ ਕਿ ਲਗਭਗ ਸਾਲਾਨਾ 1 ਮੀਟਰ ਧਰਤੀ ਹੇਠਲਾ ਪਾਣੀ ਘੱਟ ਰਿਹਾ ਹੈ ਜਿਸ ਕਾਰਨ ਆਉਣ ਵਾਲੀਆਂ ਨਸਲਾਂ ਨੂੰ ਪੰਜਾਬ ਵਿਚ ਪੀਣ ਅਤੇ ਖੇਤੀ ਯੋਗ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 
ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਹਾਜ਼ਰ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਅਪੀਲ ਕੀਤੀ ਅਤੇ ਵੱਧ ਤੋਂ ਵੱਧ ਮਿੱਟੀ ਅਤੇ ਪਾਣੀ ਦੇ ਸੈਂਪਲ ਟੈਸਟ ਕਰਵਾ ਕੇ ਖਾਦਾਂ ਦੀ ਬੱਚਤ ਕਰਨ ਲਈ ਪ੍ਰੇਰਿਤ ਕੀਤਾ। ਕ੍ਰਿਸ਼ੀ ਵਿਗਿਆਨ ਕੇਂਦਰ ਰੌਣੀ ਦੇ ਡਿਪਟੀ ਡਾਇਰੈਕਟਰ ਡਾ. ਗੁਰਉਪਦੇਸ਼ ਕੌਰ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਵੱਖ-ਵੱਖ ਟ੍ਰੇਨਿੰਗਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 
ਫਾਰਮਰ ਸਲਾਹਕਾਰ ਕੇਂਦਰ ਪਟਿਆਲਾ ਦੇ ਇੰਚਾਰਜ ਡਾ. ਗੁਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਖਰਚੇ ਘੱਟ ਕਰਕੇ ਆਮਦਨ ਵਧਾਉਣ ਸਬੰਧੀ ਵੱਖ-ਵੱਖ ਤਕਨੀਕੀ ਨੁਕਤੇ ਸਾਂਝੇ ਕੀਤੇ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਬੀਜਾਂ ਸਬੰਧੀ ਜਾਣਕਾਰੀ ਦਿੱਤੀ। ਕੇ.ਵੀ.ਕੇ. ਰੌਣੀ ਦੇ ਪੌਦਾ ਸੁਰੱਖਿਆ ਮਾਹਿਰ ਡਾ. ਹਰਦੀਪ ਸਿੰਘ ਸੁਭੀਖੀ ਨੇ ਕਿਸਾਨਾਂ ਨੂੰ ਬੀਜ ਸੋਧ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।