
ਵੈਟਨਰੀ ਡਾਕਟਰਾਂ ਨੂੰ ਪਸ਼ੂਧਨ ਉਤਪਾਦਨ ਸੰਬੰਧੀ ਨਵੀਨਤਮ ਵਿਧੀਆਂ ਬਾਰੇ ਕੀਤਾ ਗਿਆ ਜਾਗਰੂਕ
ਲੁਧਿਆਣਾ 27 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪਸ਼ੂ ਪਾਲਣ ਅਧਿਕਾਰੀਆਂ ਲਈ ਇਕ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਵਿਚ 100 ਤੋਂ ਵਧੇਰੇ ਵੈਟਨਰੀ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪਸ਼ੂ ਵਿਗਿਆਨ ਮਾਹਿਰਾਂ ਨੇ ਹਿੱਸਾ ਲਿਆ।
ਲੁਧਿਆਣਾ 27 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪਸ਼ੂ ਪਾਲਣ ਅਧਿਕਾਰੀਆਂ ਲਈ ਇਕ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਵਿਚ 100 ਤੋਂ ਵਧੇਰੇ ਵੈਟਨਰੀ ਅਧਿਕਾਰੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਪਸ਼ੂ ਵਿਗਿਆਨ ਮਾਹਿਰਾਂ ਨੇ ਹਿੱਸਾ ਲਿਆ। ਡਾ ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਪਸ਼ੂਆਂ ਦੇ ਇਲਾਜ ਵਿਚ ਵਿਕਲਪਿਕ ਦਵਾਈ ਪ੍ਰਣਾਲੀ ਦੀ ਮਹੱਤਤਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਸਾਨੂੰ ਇਸ ਖੇਤਰ ਦੇ ਸਾਰੇ ਵਿਭਾਗਾਂ ਵਿਚ ਇਕ ਬਿਹਤਰ ਤਾਲਮੇਲ ਸਥਾਪਿਤ ਕਰਨਾ ਬਣਦਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਵੈਟਨਰੀ ਯੂਨੀਵਰਸਿਟੀ ਨੇ ਪਸ਼ੂ ਇਲਾਜ ਵਿਚ ਹੋਮਿਓਪੈਥੀ ਦਵਾਈ ਪ੍ਰਣਾਲੀ ਸੰਬੰਧੀ ਇਕ ਆਨਲਾਈਨ ਡਿਪਲੋਮਾ ਕੋਰਸ ਸ਼ੁਰੂ ਕੀਤਾ ਹੈ।
ਡਾ. ਗੁਰਸ਼ਰਨਜੀਤ ਸਿੰਘ ਬੇਦੀ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਮਹਾਂਮਾਰੀ ਦੌਰਾਨ ਪਸ਼ੂਆਂ ਦੇ ਬਚਾਅ ਹਿਤ ਕੀਤੇ ਜਾਣ ਵਾਲੇ ਮਾਨਦੰਡਾਂ ਨੂੰ ਹੋਰ ਵਿਕਸਤ ਕਰਨ ਬਾਰੇ ਕਿਹਾ ਅਤੇ ਇਸ ਮੌਕੇ ਵੈਟਨਰੀ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਚਿੰਨ੍ਹਿਤ ਕੀਤਾ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਨਾਲ ਖੇਤਰ ਵਿਚ ਕੰਮ ਕਰਦੇ ਅਧਿਕਾਰੀਆਂ ਨੂੰ ਆਪਣੇ ਗਿਆਨ ਨੂੰ ਤਾਜ਼ਾ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਹ ਖੋਜੀਆਂ ਅਤੇ ਸੰਸਥਾਵਾਂ ਵੱਲੋਂ ਵਿਕਸਤ ਕੀਤੀਆਂ ਤਕਨੀਕਾਂ ਦੇ ਰੂ-ਬ-ਰੂ ਹੁੰਦੇ ਹਨ। ਉਨ੍ਹਾਂ ਨੇ ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਵੱਲੋਂ ਇਸ ਕਾਰਜਸ਼ਾਲਾ ਲਈ ਦਿੱਤੇ ਵਿਤੀ ਸਹਿਯੋਗ ਲਈ ਧੰਨਵਾਦ ਵੀ ਪ੍ਰਗਟਾਇਆ। ਡਾ. ਪਰਵੇਂਦਰ ਸ਼ੇਰੋਂ, ਨਿਰਦੇਸ਼ਕ, ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਨੇ ਪ੍ਰਤੀਭਾਗੀਆਂ ਨੂੰ ਕਿਹਾ ਕਿ ਉਹ ਸਮੱਸਿਆ ਆਧਾਰਿਤ ਖੋਜਾਂ ’ਤੇ ਵਧੇਰੇ ਜ਼ੋਰ ਦੇਣ। ਡਾ. ਅਸ਼ਵਨੀ ਕੁਮਾਰ ਸ਼ਰਮਾ, ਮੁਖੀ, ਵੈਟਨਰੀ ਮੈਡੀਸਨ ਵਿਭਾਗ ਨੇ ਪਸ਼ੂਆਂ ਨੂੰ ਖਵਾਈ ਜਾਣ ਵਾਲੀ ਚੁੰਬਕ ਪ੍ਰਤੀ ਚਾਨਣਾ ਪਾਇਆ ਅਤੇ ਦੱਸਿਆ ਕਿ ਪਸ਼ੂਆਂ ਵੱਲੋਂ ਲੋਹੇ ਦੀ ਧਾਤੂ ਨਿਗਲੇ ਜਾਣ ਦੀ ਸੂਰਤ ਵਿਚ ਇਹ ਚੁੰਬਕ ਉਨ੍ਹਾਂ ਦਾ ਜੀਵਨ ਬਚਾਉਣ ਵਿਚ ਸਹਾਈ ਹੁੰਦੀ ਹੈ। ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ, ਪਸ਼ੂ ਹਸਪਤਾਲ ਨੇ ਦੁਧਾਰੂਆਂ ਵਿਚ ਲੰਗੜੇਪਨ ਦੀ ਸਮੱਸਿਆ, ਨਿਰੀਖਣ ਅਤੇ ਪ੍ਰਬੰਧਨ ਬਾਰੇ ਦੱਸਿਆ। ਡਾ. ਪੰਕਜ ਢਾਕਾ, ਸੈਂਟਰ ਫਾਰ ਵਨ ਹੈਲਥ ਨੇ ਜੈਵਿਕ ਸੁਰੱਖਿਆ ਦੇ ਬੁਨਿਆਦੀ ਸਿਧਾਂਤਾਂ ਅਤੇ ਸੂਖਮਜੀਵ ਪ੍ਰਤੀਰੋਧਕਤਾ ਬਾਰੇ ਚਾਨਣਾ ਪਾਇਆ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸ਼ੂਧਨ ਫਾਰਮ ਨੇ ਵਧੀਆ ਚਾਰੇ ਅਤੇ ਚਾਰਿਆਂ ਦਾ ਅਚਾਰ ਬਨਾਉਣ ਸੰਬੰਧੀ ਗਿਆਨ ਦਿੱਤਾ। ਡਾ. ਅਰੁਣ ਆਨੰਦ, ਪ੍ਰੋਫੈਸਰ ਵੈਟਨਰੀ ਸਰਜਰੀ ਵਿਭਾਗ ਨੇ ਘੋੜਿਆਂ ਵਿਚ ਸੂਲ ਦੀ ਸਮੱਸਿਆ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ।
