ਪੰਜਾਬ ਰਾਜ ਭਵਨ ਵਿਖੇ ਬਿਹਾਰ ਸਥਾਪਨਾ ਦਿਵਸ ਮਨਾਇਆ ਗਿਆ

ਚੰਡੀਗੜ੍ਹ, 22 ਮਾਰਚ: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਪੰਜਾਬ ਰਾਜ ਭਵਨ ਵਿਖੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਨਾਲ ਬਿਹਾਰ ਸਥਾਪਨਾ ਦਿਵਸ ਬੜੇ ਉਤਸ਼ਾਹ ਸਹਿਤ ਮਨਾਇਆ ਗਿਆ।

ਚੰਡੀਗੜ੍ਹ, 22 ਮਾਰਚ: ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਪੰਜਾਬ ਰਾਜ ਭਵਨ ਵਿਖੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਨਾਲ ਬਿਹਾਰ ਸਥਾਪਨਾ ਦਿਵਸ ਬੜੇ ਉਤਸ਼ਾਹ ਸਹਿਤ ਮਨਾਇਆ ਗਿਆ। ਰਾਜਪਾਲ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਵੱਖ-ਵੱਖ ਰਾਜ ਭਵਨਾਂ ਵਿੱਚ ਮਨਾਇਆ ਜਾਣ ਵਾਲਾ ਰਾਜ ਸਥਾਪਨਾ ਦਿਵਸ ਸਮਾਰੋਹ ਸਾਡੇ ਦੇਸ਼ ਦੀ ਵਿਭਿੰਨਤਾ ਨੂੰ ਦਰਸਾਉਂਦਿਆਂ ਵੱਖ-ਵੱਖ ਰਾਜਾਂ ਦੀਆਂ ਪਰੰਪਰਾਵਾਂ ਅਤੇ ਸੱਭਿਆਚਾਰਾਂ ਤੋਂ ਜਾਣੂ ਹੋਣ ਦਾ ਵਿਸ਼ੇਸ਼ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀ ਸੰਸਕ੍ਰਿਤੀ ਬੇਹੱਦ ਅਮੀਰ ਹੈ ਅਤੇ ਇਸ ਦੀ ਸਭਿਅਤਾ ਦੁਨੀਆਂ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਬਿਹਾਰ ਦੀ ਪਵਿੱਤਰ ਧਰਤੀ 'ਤੇ ਮਾਤਾ ਸੀਤਾ ਦਾ ਜਨਮ ਹੋਇਆ, ਗੌਤਮ ਬੁੱਧ ਨੇ ਗਿਆਨ ਪ੍ਰਾਪਤ ਕੀਤਾ ਅਤੇ ਇਹ ਜੈਨ ਧਰਮ ਦੇ ਨਾਲ-ਨਾਲ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਹੈ। ਇਸ ਮੌਕੇ ਬਿਹਾਰ ਦੇ ਰਾਜਪਾਲ ਦਾ ਵੀਡੀਓ ਸੰਦੇਸ਼ ਵੀ ਚਲਾਇਆ ਗਿਆ ਅਤੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਇਸ ਮੌਕੇ ਬਿਹਾਰ ਦੇ ਲੋਕ ਸੰਗੀਤ, ਨਾਚਾਂ ਅਤੇ ਕਵਿਤਾਵਾਂ ਦੀ ਮਨਮੋਹਕ ਪੇਸ਼ਕਾਰੀ ਕੀਤੀ ਗਈ, ਜਿਸ ਨੇ ਹਾਜ਼ਰ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਸ੍ਰੀ ਸੱਤਿਆ ਪਾਲ ਜੈਨ, ਆਪਣੀ ਪਤਨੀ ਨਾਲ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਰਾਜੀਵ ਵਰਮਾ, ਡੀ.ਜੀ.ਪੀ., ਯੂ.ਟੀ., ਸ੍ਰੀ ਸੁਰਿੰਦਰ ਸਿੰਘ ਯਾਦਵ, ਪੰਜਾਬ ਅਤੇ ਯੂ.ਟੀ., ਚੰਡੀਗੜ੍ਹ ਦੇ ਸਾਰੇ ਆਈ.ਏ.ਐਸ. ਅਧਿਕਾਰੀ ਅਤੇ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਪ੍ਰਿੰਸੀਪਲ ਸ੍ਰੀਮਤੀ ਨਵਜੋਤ ਕੌਰ ਆਪਣੇ ਸਟਾਫ਼ ਤੇ ਵਿਦਿਆਰਥੀਆਂ ਨਾਲ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ।