ਵੈਟਨਰੀ ਯੂਨੀਵਰਸਿਟੀ ਕਨਵੈਨਸ਼ਨ ਵਿਚ ਜੈਵ-ਵਿਭਿੰਨਤਾ, ਕੁਦਰਤੀ ਸੋਮਿਆਂ ਦੀ ਸੰਭਾਲ, ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ਵਿਸ਼ੇ ਰਹੇ ਕੇਂਦਰੀ ਸਥਾਨ ’ਤੇ

ਲੁਧਿਆਣਾ 18 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’ ਵਿਸ਼ੇ ’ਤੇ ਚੱਲ ਰਹੀ 47ਵੀਂ ਉਪ-ਕੁਲਪਤੀ ਕਨਵੈਨਸ਼ਨ ਵਿਚ ਅੱਜ ਜੈਵ-ਵਿਭਿੰਨਤਾ, ਕੁਦਰਤੀ ਸੋਮਿਆਂ ਦੀ ਸੰਭਾਲ, ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਵਿਸ਼ੇ ਕੇਂਦਰ ਵਿਚ ਰਹੇ।

ਲੁਧਿਆਣਾ 18 ਮਾਰਚ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਭੋਜਨ ਤੇ ਪੌਸ਼ਟਿਕ ਸੁਰੱਖਿਆ ਅਤੇ ਕਿਸਾਨ ਭਲਾਈ : ਭਾਰਤ 2047 ਦੀ ਦ੍ਰਿਸ਼ਟੀ ਅਤੇ ਉਸਤੋਂ ਅੱਗੇ ਤੱਕ’ ਵਿਸ਼ੇ ’ਤੇ ਚੱਲ ਰਹੀ 47ਵੀਂ ਉਪ-ਕੁਲਪਤੀ ਕਨਵੈਨਸ਼ਨ ਵਿਚ ਅੱਜ ਜੈਵ-ਵਿਭਿੰਨਤਾ, ਕੁਦਰਤੀ ਸੋਮਿਆਂ ਦੀ ਸੰਭਾਲ, ਮੌਸਮੀ ਤਬਦੀਲੀ ਦੀਆਂ ਚੁਣੌਤੀਆਂ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਰਗੇ ਵਿਸ਼ੇ ਕੇਂਦਰ ਵਿਚ ਰਹੇ।
ਡਾ. ਬਲਜੀਤ ਸਿੰਘ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ ਨੇ ‘ਇਕ ਗ੍ਰਹਿ, ਇਕ ਸਿਹਤ ਅਤੇ ਇਕ ਭਵਿੱਖ’ ਵਿਸ਼ੇ ’ਤੇ ਵਿਚਾਰ ਰੱਖੇ। ਉਨ੍ਹਾਂ ਨੇ ਭੋਜਨ ਸੁਰੱਖਿਆ, ਗਰੀਨ ਹਾਊਸ ਗੈਸਾਂ, ਆਲਮੀ ਪੱਧਰ ’ਤੇ ਘੱਟਦਾ ਪਾਣੀ ਅਤੇ ਇਸ ਸੰਦਰਭ ਵਿਚ ਇਕ ਸਿਹਤ ਪਹੁੰਚ ਦੀਆਂ ਚੁਣੌਤੀਆਂ ਨੂੰ ਚਿੰਨ੍ਹਿਤ ਕੀਤਾ। ਉਨ੍ਹਾਂ ਕਿਹਾ ਕਿ ਸਭ ਲਈ ਭੋਜਨ, ਚੰਗੀ ਸਿਹਤ, ਸਾਫ ਪਾਣੀ, ਸਿਹਤਮੰਦ ਆਲਾ ਦੁਆਲਾ ਉਹ ਵਿਸ਼ੇ ਹਨ ਜਿਨ੍ਹਾਂ ’ਤੇ ਖੇਤੀਬਾੜੀ ਤੇ ਵੈਟਨਰੀ ਵਿਗਿਆਨੀਆਂ ਨੂੰ ਵਧੇਰੇ ਕੰਮ ਕਰਨਾ ਲੋੜੀਂਦਾ ਹੈ।
ਡਾ. ਏ ਐਸ ਢੱਟ, ਨਿਰਦੇਸ਼ਕ ਖੋਜ, ਪੀ ਏ ਯੂ ਨੇ ਬਾਗਬਾਨੀ ਦੀ ਸਥਿਤੀ, ਚੁਣੌਤੀਆਂ ਅਤੇ ਭਵਿੱਖ ’ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਬਾਗਬਾਨੀ ਵਿਚ ਵੱਧਦੇ ਉਤਪਾਦਨ ਅਤੇ ਇਨ੍ਹਾਂ ਫ਼ਸਲਾਂ ਦੀ ਦਰਾਮਦ, ਬਰਾਮਦ ਬਾਰੇ ਵੀ ਚਾਨਣਾ ਪਾਇਆ। ਡਾ. ਸੋਹਨ ਸਿੰਘ ਵਾਲੀਆ, ਨਿਰਦੇਸ਼ਕ, ਸਕੂਲ ਆਫ ਆਰਗੈਨਿਕ ਫਾਰਮਿੰਗ, ਪੀ ਏ ਯੂ ਨੇ ਫਾਰਮਾਂ ਦੀ ਰਹਿੰਦ-ਖੂੰਹਦ ਘਟਾਉਣ ਬਾਰੇ ਦੱਸਦਿਆਂ ਉਸ ਨੂੰ ਉਪਯੋਗ ਵਿਚ ਲਿਆਉਣ ਦੇ ਢੰਗ ਵੀ ਦੱਸੇ। ਇਸ ਨਾਲ ਰਸਾਇਣਿਕ ਖਾਦਾਂ ਦੀ ਵਰਤੋਂ ਘਟੇਗੀ। ਡਾ. ਆਰ ਸੀ ਅਗਰਵਾਲ, ਉਪ ਮਹਾਂਨਿਰਦੇਸ਼ਕ ਭਾਰਤੀ ਖੇਤੀ ਖੋਜ ਪਰਿਸ਼ਦ ਨੇ ਆਲਮੀ ਪੱਧਰ ’ਤੇ ਖੇਤੀਬਾੜੀ ਯੂਨੀਵਰਸਿਟੀਆਂ ਦੇ ਦਰਜਾ ਸਥਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਇਨ੍ਹਾਂ ਸੰਸਥਾਵਾਂ ਨੂੰ ਉੱਚਿਆਂ ਚੁੱਕ ਕੇ ਅਸੀਂ ਦੂਸਰੇ ਮੁਲਕਾਂ ਦੇ ਵਿਦਿਆਰਥੀਆਂ ਦੀ ਗਿਣਤੀ ਵਧਾ ਸਕਦੇ ਹਾਂ। ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਡਾ. ਪਰਵਿੰਦਰ ਕੌਸ਼ਲ ਨੂੰ ਜਥੇਬੰਦੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ। 11 ਅਧਿਆਪਕਾਂ ਨੂੰ ਮਿਸਾਲੀ ਕਾਰਜ ਕਰਨ ਲਈ ਸਰਵਉੱਤਮ ਅਧਿਆਪਕ, ਖੋਜੀ ਅਤੇ ਪਸਾਰ ਮਾਹਿਰ ਦਾ ਸਨਮਾਨ ਦਿੱਤਾ ਗਿਆ।
ਸਮਾਪਨ ਸਮਾਰੋਹ ਵਿਚ ਡਾ. ਰਾਮੇਸ਼ਵਰ ਸਿੰਘ ਪ੍ਰਧਾਨ, ਭਾਰਤੀ ਖੇਤੀਬਾੜੀ ਯੂਨੀਵਰਸਿਟੀ ਐਸੋਸੀਏਸ਼ਨ ਨੇ ਕਿਹਾ ਕਿ ਕਨਵੈਨਸ਼ਨ ਵਿਚ ਪ੍ਰਾਪਤ ਹੋਈਆਂ ਸਿਫਾਰਸ਼ਾਂ ਕਿਸਾਨ ਭਲਾਈ ਲਈ ਨਵੀਆਂ ਨੀਤੀਆਂ ਬਨਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੀਆਂ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਇਸ ਕਨਵੈਨਸ਼ਨ ਨੇ ਉਪ-ਕੁਲਪਤੀਆਂ ਅਤੇ ਨੀਤੀਘਾੜਿਆਂ ਨੂੰ ਖੇਤੀਬਾੜੀ ਅਤੇ ਪਸ਼ੂਧਨ ਕਿਸਾਨਾਂ ਦੇ ਪ੍ਰਤੀਨਿਧਾਂ ਅਤੇ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਨ ਦਾ ਬਹੁਤ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਵਰਤਮਾਨ ਅਤੇ ਭਵਿੱਖੀ ਚੁਣੌਤੀਆਂ ਨੂੰ ਵਿਚਾਰਨ ਅਤੇ ਉਨ੍ਹਾਂ ਦੇ ਹੱਲ ਲੱਭਣ ਵਿਚ ਇਸ ਚਰਚਾ ਦਾ ਭਰਪੂਰ ਫਾਇਦਾ ਮਿਲੇਗਾ। ਉਨ੍ਹਾਂ ਨੇ ਆਏ ਹੋਏ ਸਾਰੇ ਸਾਇੰਸਦਾਨਾਂ ਅਤੇ ਕਨਵੈਨਸ਼ਨ ਨਾਲ ਸੰਬੰਧਿਤ ਭਾਈਵਾਲ ਧਿਰਾਂ ਦਾ ਧੰਨਵਾਦ ਕੀਤਾ।