ਸਾਬਕਾ ਸੁਰੱਖਿਆ ਅਫ਼ਸਰ 'ਤੇ ਦੋਸ਼ਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਮੰਗ ਪੱਤਰ
ਪਟਿਆਲਾ, 2 ਮਾਰਚ - ਪੰਜਾਬੀ ਯੂਨੀਵਰਸਿਟੀ ਦੇ ਸੁਰੱਖਿਆ ਵਿਭਾਗ 'ਚ ਸੇਵਾ ਨਿਭਾਅ ਰਹੇ ਮੁਲਾਜ਼ਮ ਆਗੂ ਅਰਵਿੰਦਰ ਸਿੰਘ ਬਾਬਾ ਨੇ ਯੂਨੀਵਰਸਿਟੀ ਦੇ ਸਾਬਕਾ ਸੁਰੱਖਿਆ ਅਫ਼ਸਰ ਕੈਪਟਨ ਗੁਰਤੇਜ ਸਿੰਘ 'ਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਮੁਲਾਜ਼ਮ ਆਗੂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਮੰਗ ਪੱਤਰ ਵੀ ਦਿੱਤਾ ਹੈ।

ਲਾਏ ਦੋਸ਼ਾਂ ਵਿੱਚ ਅਰਵਿੰਦਰ ਸਿੰਘ ਬਾਬਾ ਨੇ ਕਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਘਾਟੇ ਅਤੇ ਇਸ ਨੂੰ ਕੰਗਾਲ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਇਸਦੇ ਅੰਦਰਲੇ ਅਫਸਰ ਹੀ ਹਨ। ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਦੇਸਾਂ ਵਿਚ ਬੈਠੇ ਜਾਂ ਉਨਾਂ ਦੇ ਘਰ ਕੰਮ ਕਰਦੇ ਨੌਕਰ-ਚਾਕਰਾਂ ਦੀਆਂ ਨਜਾਇਜ਼ ਹਾਜ਼ਰੀਆਂ ਸੁਰੱਖਿਆ ਵਿਭਾਗ ਵਿਚ ਪਾਈਆਂ ਗਈਆਂ ਪਰ ਉਨ੍ਹਾਂ ਨੂੰ ਪੈਸੇ ਦੀ ਅਦਾਇਗੀ ਯੂਨੀਵਰਸਿਟੀ ਤੋਂ ਕਰਵਾਈ ਗਈ। ਇਸ ਸਬੰਧੀ ਮੁਲਾਜ਼ਮ ਆਗੂ ਵੱਲੋਂ ਵਾਈਸ ਚਾਂਸਲਰ ਨੂੰ ਇਕ ਚਿੱਠੀ ਲਿਖੀ ਗਈ ਸੀ ਜਿਸ 'ਤੇ ਵਾਈਸ ਚਾਂਸਲਰ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਬਾਬਾ ਦਾ ਕਹਿਣਾ ਹੈ ਕਿ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਸੁਪਰਵਾਈਜ਼ਰ ਰੁਪਿੰਦਰ ਸਿੰਘ ਨੂੰ ਤਾਂ ਤੁਰੰਤ ਡਿਉਟੀ ਤੋਂ ਫਾਰਗ ਕਰ ਦਿਤਾ ਗਿਆ ਪਰ ਗੁਰਤੇਜ ਸਿੰਘ ਦੀ ਸਿਰਫ ਤਲਵੰਡੀ ਸਾਬੋ (ਬਠਿੰਡਾ) ਵਿਖੇ ਬਦਲੀ ਹੀ ਕੀਤੀ ਗਈ। ਇਨ੍ਹਾਂ ਦੋਸ਼ਾਂ ਬਾਰੇ ਜਦੋਂ ਕੈਪਟਨ ਗੁਰਤੇਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ "ਇੱਕ ਸੋਚੀ ਸਮਝੀ ਸਾਜ਼ਿਸ਼" ਦਾ ਹਿੱਸਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ "ਸੁਪਰਵਾਈਜ਼ਰ ਰੁਪਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਖ਼ੁਦ ਆਪਣਾ ਦੋਸ਼ ਕਬੂਲਿਆ ਸੀ ਜਿਸ ਸਦਕਾ ਉਸਨੂੰ ਨੌਕਰੀ ਤੋਂ ਹਟਾਇਆ ਗਿਆ ਪਰ ਮੇਰੇ ਖਿਲਾਫ਼ ਕੋਈ ਸਬੂਤ ਪੇਸ਼ ਨਹੀਂ ਹੋਇਆ। ਮੇਰੀ ਬਦਲੀ ਦਾ ਇਸ ਜਾਂਚ ਨਾਲ ਕੋਈ ਸਬੰਧ ਨਹੀਂ, ਇਹ ਯੂਨਿਵਰਸਿਟੀ ਦੀ ਰੁਟੀਨ ਦੀ ਵਿਭਾਗੀ ਕਾਰਵਾਈ ਹੈ। ਮੈਂ ਖ਼ੁਦ, ਮੇਰੇ ਵਿਰੁੱਧ ਲੱਗੇ ਦੋਸ਼ਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।" ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ਾਂ ਦੇ ਮਾਮਲੇ 'ਚ ਉਨ੍ਹਾਂ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੋਇਆ ਹੈ। ਇਹ ਕਹਿੰਦਿਆਂ ਉਨ੍ਹਾਂ ਆਪਣੀ ਗੱਲ ਖ਼ਤਮ ਕੀਤੀ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਬਹੁਤ ਸਾਰੀਆਂ ਗੱਲਾਂ ਸਪਸ਼ਟ ਹੋ ਜਾਣਗੀਆਂ।