
ਖੋਖਾ ਮਾਰਕੀਟ ਵਿੱਚ ਅਣਅਧਿਕਾਰਤ ਤੌਰ ਤੇ ਉਸਾਰੀ ਜਾ ਰਹੀ ਹੈ ਦੁਕਾਨਾਂ ਦੀ ਦੂਜੀ ਮੰਜਿਲ
ਐਸ ਏ ਐਸ ਨਗਰ, 22 ਜਨਵਰੀ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਉੱਪਰ ਨਾਜਾਇਜ ਨਿਰਮਾਣ ਕਰਕੇ ਆਪਣੀਆਂ ਦੁਕਾਨਾਂ ਦੇ ਉੱਪਰ ਵੀ ਕਮਰੇ ਬਣਾ ਲਏ ਹਨ ਅਤੇ ਅੰਦਰੋ ਅੰਦਰ ਪੌੜੀਆਂ ਕੱਢ ਕੇ ਦੋ ਮੰਜਿਲਾਂ ਦੁਕਾਨਾਂ ਬਣਾ ਲਈਆਂ ਗਈਆਂ ਹਨ ਪਰੰਤੂ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਪੱਖੋਂ ਪੂਰੀ ਤਰ੍ਹਾਂ ਅਵੇਸਲੇ ਹਨ।
ਐਸ ਏ ਐਸ ਨਗਰ, 22 ਜਨਵਰੀ - ਸਥਾਨਕ ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਉੱਪਰ ਨਾਜਾਇਜ ਨਿਰਮਾਣ ਕਰਕੇ ਆਪਣੀਆਂ ਦੁਕਾਨਾਂ ਦੇ ਉੱਪਰ ਵੀ ਕਮਰੇ ਬਣਾ ਲਏ ਹਨ ਅਤੇ ਅੰਦਰੋ ਅੰਦਰ ਪੌੜੀਆਂ ਕੱਢ ਕੇ ਦੋ ਮੰਜਿਲਾਂ ਦੁਕਾਨਾਂ ਬਣਾ ਲਈਆਂ ਗਈਆਂ ਹਨ ਪਰੰਤੂ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਪੱਖੋਂ ਪੂਰੀ ਤਰ੍ਹਾਂ ਅਵੇਸਲੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਰਕੀਟ ਵਿੱਚ ਲਗਭਗ ਡੇਢ ਦਰਜਨ ਦੇ ਕਰੀਬ ਦੁਕਾਨਦਾਰਾਂ ਵਲੋਂ ਅਣਅਧਿਕਾਰਤ ਤੌਰ ਤੇ ਆਪਣੀਆਂ ਦੁਕਾਨਾਂ ਦੇ ਉੱਪਰ ਵੀ ਕਮਰੇ ਤਿਆਰ ਕੀਤੇ ਹੋਏ ਹਨ। ਇਸ ਸੰਬੰਧੀ ਇਸ ਮਾਰਕੀਟ ਦੇ ਨੇੜੇ ਬਣੇ ਮਕਾਨਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਕਾਨੂੰਨ ਦੀ ਉਲੰਘਣਾ ਕਰਕੇ ਇੱਕ ਦੂਜੇ ਦੀ ਦੇਖਾਦੇਖੀ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਉੱਪਰ ਕਮਰੇ ਬਣਾ ਰਹੇ ਹਨ ਜਿਸ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸਥਾਨਕ ਵਸਨੀਕ ਕਹਿੰਦੇ ਹਨ ਕਿ ਇਸ ਥਾਂ ਤੇ ਬਣੀ ਇਸ ਮਾਰਕੀਟ ਕਾਰਨ ਵਸਨੀਕਾਂ ਨੂੰ ਪਹਿਲਾਂ ਹੀ ਢੇਰਾਂ ਮੁਸ਼ਕਲਾਂ ਸਹਿਣੀਆਂ ਪੈਂਦੀਆਂ ਹਨ। ਇਸ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਸੜਕ ਦੀ ਥਾਂ ਤੇ ਵੀ ਕਬਜੇ ਕੀਤੇ ਹੋਏ ਹਨ ਜਿਸ ਕਾਰਨ ਇੱਥੇ ਹਰ ਵੇਲੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ।
ਮਾਰਕੀਟ ਦੇ ਸਾਹਮਣੇ ਰਹਿਣ ਵਾਲੇ ਵਸਨੀਕਾਂ ਨੇ ਕਿਹਾ ਕਿ ਇਸ ਜਗ੍ਹਾ ਵਿੱਚ ਪਾਰਕਿੰਗ ਵਿੱਚ ਬੜੀ ਸਮੱਸਿਆ ਹੈ ਜਿਸ ਕਰਕੇ ਹਰ ਸਮੇਂ ਇੱਥੇ ਹਰ ਵੇਲੇ ਜਾਮ ਲੱਗਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਦੁਕਾਨਦਾਰਾਂ ਵਲੋਂ ਆਪਣੀ ਦੁਕਾਨਾਂ ਦੇ ਉੱਪਰ ਕਮਰੇ ਬਣਾਉਣ ਕਾਰਨ ਕੋਈ ਵੀ ਹਾਦਸਾ ਹੋ ਸਕਦਾ ਹੈ ਕਿਉਂਕਿ ਇਹ ਦੁਕਾਨਾਂ ਲਕੜੀ ਤੇ ਟੀਨ ਦੀਆਂ ਬਣੀਆਂ ਹੋਈਆਂ ਹਨ ਅਤੇ ਇੱਥੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਇਸ ਸੰਬੰਧੀ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ। ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਨਜਾਇਜ਼ ਕਬਜ਼ੇ ਤੁਰੰਤ ਹਟਵਾਏ ਜਾਣ ਤਾਂ ਕਿ ਕੋਈ ਹਾਦਸਾ ਨਾ ਹੋਵੇ ਕਿਉਂਕਿ ਕਈ ਵਾਰ ਕਈ ਮਾਰਕੀਟਾਂ ਵਿੱਚ ਅੱਗ ਲੱਗਣ ਦੀ ਘਟਨਾ ਵੀ ਵਾਪਰ ਚੁੱਕੀਆਂ ਹਨ।
ਇਸ ਸੰਬੰਧੀ ਗੱਲ ਕਰਨ ਤੇ ਮਾਰਕੀਟ ਦੇ ਪ੍ਰਧਾਨ ਰਕੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਉਹਨਾਂ ਵਲੋਂ ਇੱਕ ਮਹੀਨਾ ਪਹਿਲਾ ਹੀ ਇਹਨਾਂ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਇਹ ਕਬਜੇ ਹਟਾਉਣ ਲਈ ਕਿਹਾ ਗਿਆ ਸੀ ਜਿਸਤੇ ਇਹਨਾਂ ਦੁਕਾਨਦਾਰਾਂ ਨੇ ਇੱਕ ਮਹੀਨੇ ਦਾ ਟਾਈਮ ਮੰਗਿਆ ਸੀ ਕਿ ਉਹਨਾਂ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਅਤੇ ਉਹ ਉੱਪਰ ਦਾ ਕਬਜ਼ਾ ਹਟਾ ਦੇਣਗੇ ਪਰੰਤੂ ਇਹਨਾਂ ਦੁਕਾਨਦਾਰਾਂ ਨੇ ਕਬਜ਼ਾ ਨਹੀਂ ਹਟਾਇਆ।
ਸੰਪਰਕ ਕਰਨ ਤੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸz. ਮਨਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਅਤੇ ਉਹ ਇਸਦੀ ਜਾਂਚ ਕਰਵਾਉਣਗੇ ਅਤੇ ਜਾਂਚ ਤੋਂ ਬਾਅਦ ਇਸ ਸੰਬੰਧੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
