ਪਿੰਡ ਚਿੱਲਾ ਨੇੜੇ ਰੇਲਵੇ ਟਰੈਕ ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ ਦੇ ਮਾਮਲੇ ਵਿੱਚ ਪੁਲੀਸ ਵਲੋਂ ਦੋ ਵਿਅਕਤੀ ਕਾਬੂ, ਤਿੰਨ ਫਰਾਰ

ਐਸ ਏ ਐਸ ਨਗਰ , 16 ਜਨਵਰੀ - ਮੁਹਾਲੀ ਪੁਲੀਸ ਨੇ ਬੀਤੀ 8 ਜਨਵਰੀ ਨੂੰ ਪਿੰਡ ਚਿੱਲਾ ਨੇੜੇ ਰੇਲਵੇ ਟਰੈਕ ਤੇ ਮਿਲੀਆਂ ਦੋ ਨੌਜਵਾਨ ਵਿਅਕਤੀਆਂ ਦੀਆਂ ਲਾਸ਼ਾਂ ਦੇ ਮਾਮਲੇ ਨੂੰਹਲ ਕਰਕੇ ਦੋਹਰੇ ਕਤਲ ਦੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਕੁਲ ਪੰਜ ਵਿਅਕਤੀਆਂ ਦੀ ਸ਼ਮੂਲੀਅਤ ਦੱਸੀ ਗਈ ਹੈ ਜਿਹਨਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਹੁਣੇ ਕਾਬੂ ਕੀਤਾ ਜਾਣਾ ਹੈ।

ਐਸ ਏ ਐਸ ਨਗਰ , 16 ਜਨਵਰੀ - ਮੁਹਾਲੀ ਪੁਲੀਸ ਨੇ ਬੀਤੀ 8 ਜਨਵਰੀ ਨੂੰ ਪਿੰਡ ਚਿੱਲਾ ਨੇੜੇ ਰੇਲਵੇ ਟਰੈਕ ਤੇ ਮਿਲੀਆਂ ਦੋ ਨੌਜਵਾਨ ਵਿਅਕਤੀਆਂ ਦੀਆਂ ਲਾਸ਼ਾਂ ਦੇ ਮਾਮਲੇ ਨੂੰਹਲ ਕਰਕੇ ਦੋਹਰੇ ਕਤਲ ਦੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਕੁਲ ਪੰਜ ਵਿਅਕਤੀਆਂ ਦੀ ਸ਼ਮੂਲੀਅਤ ਦੱਸੀ ਗਈ ਹੈ ਜਿਹਨਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਹੁਣੇ ਕਾਬੂ ਕੀਤਾ ਜਾਣਾ ਹੈ।

ਮੁਹਾਲੀ ਦੇ ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜਿਹੜੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਿੰਡ ਚਿੱਲਾ ਨੇੜੇ ਰੇਲਵੇ ਟਰੈਕ ਤੋਂ ਬਰਾਮਦ ਹੋਈਆਂ ਸਨ ਉਹਨਾਂ ਦਾ ਕਤਲ ਜਗਤਪੁਰਾ ਕਾਲੋਨੀ ਵਿਖੇ ਰਹਿੰਦੇ ਦੋ ਨੌਜਵਾਨਾਂ ਅਮੀਰ ਉਰਫ ਕਾਕੂ ਅਤੇ ਸ਼ਿਵਾ ਦੇ ਕਮਰੇ ਵਿੱਚ ਹੋਇਆ ਸੀ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੂੰ ਪੁਲੀਸ ਵਲੋਂ ਕਾਬੂ ਕੀਤਾ ਗਿਆ ਹੈ ਅਤੇ ਇਸ ਵਾਰਦਾਤ ਵਿੱਚ ਸ਼ਾਮਿਲ ਬਾਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਸz. ਬੱਲ ਨੇ ਦੱਸਿਆ ਕਿ ਜਿਸ ਦਿਨ ਇਹ ਲਾਸ਼ਾਂ ਬਰਾਮਦ ਹੋਈਆਂ ਸਨ ਉਸ ਦਿਨ ਉਹਨਾਂ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਸੀ ਅਤੇ ਉਸ ਵੇਲੇ ਵੀ ਇਹ ਲੱਗਦਾ ਸੀ ਕਿ ਇਹ ਲਾਸ਼ਾਂ ਕਿਸੇ ਹੋਰ ਥਾਂ ਤੋਂ ਇੱਥੇ ਲਿਆ ਕੇ ਸੁੱਟੀਆਂ ਗਈਆਂ ਹੋ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਹ ਮਾਮਲਾ ਕਿਉਂਕਿ ਰੇਲਵੇ ਪੁਲੀਸ ਦਾ ਸੀ ਇਸ ਲਈ ਇਸਦੀ ਜਾਂਚ ਵੀ ਜੀ ਆਰ ਪੀ ਵਲੋਂ ਹੀ ਕੀਤੀ ਜਾ ਰਹੀ ਸੀ।

ਉਹਨਾਂ ਦੱਸਿਆ ਕਿ ਇਸ ਦੌਰਾਨ ਸੋਹਾਣਾ ਥਾਣੇ ਦੇ ਏ ਐਸ ਆਈ ਜੀਤ ਰਾਮ ਵਲੋਂ ਇੱਕ ਨਾਕੇ ਦੌਰਾਨ ਦੋ ਵਿਅਕਤੀਆਂ ਅਮੀਰ ਉਰਫ ਕਾਕੂ ਅਤੇ ਸ਼ਿਵਾ ਨੂੰ ਇੱਕ ਪਿਸਤੌਲ ਅਤੇ ਇੱਕ ਕਮਾਨੀਦਾਰ ਚਾਕੂ ਸਮੇਤ ਕਾਬੂ ਕੀਤਾ ਗਿਆ ਅਤੇ ਜਦੋਂ ਪੁਲੀਸ ਵਲੋਂ ਇਹਨਾਂ ਦੋਵਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਦੋਹਰੇ ਕਤਲ ਦੀ ਪੂਰੀ ਕਹਾਣੀ ਸਾਮ੍ਹਣੇ ਆ ਗਈ।

ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੇ ਇਹ ਗੱਲ ਦੱਸੀ ਹੈ ਕਿ ਮਨੀਸ਼ ਕੁਮਾਰ ਅਤੇ ਰਾਜ ਕਮਲ ਨਾਮ ਦੇ ਦੋਵਾਂ ਨੌਜਵਾਨਾਂ ਦਾ ਕਤਲ ਉਹਨਾਂ ਦੇ ਕਮਰੇ ਵਿੱਚ ਹੀ ਕੀਤਾ ਗਿਆ ਸੀ ਜਦੋਂ ਉਹ ਸਾਰੇ ਉੱਥੇ ਦਾਰੂ ਪੀਣ ਲਈ ਇਕੱਠੇ ਹੋਏ ਸਨ। ਉਹਨਾਂ ਕਿਹਾ ਕਿ ਮਨੀਸ਼ ਕੁਮਾਰ ਅਤੇ ਰਾਜ ਕਮਲ ਦੀ ਸਾਹਿਲ ਅਤੇ ਅਕਸ਼ੈ ਨਾਲ ਪੁਰਾਣੀ ਰੰਜਿਸ਼ ਸੀ ਅਤੇ ਉਹ ਦੋਵੇਂ ਵੀ ਉਸ ਦਿਨ ਉੱਥੇ ਆਏ ਹੋਏ ਸਨ। ਇਸ ਦੌਰਾਨ ਸਾਹਿਲ ਅਤੇ ਅਕਸ਼ੇ ਵਲੋਂ ਮਨੀਸ਼ ਕੁਮਾਰ ਅਤੇ ਰਾਜ ਕਮਲ ਨੂੰ ਕਤਲ ਕਰਕੇ ਉਹਨਾਂ ਦੇ ਗਲੇ ਵੱਢ ਦਿੱਤੇ ਗਏ ਅਤੇ ਬਾਅਦ ਵਿੱਚ ਉੱਥੇ ਮੌਜੂਦ ਰਾਹੁਲ ਦੀ ਗੱਡੀ ਵਿੱਚ ਲਾਸ਼ਾਂ ਰੱਖ ਕੇ ਇਹਨਾਂ ਲਾਸ਼ਾ ਨੂੰ ਰੇਲਵੇ ਲਾਈਨ ਤੇ ਲਿਜਾ ਕੇ ਸੁੱਟ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਦੋਵਾਂ ਦੇ ਖਿਲਾਫ ਅਸਲਾ ਐਕਟ ਦੀ ਧਾਰਾ 25-54-59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਦੋਹਰੇ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਸਾਹਿਲ, ਅਕਸ਼ੈ ਅਤੇ ਰਾਹੁਲ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਇੱਥੇ ਜਿਕਰਯੋਗ ਹੈ ਕਿ ਬੀਤੀ 8 ਜਨਵਰੀ ਨੂੰ ਨਜਦੀਕੀ ਪਿੰਡ ਚਿੱਲਾ ਦੇ ਨਾਲ ਲੰਘਦੇ ਰੇਲਵੇ ਟਰੈਕ ਤੇ 2 ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਹਨਾਂ ਮ੍ਰਿਤਕ ਨੌਜਵਾਨਾਂ ਦੀ ਉਮਰ 25-30 ਸਾਲ ਦੇ ਕਰੀਬ ਸੀ ਅਤੇ ਇਹ ਦੋਵੇਂ ਪਰਵਾਸੀ ਲੱਗਦੇ ਸਨ। ਰੇਲਵੇ ਲਾਈਨ ਤੇ ਲਾਸ਼ਾਂ ਦੀ ਬਰਾਮਦਗੀ ਕਾਰਨ ਇਸ ਸੰਬੰਧੀ ਜੀ ਆਰ ਪੀ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ।

ਉਸ ਵੇਲੇ ਮੌਕੇ ਪਹੁੰਚੇ ਰੇਲਵੇ ਪੁਲੀਸ ਦੇ ਡੀਐਸਪੀ ਜਗਮੋਹਨ ਸਿੰਘ ਨੇ ਕਿਹਾ ਸੀ ਕਿ ਮੁੱਢਲੀ ਜਾਂਚ ਦੌਰਾਨ ਅਜਿਹਾ ਲੱਗਦਾ ਹੈ ਕਿ ਇਹਨਾਂ ਵਿਅਕਤੀਆਂ ਨੂੰ ਕਿਤੇ ਹੋਰ ਕਤਲ ਕਰਨ ਤੋਂ ਬਾਅਦ ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਇੱਥੇ ਰੇਲਵੇ ਟਰੈਕ ਤੇ ਸੁੱਟਿਆ ਗਿਆ ਹੈ। ਉਹਨਾਂ ਦੱਸਿਆ ਸੀ ਕਿ ਮ੍ਰਿਤਕਾਂ ਦੇ ਗਲੇ ਕੱਟੇ ਹੋਏ ਸਨ ਅਤੇ ਅਜਿਹਾ ਲੱਗਦਾ ਹੈ ਕਿ ਕਿਸੇ ਤੇਜਧਾਰ ਹਥਿਆਰ ਦੀ ਵਰਤੋਂ ਕਰਕੇ ਗਲੇ ਵੱਢੇ ਗਏ ਹਨ। ਰੇਲਵੇ ਟਰੈਕ ਦੇ ਨੇੜੇ ਸੜਕ ਕਿਨਾਰੇ ਖੂਨ ਵੀ ਮਿਲਿਆ ਸੀ ਜਿਸ ਨਾਲ ਸ਼ੱਕ ਜਾਹਿਰ ਕੀਤਾ ਗਿਆ ਸੀ ਕਿ ਇਹਨਾਂ ਲਾਸ਼ਾਂ ਨੂੰ ਕਿਸੇ ਗੱਡੀ ਵਿੱਚ ਪਾ ਕੇ ਇੱਥੇ ਲਿਆਂਦਾ ਗਿਆ ਹੋ ਸਕਦਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਪੁਲੀਸ ਵੱਲੋਂ ਇਹਨਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਮੀਰ ਉਰਫ ਕਾਕੂ ਦਾ 2 ਦਿਨ ਦਾ ਪੁਲੀਸ ਰਿਮਾਂਡ ਮਿਲਿਆ ਹੈ ਜਦੋਂ ਕਿ ਸ਼ਿਵਾ ਦੇ ਨਾਬਾਲਗ ਹੋਣ ਕਾਰਨ ਉਸ ਨੂੰ ਦੂਸਰੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਸੀ।