
ਧੀਆਂ ਦੀ ਲੋਹੜੀ ਮਨਾਉਣ ਦੀ ਮੁਹਿੰਮ ਨਾਲ ਹੁਣ ਬਦਲ ਰਹੀ ਸਮਾਜ ਦੀ ਸੋਚ
ਨਵਾਂਸ਼ਹਿਰ - ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ‘ਚ ਅਹਿਮ ਸਥਾਨ ਰੱਖਦਾ ਹੈ। ਲੇਕਿਨ ਪਿਛਲੀ ਸਦੀ ਤੱਕ ਪੁੱਤਰ ਦੇ ਵਿਆਹ ਜਾਂ ਘਰ ਵਿਚ ਲੜਕੇ ਦੇ ਜਨਮ ਸਮੇਂ ਹੀ ਪਰਿਵਾਰਾਂ ਵਲੋਂ ਪੂਰੇ ਉਤਸ਼ਾਹ ਨਾਲ ਲੋਹੜੀ ਮਨਾਈ ਜਾਂਦੀ ਸੀ। ਜਦਕਿ ਧੀਆਂ ਦੇ ਜਨਮ ਨੂੰ ਉਂਨੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ।
ਨਵਾਂਸ਼ਹਿਰ - ਲੋਹੜੀ ਦਾ ਤਿਉਹਾਰ ਪੰਜਾਬੀ ਸੱਭਿਆਚਾਰ ‘ਚ ਅਹਿਮ ਸਥਾਨ ਰੱਖਦਾ ਹੈ। ਲੇਕਿਨ ਪਿਛਲੀ ਸਦੀ ਤੱਕ ਪੁੱਤਰ ਦੇ ਵਿਆਹ ਜਾਂ ਘਰ ਵਿਚ ਲੜਕੇ ਦੇ ਜਨਮ ਸਮੇਂ ਹੀ ਪਰਿਵਾਰਾਂ ਵਲੋਂ ਪੂਰੇ ਉਤਸ਼ਾਹ ਨਾਲ ਲੋਹੜੀ ਮਨਾਈ ਜਾਂਦੀ ਸੀ। ਜਦਕਿ ਧੀਆਂ ਦੇ ਜਨਮ ਨੂੰ ਉਂਨੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ। ਪਰ ਮੌਜੂਦਾ ਸਦੀ ਦੇ ਆਰੰਭ ਤੋਂ ਸਮਾਜ ਸੇਵੀ ਜੱਥੇਬੰਦੀਆਂ ਵਲੋਂ ਇਸ ਸਮਾਜਿਕ ਕੁਰੀਤੀ ਦੇ ਖਿਲਾਫ ਆਵਾਜ਼ ਬੁਲੰਦ ਕਰਦਿਆਂ ‘ਧੀਆਂ ਦੀ ਲੋਹੜੀ’ ਪਾਉਣ ਦੀ ਜੋ ਨਵੇਕਲੀ ਪਰੰਪਰਾ ਆਰੰਭੀ ਗਈ ਸੀ, ਹੁਣ ਉਹ ਅਸਰ ਦਿਖਾਉਂਦੀ ਨਜ਼ਰ ਆਉਣ ਲੱਗ ਪਈ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਂਈ ਕਰਨੈਲ ਸ਼ਾਹ ਗੱਦੀ ਨਸ਼ੀਨ ਦਰਬਾਰ ਨੂਰ ਏ ਖੁਦਾ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ, ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਲੱਖਪੁਰ, ਕਿਸਾਨ ਆਗੂ ਹਰਵਿੰਦਰ ਸਿੰਘ ਖੁਣਖੁਣ ਮਾਨਾਂਵਾਲੀ, ਮਲਕੀਤ ਚੰਦ ਪੰਚਾਇਤ ਸਕੱਤਰ ਫਗਵਾੜਾ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ ਅਤੇ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ ਨੇ ਕਿਹਾ ਕਿ ਸਮੇਂ ਦੇ ਨਾਲ ਹੁਣ ਸਮਾਜ ਦੀ ਸੋਚ ਬਦਲ ਰਹੀ ਹੈ ਜਿਸ ਵਿਚ ਧੀਆਂ ਦੀ ਲੋਹੜੀ ਪਾਉਣ ਦੀ ਪਰੰਪਰਾ ਦੀ ਵੱਡੀ ਭੂਮਿਕਾ ਹੈ। ਉਹਨਾਂ ਜਿੱਥੇ ਧੀਆਂ ਤੇ ਪੁੱਤਰਾਂ ਦੀ ਲੋਹੜੀ ਪੂਰੇ ਉਤਸ਼ਾਹ ਨਾਲ ਮਨਾਉਣ ਦੀ ਗੱਲ ਕਹੀ ਉੱਥੇ ਹੀ ਸਮੂਚੇ ਸਮਾਜ ਨੂੰ ਅਪੀਲ ਕੀਤੀ ਕਿ ਅਮੀਰ ਪੰਜਾਬੀ ਵਿਰਸੇ ਨਾਲ ਜੁੜੇ ਇਸ ਤਿਓਹਾਰ ਦੇ ਇਤਿਹਾਸ ਨਾਲ ਅਜੋਕੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਵੀ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਅੱਜ ਦੇ ਨੌਜਵਾਨ ਲੋਹੜੀ ਦੇ ਮਹੱਤਵ ਨੂੰ ਸਿਰਫ ਮੌਜ ਮਸਤੀ ਜਾਂ ਰਾਤ ਨੂੰ ਧੂਣੀ ਬਾਲ ਕੇ ਮੂੰਗਫਲੀ ਰਿਉੜੀਆਂ ਖਾਣ ਤੱਕ ਸੀਮਿਤ ਸਮਝਦੇ ਹਨ। ਆਗੂਆਂ ਨੇ ਦੱਸਿਆ ਕਿ ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ ਤੇ ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ ਪਰ ਸਭ ਤੋਂ ਪ੍ਰਚਲਿਤ ਲੋਕ-ਕਥਾ ਅਨੁਸਾਰ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇੱਕ ਗਰੀਬ ਦੀਆਂ ਸੁੰਦਰੀ ਤੇ ਮੰਦਰੀ ਨਾਮ ਦੀਆਂ ਦੋ ਧੀਆਂ ਦਾ ਵਿਆਹ ਆਪਣੇ ਹੱਥੀ ਕਰਵਾ ਕੇ ਉਹਨਾਂ ਨੂੰ ਦੁਸ਼ਟ ਹਾਕਮ ਦੇ ਚੰਗੁਲ ਤੋਂ ਬਚਾਇਆ ਸੀ। ਉਹਨਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਦੁੱਲਾ ਭੱਟੀ ਦੀ ਇਸ ਕਹਾਣੀ ਤੋਂ ਸੇਧ ਲੈਂਦਿਆਂ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਦੇ ਉਪਰਾਲੇ ਜਰੂਰ ਕਰਨ। ਇਸ ਦੌਰਾਨ ਉਹਨਾਂ ਸਾਰਿਆਂ ਨੂੰ ਲੋਹੜੀ ਦੀਆਂ ਸ਼ੁੱਭ ਇੱਛਾਵਾਂ ਵੀ ਦਿੱਤੀਆਂ।
