ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਨਾਲ ਸੂਬੇ ਵਿੱਚ ਖੇਡਾਂ ਲਈ ਸਾਜਗਰ ਮਾਹੌਲ ਬਣਿਆ : ਕੁਲਵੰਤ ਸਿੰਘ

ਐਸ ਏ ਐਸ ਨਗਰ, 6 ਜਨਵਰੀ - ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਦੇ ਨਾਲ ਪੰਜਾਬ ਦੇ ਵਿੱਚ ਖੇਡਾਂ ਪ੍ਰਤੀ ਇੱਕ ਸਾਜਗਾਰ ਮਾਹੌਲ ਤਿਆਰ ਹੋ ਚੁੱਕਾ ਹੈ, ਜਿਸ ਦੇ ਲਈ ਪੰਜਾਬ ਭਰ ਵਿੱਚ ਕੰਮ ਕਰਦੀਆਂ ਖੇਡ ਕਲੱਬਾਂ ਦਾ ਵੀ ਅਹਿਮ ਯੋਗਦਾਨ ਹੈ।

ਐਸ ਏ ਐਸ ਨਗਰ, 6 ਜਨਵਰੀ - ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਦੇ ਨਾਲ ਪੰਜਾਬ ਦੇ ਵਿੱਚ ਖੇਡਾਂ ਪ੍ਰਤੀ ਇੱਕ ਸਾਜਗਾਰ ਮਾਹੌਲ ਤਿਆਰ ਹੋ ਚੁੱਕਾ ਹੈ, ਜਿਸ ਦੇ ਲਈ ਪੰਜਾਬ ਭਰ ਵਿੱਚ ਕੰਮ ਕਰਦੀਆਂ ਖੇਡ ਕਲੱਬਾਂ ਦਾ ਵੀ ਅਹਿਮ ਯੋਗਦਾਨ ਹੈ। ਹਲਕੇ ਦੇ ਪਿੰਡ ਸ਼ਾਮਪੁਰ ਵਿਖੇ ਸ਼ਹੀਦ ਭਗਤ ਸਿੰਘ ਯਾਦਗਾਰੀ ਕਲੱਬ ਵਲੋਂ ਕਰਵਾਏ ਗਏ ਖੇਡ ਟੂਰਨਾਮੈਂਟ ਵਿਚ ਸ਼ਿਰਕਤ ਕਰਨ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪ੍ਰਣ ਕੀਤਾ ਹੈ ਕਿ ਪੰਜਾਬ ਨੂੰ ਫਿਰ ਤੋਂ ਹੱਸਦਾ ਗਾਉਂਦਾ ਅਤੇ ਖੇਡਦਾ ਪੰਜਾਬ ਬਣਾਉਣਾ ਹੈ, ਜਿਸਦੇ ਤਹਿਤ ਸਰਕਾਰ ਵਲੋਂ ਨੌਜਵਾਨ ਵਰਗ ਨੂੰ ਖੇਡਾਂ ਦਾ ਲੋੜੀਂਦਾ ਸਮਾਨ ਦਿੱਤਾ ਜਾ ਰਿਹਾ ਹੈ ਅਤੇ ਅੱਜ ਪਿੰਡ ਪਿੰਡ ਵਿੱਚ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਣ ਦੀ ਗੱਲ ਕਰ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਖੇਡਾਂ ਦੇ ਲਈ ਲਗਾਤਾਰ ਸਾਜਗਾਰ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮਿਆਂ ਦੇ ਵਿੱਚ ਪੰਜਾਬ ਦਾ ਯੂਥ ਭਟਕ ਚੁੱਕਾ ਸੀ ਅਤੇ ਕਲਾ- ਕਿਰਤੀਆਂ, ਗਾਉਣ- ਵਜਾਉਣ ਅਤੇ ਖੇਡਾਂ ਦੇ ਵਿੱਚ ਮੋਹਰੀ ਸੂਬੇ ਵਜੋਂ ਗਿਣਿਆ ਜਾਂਦਾ ਪੰਜਾਬ ਬਹੁਤ ਪੱਛੜ ਗਿਆ ਸੀ, ਪਰੰਤੂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਨੌਜਵਾਨ ਵਰਗ ਦੀ ਤੰਦਰੁਸਤੀ ਦੇ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਗਈਆਂ। ਇਸਦੇ ਨਾਲ ਹੀ ਸਰਕਾਰ ਵੱਲੋਂ ਖੇਡਾਂ ਦੇ ਵਿੱਚ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਪੰਜਾਬ ਦਾ ਯੂਥ ਹੁਣ ਨਸ਼ਿਆਂ ਨੂੰ ਛੱਡ ਕੇ ਖੇਡ ਮੈਦਾਨ ਦੇ ਵਿੱਚ ਜਾਣਾ ਵਧੇਰੇ ਪਸੰਦ ਕਰਦਾ ਹੈ।

ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਯਾਦਗਾਰੀ ਕਲੱਬ ਸ਼ਾਮਪੁਰ ਵਲੋਂ ਕਰਵਾਇਆ ਗਿਆ ਇਹ ਖੇਡ ਮੇਲਾ ਆਪਣੇ ਆਪ ਵਿੱਚ ਖੇਡਾਂ ਦਾ ਮਾਹੌਲ ਤਿਆਰ ਕਰਨ ਵਿੱਚ ਵਡਮੁੱਲਾ ਯੋਗਦਾਨ ਹੈ ਅਤੇ ਅਜਿਹੇ ਖੇਡ ਮੇਲੇ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੇਡ ਕਲੱਬਾਂ ਨੂੰ ਲੋੜੀਂਦਾ ਸਾਮਾਨ ਹਰ ਹੀਲੇ ਪੁੱਜਦਾ ਕੀਤਾ ਜਾਂਦਾ ਰਹੇਗਾ। ਇਸ ਖੇਡ ਮੇਲੇ ਦੇ ਆਯੋਜਨ ਲਈ ਉਹਨਾਂ ਨੇ ਕਲੱਬ ਦੇ ਪ੍ਰਧਾਨ ਰੋਮੀ ਅਤੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਅਤੇ ਕਰਮਜੀਤ ਸਿੰਘ ਸ਼ਾਮਪੁਰ ਸਮੇਤ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਨ ਤੋਂ ਇਲਾਵਾ ਪਿੰਡ ਦੀ ਸਮੁੱਚੀ ਪੰਚਾਇਤ ਦੀ ਸ਼ਲਘਾ ਕੀਤੀ। ਉਹਨਾਂ ਇਸ ਮੌਕੇ ਕਲੱਬ ਨੂੰ ਆਪਣੇ ਵੱਲੋਂ 31000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਭਵਿੱਖ ਵਿੱਚ ਖੇਡਾਂ ਦੇ ਲਈ ਅਤੇ ਹੋਰਨਾਂ ਕੰਮਾਂ ਦੇ ਲਈ ਹਰ ਵੇਲੇ ਮੌਜੂਦ ਰਹਿਣ ਦੇ ਦਾ ਵਾਅਦਾ ਕੀਤਾ।

ਇਸ ਮੌਕੇ ਉਹਨਾਂ ਦੇ ਨਾਲ ਕੁਲਦੀਪ ਸਿੰਘ ਸਮਾਣਾ, ਪਰਮਜੀਤ ਸਿੰਘ ਕਾਹਲੋਂ, ਅਵਤਾਰ ਸਿੰਘ ਮੌਲੀ, ਆਰ .ਪੀ ਸ਼ਰਮਾ, ਰਵਿੰਦਰ ਸਿੰਘ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਡਾ. ਕੁਲਦੀਪ ਸਿੰਘ, ਤਰਲੋਚਨ ਸਿੰਘ ਤੋਚੀ, ਮੰਨਾ ਸੰਧੂ, ਗੁਰਪਾਲ ਸਿੰਘ ਮਦਨਪੁਰ ਅਤੇ ਹਰਵਿੰਦਰ ਸਿੰਘ ਸ਼ਾਮਪੁਰ ਸਮੇਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ, ਸਮਰਥਕ ਅਤੇ ਖੇਡ ਪ੍ਰੇਮੀ ਹਾਜ਼ਰ ਸਨ।