ਵਿਸ਼ਾਖਾਪਟਨਮ ਵਿਖੇ ਹੋਏ ਕੁਸ਼ਤੀ ਮੁਕਾਬਲਿਆਂ 'ਚ ਪੋਜੇਵਾਲ ਦੇ ਆਕਾਸ਼ ਨੇ ਸੋਨੇ ਦਾ ਤਗਮਾ ਜਿੱਤਿਆ
ਸੜੋਆ - 2023 ਦੇ ਖਤਮ ਹੁੰਦਿਆਂ ਤੇ 2024 ਦੇ ਚੜ੍ਹਦਿਆਂ ਹੀ ਬਲਾਚੌਰ ਇਲਾਕੇ ਦੇ ਪ੍ਰਸਿੱਧ ਪਿੰਡ ਪੋਜੇਵਾਲ ਦੇ ਜੰਮਪਲ ਡੀ ਏ ਵੀ ਕਾਲਜ ਹੁਸ਼ਿਆਰਪੁਰ ਦੇ ਪਹਿਲੇ ਸਾਲ ਦੇ ਵਿਦਿਆਰਥੀ ਆਕਾਸ਼ ਕਟਾਰੀਆ ਨੇ ਕੁਲ ਹਿੰਦ ਯੂਨੀਵਰਸਟੀ ਪੱਧਰ ਉਤੇ ਵਿਸ਼ਾਖਾਪਟਨਮ ਵਿਖੇ ਜੁਝਾਰੂ ਕੁਸ਼ਤੀਆਂ 71 ਕਿਲੋ ਭਾਰ ਵਰਗ ਵਿਚ ਹੋਏ ਮੁਕਾਬਲਿਆਂ 'ਚ ਸੋਨੇ ਦਾ ਤਗਮਾ ਪ੍ਰਾਪਤ ਕਰਕੇ ਆਪਣੇ ਪਿੰਡ ਪੋਜੇਵਾਲ, ਬਲਾਚੌਰ ਇਲਾਕੇ ਅਤੇ ਆਪਣੇ ਕਾਲਜ ਦੀਆਂ ਪ੍ਰਾਪਤੀਆਂ ਰੂਪੀ ਕਿਤਾਬ ਵਿਚ ਇਕ ਨਵਾਂ ਵਰਕਾ ਜੋੜਦਿਆਂ ਆਪਣੇ ਨਾਂ ਮੁਤਾਬਕ ਖੇਡਾਂ ਦੇ ਇਸ ਆਕਾਸ਼ ਵਿਚ ਇਕ ਚਮਕਦੇ ਤਾਰੇ ਦੇ ਤੌਰ ਤੇ ਨਾਂ ਦਰਜ ਕਰਵਾਇਆ ਹੈ।

ਭਾਵੇਂ ਸਮੇਂ - ਸਮੇਂ ਦੀਆਂ ਸਰਕਾਰਾਂ ,ਨੁਮਾਇੰਦਿਆਂ ਵਲੋਂ ਬਲਾਚੌਰ ਨੂੰ ਹਰ ਖੇਤਰ ਦੇ ਨਾਲ ਨਾਲ ਖੇਡਾਂ ਦੀਆਂ ਸਹੂਲਤਾਂ ਤੋਂ ਹਮੇਸ਼ਾ ਅਣਗੌਲਿਆਂ ਰੱਖਿਆ ਗਿਆ ਹੈ। ਪਰ ਇਥੋਂ ਦੇ ਬਹੁਤ ਸਾਰੇ ਜੰਮਪਲਾਂ ਨੇ ਆਪਣੇ ਪਰਿਵਾਰ, ਉਤਸ਼ਾਹ ਕਰਨ ਵਾਲਿਆਂ ਅਤੇ ਸੁਰੁਆਤੀ ਗੁਣ ਦੇਣ ਵਾਲਿਆਂ ਦੇ ਸਹਿਯੋਗ ਤੋਂ ਮਿਲੇ ਮੌਕੇ ਨਾਲ ਕਬੱਡੀ, ਹੈਂਡ ਵਾਲ, ਵਾਲੀਬਾਲ ਤੇ ਪਹਿਲਵਾਨੀ ਸਮੇਤ ਅਨੇਕਾਂ ਖੇਡਾਂ 'ਚ ਜਿਲ੍ਹਾ ਪੱਧਰ ਤੋਂ ਲੈ ਕੇ ਦੇਸ਼ ਪੱਧਰ ਤੱਕ ਨਾਮ ਕਮਾਇਆ ਹੈ। ਵਿਸ਼ਾਖਾਪਟਨਮ ਵਿਖੇ ਹੋਏ (ਜੁਝਾਰੂ ਕੁਸ਼ਤੀ) ਦੇ ਮੁਕਾਬਲਿਆਂ ਚ ਸੋਨ ਤਗਮਾ ਜਿੱਤਣ ਵਾਲੇ ਆਕਾਸ਼ ਕਟਾਰੀਆ (ਉਮਰ 19 ਸਾਲ) ਦਾ ਜਨਮ ਪਿੰਡ ਪੋਜੇਵਾਲ ਵਿਖੇ ਹੋਇਆ। ਆਕਾਸ਼ ਦੇ ਪਿਤਾ ਮੋਹਨ ਲਾਲ ਨੇ ਆਪਣੇ ਇਸ ਪੁੱਤਰ ਨੂੰ ਐਮ ਬੀ ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪੋਜੇਵਾਲ ਵਿਖੇ ਪੜ੍ਹਨ ਲਈ ਦਾਖਿਲ ਕਰਵਾਇਆ। ਇਸ ਸਕੂਲ ਵਿਚ ਪੜ੍ਹਦੇ ਸਮੇਂ ਪ੍ਰਿੰਸੀਪਲ ਦੇਵ ਰਾਜ ਕਟਾਰੀਆ ਦੀ ਦਿੱਤੀ ਹੱਲਾ ਸ਼ੇਰੀ ਅਤੇ ਅਗਵਾਈ ਹੇਠ ਆਕਾਸ਼ ਨੇ ਸਕੂਲ ਪੱਧਰ ਉਤੇ ਹੋਣ ਵਾਲੀਆਂ ਖੇਡਾਂ 'ਚ ਪਹਿਲਵਾਨੀ ਦੇ ਵੱਖ ਵੱਖ ਭਾਰ ਦੇ ਮੁਕਾਬਲਿਆਂ 'ਚ ਬਾਰ੍ਹਵੀਂ ਤੱਕ ਭਾਗ ਲੈਣਾ ਜਾਰੀ ਰੱਖਿਆ। ਜਿਸਦੀ ਬਦੌਲਤ ਆਕਾਸ਼ ਜਿਲ੍ਹਾ ਅਤੇ ਸੂਬਾ ਪੱਧਰ ਤੇ ਹੋਣ ਵਾਲੀਆਂ ਖੇਡਾਂ 'ਚ ਪਹਿਲਵਾਨ ਦੇ ਤੌਰ ਤੇ ਸ਼ਾਮਿਲ ਹੋਇਆ। ਇਥੇ ਹੀ ਬਸ ਨਹੀਂ ਪ੍ਰਿੰਸੀਪਲ ਦੇਵ ਰਾਜ ਕਟਾਰੀਆ ਵਲੋਂ ਦਿੱਤੀ ਹੱਲਾਸ਼ੇਰੀ ਅਤੇ ਸਹਿਯੋਗ ਕਾਰਨ ਮੋਹਨ ਲਾਲ ਨੇ ਆਕਾਸ਼ ਨੂੰ ਕੁਸ਼ਤੀ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਜ਼ੀਰਕਪੁਰ ਵਿਖੇ ਭੇਜਿਆ। 2023 'ਚ ਆਪਣੇ ਪੁੱਤ ਦੀ ਮਿਹਨਤ ਨੂੰ ਦੇਖਦੇ ਡੀ ਏ ਵੀ ਕਾਲਜ ਹੁਸ਼ਿਆਰਪੁਰ ਦਾਖਿਲ ਕਰਵਾਇਆ। ਆਕਾਸ਼ ਪੜ੍ਹਨ ਦੇ ਨਾਲ ਨਾਲ ਇੱਥੇ ਹੀ ਆਪਣੀ ਮਿਹਨਤ ਵੀ ਕਰ ਰਿਹਾ ਹੈ। ਇਸੇ ਦੌਰਾਨ ਹੀ ਆਕਾਸ਼ ਕਟਾਰੀਆ ਨੇ ਇਹ ਵੱਡੀ ਪ੍ਰਾਪਤੀ ਕੀਤੀ ਹੈ। ਆਕਾਸ਼ ਕਟਾਰੀਆ ਦੀ ਇਸ ਪ੍ਰਾਪਤੀ ਨੇ ਆਪਣੇ ਮਾਤਾ-ਪਿਤਾ, ਪਿੰਡ, ਇਲਾਕੇ ਅਤੇ ਵਿਦਿਅਕ ਸੰਸਥਾ ਦੇ ਨਾਲ ਨਾਲ ਆਪਣੇ ਗੁਰੂ ਦਾ ਨਾਂ ਰੋਸ਼ਨ ਕੀਤਾ ਹੈ। ਆਕਾਸ਼ ਦੀ ਇਸ ਪ੍ਰਾਪਤੀ ਲਈ ਆਕਾਸ਼ ਤੇ ਇਸਦਾ ਪਰਿਵਾਰ ਵਧਾਈ ਦਾ ਪਾਤਰ ਹੈ। ਪੂਰਾ ਇਲਾਕਾ ਉਮੀਦ ਕਰਦਾ ਹੈ ਕਿ ਆਕਾਸ਼ ਕਟਾਰੀਆ ਆਪਣੀ ਮਿਹਨਤ ਨਾਲ ਆਪਣੇ ਨਾਂ ਵਾਂਗ ਹੀ ਕੁਸ਼ਤੀ ਦੇ ਆਕਾਸ਼ ਵਿਚ ਤਾਰੇ ਤੋਂ ਧਰੂ ਤਾਰਾ ਬਣਨ ਵੱਲ ਨੂੰ ਅੱਗੇ ਵਧੇਗਾ ਅਤੇ ਨੌਜਵਾਨੀ ਨੂੰ ਨਸ਼ੇ ਤਿਆਗ ਕੇ ਖੇਡਾਂ ਵੱਲ ਆਉਣ ਲਈ ਰਾਹ ਦਸੇਰਾ ਵੀ ਬਣੇਗਾ।