ਜਦੋਂ ਮੁਹੰਮਦ ਅਮਾਨ ਖ਼ਾਨ ਤੇ ਕੇਡੀਆ ਭਰਾਵਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ, ਦਰਸ਼ਕ ਹੋਏ ਮੰਤਰਮੁਗਧ

ਪਟਿਆਲਾ, 24 ਦਸੰਬਰ - ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ ਜ਼ੈੱਡ ਸੀ ਸੀ) ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਚੱਲ ਰਹੇ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਸਮਾਰੋਹ ਦੇ ਤੀਜੇ ਦਿਨ ਐਤਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੋਰਮੁਕਤ ਕੇਡੀਆ ਅਤੇ ਪੰਡਿਤ ਮਨੋਜ ਕੇਡੀਆ ਨੇ ਆਪਣੀ ਜੁਗਲਬੰਦੀ ਪੇਸ਼ ਕੀਤੀ।

ਪਟਿਆਲਾ, 24 ਦਸੰਬਰ - ਉੱਤਰ ਖੇਤਰੀ ਸੱਭਿਆਚਾਰਕ ਕੇਂਦਰ (ਐਨ ਜ਼ੈੱਡ ਸੀ ਸੀ) ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ਚੱਲ ਰਹੇ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਸਮਾਰੋਹ ਦੇ ਤੀਜੇ ਦਿਨ  ਐਤਵਾਰ ਸ਼ਾਮ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਮੋਰਮੁਕਤ ਕੇਡੀਆ ਅਤੇ ਪੰਡਿਤ ਮਨੋਜ ਕੇਡੀਆ ਨੇ ਆਪਣੀ ਜੁਗਲਬੰਦੀ ਪੇਸ਼ ਕੀਤੀ। ਸਮਾਗਮ ਵਿੱਚ ਜਿਵੇਂ ਹੀ ਵੱਡੇ ਭਰਾ ਪੰਡਿਤ ਮੋਰਮੁਕੁਟ ਕੇਡੀਆ ਅਤੇ ਛੋਟੇ ਭਰਾ ਪੰਡਿਤ ਮਨੋਜ ਕੇਡੀਆ ਨੇ ਸਿਤਾਰ ਅਤੇ ਸਰੋਦ ਵਜਾਉਂਦੇ ਹੋਏ ਰਾਗ ਕਿਰਵਾਨੀ ਅਤੇ ਰਾਗ ਝਿੰਝੋਟੀ ਪੇਸ਼ ਕੀਤਾ ਤਾਂ ਪੂਰਾ ਆਡੀਟੋਰੀਅਮ 'ਤੇ ਵਿਸਮਾਦ ਛਾ ਗਿਆ। ਇਸ ਤੋਂ ਬਾਅਦ ਦੋਹਾਂ ਭਰਾਵਾਂ ਨੇ ਰਾਗ ਮਾਜ-ਖਮਾਜ, ਯਮਨ, ਚੰਦਰਨੰਦਨ, ਪੂਰੀਆ ਕਲਿਆਣ, ਦੇਸ਼, ਮਿਸ਼ਰ ਪੀਲੂ ਆਦਿ ਪੇਸ਼ ਕੀਤੇ।
ਇਨ੍ਹਾਂ ਦੋਵਾਂ ਕਲਾਕਾਰਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ । ਇਸ ਦੌਰਾਨ ਪੰਡਿਤ ਮੋਰਮੁਕੁਟ ਨੇ ਦੱਸਿਆ ਕਿ ਉਨ੍ਹਾਂ ਦੀ ਜੁਗਲਬੰਦੀ ਨੂੰ ਪੰਜਾਹ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ।  ਦੋਵਾਂ ਭਰਾਵਾਂ ਨੇ ਸੱਤ ਸਾਲ ਦੀ ਉਮਰ ਵਿੱਚ ਪਹਿਲੀ ਪੇਸ਼ਕਾਰੀ ਦਿੱਤੀ ਸੀ। ਦੋਵੇਂ ਭਰਾ ਦੇਸ਼ ਦੇ ਅਜਿਹੇ ਕਲਾਕਾਰ ਹਨ ਜੋ ਸਰੋਦ-ਸਿਤਾਰ ਦੀ ਜੁਗਲਬੰਦੀ ਵਿੱਚ ਮਾਹਰ ਹਨ। ਇਨ੍ਹਾਂ ਦੋਵਾਂ ਕਲਕਾਰਾਂ ਦੀ ਬਿਹਤਰੀਨ ਪੇਸ਼ਕਾਰੀ ਮਗਰੋਂ 
 ਆਗਰਾ ਅਤੇ ਪਟਿਆਲਾ ਘਰਾਣੇ ਦੇ ਸ਼ਾਸਤਰੀ ਗਾਇਕ ਮੁਹੰਮਦ ਅਮਾਨ ਨੇ ਰਾਗ ਗੋਰਖ ਕਲਿਆਣ ’ਤੇ ਆਧਾਰਿਤ ਬਿਲੰਬਿਤ ਖਆਲ "ਧੰਨ-ਧੰਨ ਭਾਗਿਆ...." ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਗਾਇਕੀ ਦੀ ਪ੍ਰਪੱਕਤਾ ਅਤੇ ਸੁਰੀਲੇ ਬੋਲਾਂ ਨੇ ਸਰੋਤਿਆਂ ਨੂੰ ਮੋਹ ਲਿਆ। ਸੁਰਾਂ 'ਤੇ ਡੂੰਘੀ ਪਕੜ ਨੇ ਅਮਾਨ ਦੀ ਗਾਇਕੀ ਨੂੰ ਵਿਲੱਖਣ ਬਣਾ ਦਿੱਤਾ। ਉਸਨੇ ਤੀਨ ਤਾਲ ਦੇ ਵਿਚਕਾਰਲੇ ਟੈਂਪੋ ਵਿੱਚ ਰਚੀ ਗਈ ਰਚਨਾ "ਐਰੀ ਮੋਰੀ ਆਲੀ ਪੀਆ ਘਰ ਆਏ..." ਨਾਲ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਅੰਤ ਵਿੱਚ ਜਦੋਂ ਉਸ ਨੇ ਰਾਗ ਖਮਾਜ ਵਿੱਚ ਠੁਮਰੀ ਪੂਰੀ ਤਰ੍ਹਾਂ ਨਿੱਠ ਕੇ ਗਾਈ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਸੁਰਾਂ ਦੀ ਮਹਿਕ ਹਰ ਪਾਸੇ ਫੈਲ ਗਈ ਹੋਵੇ। 
ਐਨ ਜ਼ੈੱਡ ਸੀ ਸੀ ਦੇ ਡਾਇਰੈਕਟਰ ਫੁਰਕਾਨ ਖਾਨ ਨੇ ਦੱਸਿਆ ਕਿ ਸੋਮਵਾਰ ਨੂੰ ਚਾਰ ਰੋਜ਼ਾ ਸ਼ਾਸਤਰੀ ਸੰਗੀਤ ਉਤਸਵ ਦਾ ਆਖਰੀ ਦਿਨ ਹੈ ਅਤੇ ਫੈਸਟੀਵਲ ਦੇ ਆਖਰੀ ਦਿਨ ਵਿਸ਼ਵ ਪ੍ਰਸਿੱਧ ਵਿਸ਼ਵ ਮੋਹਨ ਭੱਟ, ਮੋਹਨ ਵੀਨਾ, ਸਲਿਲ ਭੱਟ, ਸਾਤਵਿਕ ਵੀਨਾ ਅਤੇ ਹਰੀਸ਼ ਤਿਵਾੜੀ ਸਮੇਤ ਕਲਾਕਾਰ ਹਾਜ਼ਰੀ ਭਰਨਗੇ। ਉਨ੍ਹਾਂ ਪਟਿਆਲਵੀਆਂ ਤੇ ਖ਼ਾਸ ਕਰਕੇ ਸ਼ਾਸਤਰੀ ਸੰਗੀਤ ਸੰਗੀਤ ਪ੍ਰੇਮੀਆਂ ਨੂੰ ਮੇਲੇ ਦੇ ਆਖਰੀ ਦਿਨ ਹਾਜ਼ਰੀ ਭਰਨ ਦੀ ਅਪੀਲ ਕੀਤੀ।