ਵੈਟਨਰੀ ਯੂਨੀਵਰਸਿਟੀ ਵਿਖੇ ਨਵਨਿਯੁਕਤ ਅਧਿਆਪਕਾਂ ਲਈ ਕਰਵਾਇਆ ਗਿਆ ਸਿਖਲਾਈ ਪ੍ਰੋਗਰਾਮ

ਲੁਧਿਆਣਾ 19 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲੇ ਵੱਲੋਂ ਨਵੇਂ ਨਿਯੁਕਤ ਹੋਏ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।

ਲੁਧਿਆਣਾ 19 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲੇ ਵੱਲੋਂ ਨਵੇਂ ਨਿਯੁਕਤ ਹੋਏ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਨਵਨਿਯੁਕਤ ਅਧਿਆਪਕਾਂ ਲਈ ਬਹੁਤ ਅਹਿਮੀਅਤ ਰੱਖਦਾ ਹੈ ਕਿਉਂਕਿ ਇਸ ਦੁਆਰਾ ਉਹ ਲੋੜੀਂਦੇ ਸਾਧਨਾਂ ਅਤੇ ਗਿਆਨ ਨਾਲ ਸਮਰੱਥ ਹੁੰਦੇ ਹਨ ਜਿਸ ਨਾਲ ਉਹ ਵੈਟਨਰੀ ਯੂਨੀਵਰਸਿਟੀ ਦੇ ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿਚ ਅੱਗੇ ਵਧਣ ਦੇ ਟੀਚੇ ਵਿਚ ਆਪਣਾ ਯੋਗਦਾਨ ਪਾਉਂਦੇ ਹਨ ਅਤੇ ਇਹ ਉਨ੍ਹਾਂ ਦੇ ਪੇਸ਼ੇਵਰ ਜੀਵਨ ਵਿਚ ਬਹੁਤ ਸਹਾਈ ਹੁੰਦਾ ਹੈ।
ਡਾ. ਲਛਮਣ ਦਾਸ ਸਿੰਗਲਾ, ਨਿਰਦੇਸ਼ਕ, ਮਨੁੱਖੀ ਸਾਧਨ ਪ੍ਰਬੰਧਨ ਨਿਰਦੇਸ਼ਾਲਾ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿਚ ਅਕਾਦਮਿਕ ਰਣਨੀਤੀਆਂ, ਖੋਜ ਅਤੇ ਵਿਸਤਾਰ ਗਤੀਵਿਧੀਆਂ ਲਈ ਸੰਸਥਾਗਤ ਨੀਤੀਆਂ ਸਬੰਧੀ ਵੱਖ-ਵੱਖ ਵਿਸ਼ਿਆਂ ’ਤੇ ਲੈਕਚਰ ਦਿੱਤੇ ਗਏ। ਸਿੱਖਿਆਰਥੀਆਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅਤੇ ਦਫ਼ਤਰਾਂ, ਸੈਂਟਰਲ ਇੰਸਟੀਚਿਊਟ ਆਫ ਪੋਸਟ ਹਾਰਵੇਸਟ ਇੰਜਨੀਅਰਿੰਗ ਅਤੇ ਤਕਨਾਲੋਜੀ (ਸੀਫੇਟ), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਐਗਰੀਕਲਚਰਲ ਟੈਕਨਾਲੋਜੀ ਐਪਲੀਕੇਸ਼ਨ ਰਿਸਰਚ ਇੰਸਟੀਚਿਊਟ ਅਤੇ ਸਕਿਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੌਰਾ ਕਰਵਾਇਆ ਗਿਆ। ਡਾ. ਸਿੰਗਲਾ ਨੇ ਸਾਰੇ ਪ੍ਰੋਗਰਾਮ ਨੂੰ ਸੁਚੱਜੇ ਤਰੀਕੇ ਨਾਲ ਸਫਲ ਕਰਨ ਲਈ ਸਾਰੀ ਟੀਮ ਨੂੰ ਧੰਨਵਾਦ ਕਿਹਾ। ਇਸ ਸਿਖਲਾਈ ਪ੍ਰੋਗਰਾਮ ਦੌਰਾਨ ਸ਼ਿਕਾਗੋ, ਅਮਰੀਕਾ ਦੇ ਪ੍ਰਸਿੱਧ ਵੈਟਨਰੀ ਡਾਕਟਰ ਡਾ. ਰਮਿੰਦਰ ਨਟ, ਜੋ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਹਨ, ਨੇ ਵਿਸ਼ੇਸ਼ ਲੈਕਚਰ ਦਿੱਤਾ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਸਮਾਪਨ ਸਮਾਰੋਹ ਵਿਚ ਯੂਨੀਵਰਸਿਟੀ ਦੀਆਂ ਪ੍ਰਸ਼ਾਸਕੀ ਕਾਰਜ ਵਿਧੀਆਂ ਬਾਰੇ ਦੱਸਿਆ। ਉਨ੍ਹਾਂ ਨੇ ਇਸ ਕੋਰਸ ਦੀ ਪ੍ਰਸੰਸਾ ਕਰਦੇ ਹੋਏ ਦੱਸਿਆ ਕਿ ਇਹ ਸਿਖਲਾਈ ਕੋਰਸ ਵੈਟਨਰੀ ਸਿੱਖਿਆ ਅਤੇ ਖੋਜ ਵਿਚ ਕਾਫੀ ਮਹੱਤਤਾ ਰੱਖਦਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਇਸ ਸਿਖਲਾਈ ਕੋਰਸ ਦੁਆਰਾ ਸਿਖਲਾਈ ਪ੍ਰਾਪਤ ਨਵਨਿਯੁਕਤ ਅਧਿਆਪਕਾਂ ’ਤੇ ਸਕਾਰਾਤਮਕ ਪ੍ਰਭਾਵ ਪੈਣਗੇ, ਜਿਸ ਨਾਲ ਯੂਨੀਵਰਸਿਟੀ ਦੀ ਸਾਖ ਨੂੰ ਉਤਮਤਾ ਦੇ ਕੇਂਦਰ ਵਜੋਂ ਮਜ਼ਬੂਤ ਕੀਤਾ ਜਾਵੇਗਾ।
ਪ੍ਰਤੀਭਾਗੀਆਂ ਨੇ ਇਸ ਸਿਖਲਾਈ ਨੂੰ ਬਹੁਤ ਲਾਹੇਵੰਦ ਦੱਸਿਆ। ਇਸ ਸਿਖਲਾਈ ਕੋਰਸ ਲਈ ਡਾ. ਪਰਮਜੀਤ ਕੌਰ ਅਤੇ ਡਾ. ਵੀਨਸ ਬਾਂਸਲ ਨੇ ਬਤੌਰ ਪ੍ਰਬੰਧਕੀ ਸਕੱਤਰ ਬਹੁਤ ਸੁਚਾਰੂ ਕਾਰਜ ਕੀਤਾ।