190 ਕਰੋੜ ਦੀ ਲਾਗਤ ਨਾਲ ਸੂਬੇ ਦੇ ਤਹਿਸੀਲ ਕੰਪਲੈਕਸਾਂ ਦਾ ਹੋਵੇਗਾ ਕਾਇਆ ਕਲਪ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 11 ਦਸੰਬਰ - ਪੰਜਾਬ ਦੇ ਮਾਲ, ਆਫ਼ਤ ਪ੍ਰਬੰਧਨ ਤੇ ਮੁੜ ਵਸੇਬਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ 190 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਤਹਿਸੀਲ ਕੰਪਲੈਕਸਾਂ ਵਿਚ ਹਰੇਕ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।

ਹੁਸ਼ਿਆਰਪੁਰ, 11 ਦਸੰਬਰ  - ਪੰਜਾਬ ਦੇ ਮਾਲ, ਆਫ਼ਤ ਪ੍ਰਬੰਧਨ ਤੇ ਮੁੜ ਵਸੇਬਾ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿਚ 190 ਕਰੋੜ ਰੁਪਏ ਦੀ ਲਾਗਤ ਨਾਲ ਤਹਿਸੀਲ ਕੰਪਲੈਕਸਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਤਹਿਸੀਲ ਕੰਪਲੈਕਸਾਂ ਵਿਚ ਹਰੇਕ ਲੋੜੀਂਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।  ਉਹ ਅੱਜ ਹੁਸ਼ਿਆਰਪੁਰ ਤਹਿਸੀਲ ਵਿਚ 6.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਅਤੇ ਫਰਦ ਕੇਂਦਰ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਦਿ ਹੁਸ਼ਿਆਰਪੁਰ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ ਅਤੇ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਤਹਿਸੀਲ ਕੰਪਲੈਕਸਾਂ ਤੋਂ ਸਰਕਾਰ ਨੂੰ ਮਾਲੀਆ ਮਿਲਦਾ ਹੈ
ਕਿਉਂਕਿ ਲੋਕ ਇਥੇ ਰੋਜ਼ਾਨਾ ਆਪਣੀ ਜਾਇਦਾਦ ਦੀਆਂ ਰਜਿਸਟਰੀਆਂ ਕਰਵਾਉਣ ਲਈ ਆਉਂਦੇ ਹਨ ਪਰ ਇਨ੍ਹਾਂ ਦੀਆਂ ਇਮਾਰਤਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ, ਜਿਸ ਲਈ ਸਰਕਾਰ ਨੇ ਇਮਾਰਤਾਂ ਨੂੰ ਬਿਹਤਰ ਬਣਾਉਣ ਲਈ ਪਹਿਲਕਦਮੀ ਕੀਤੀ ਹੈ, ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਨੂੰ ਤਹਿਸੀਲ ਵਿਚ ਵਧੀਆ ਮਾਹੌਲ, ਪੀਣ ਲਈ ਸਾਫ਼ ਪਾਣੀ ਅਤੇ ਬੈਠਣ ਲਈ ਢੁੱਕਵੀਂ ਥਾਂ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤਹਿਸੀਲ ਕੰਪਲੈਕਸ ਵਿਚ ਹੋਣ ਵਾਲੇ ਨਿਰਮਾਣ ਕਾਰਜਾਂ ਵਿਚ ਐਸ.ਡੀ.ਐਮ ਦਫ਼ਤਰ, ਐਸ.ਡੀ.ਐਮ ਅਦਾਲਤ, ਤਹਿਸੀਲਦਾਰ ਦਫ਼ਤਰ, ਤਹਿਸੀਲਦਾਰ ਅਦਾਲਤ, ਸਬ ਰਜਿਸਟਰਾਰ ਦਫ਼ਤਰ, ਕੰਟੀਨ, ਲੋਕਾਂ ਲਈ ਉਡੀਕ ਸਥਾਨ, ਮੀਟਿੰਗ ਰੂਮ, ਫ਼ਰਦ ਕੇਂਦਰ ਅਤੇ ਰਿਕਾਰਡ ਰੂਮ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਉਸਾਰੀ ਦਾ ਕੰਮ ਜੁਲਾਈ 2024 ਤੱਕ ਮੁਕੰਮਲ ਕਰ ਲਿਆ ਜਾਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹਾਲ ਹੀ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰਾਂ ਵਿਚ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਕੇ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ  ਇਸ ਤਹਿਤ ਹੁਣ ਲੋਕ ਘਰ ਬੈਠੇ ਹੀ 43 ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲੋਕਾਂ ਨੂੰ ਘਰ-ਘਰ ਤੱਕ ਸੇਵਾਵਾਂ ਦੀ ਡੋਰ ਸਟੈਪ ਡਿਲੀਵਰੀ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਨਾਗਰਿਕਾਂ ਨੂੰ ਸਰਕਾਰ ਵੱਲੋਂ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। 
ਇਸ ਮੌਕੇ ਤਹਿਸੀਲਦਾਰ ਗੁਰਸੇਵਕ ਚੰਦ, ਸਬ ਰਜਿਸਟਰਾਰ ਹੁਸ਼ਿਆਰਪੁਰ ਹਰਕਰਮ ਸਿੰਘ ਰੰਧਾਵਾ, ਨਾਇਬ ਤਹਿਸੀਲਦਾਰ ਸ਼ਾਮਚੁਰਾਸੀ ਵਿਜੇ ਕੁਮਾਰ, ਐਕਸੀਅਨ ਲੋਕ ਨਿਰਮਾਣ ਵਿਭਾਗ ਰਾਜੀਵ ਸੈਣੀ, ਵਰਿੰਦਰ ਸ਼ਰਮਾ ਬਿੰਦੂ, ਕੌਂਸਲਰ ਪ੍ਰਦੀਪ ਬਿੱਟੂ, ਜਸਪਾਲ ਸਿੰਘ ਚੇਚੀ, ਐਡਵੋਕੇਟ ਅਮਰਜੋਤ ਸੈਣੀ, ਐਡਵੋਕੇਟ ਅਨੂਪ ਕੁਮਾਰ, ਸੁਮੇਸ਼ ਸੋਨੀ, ਵਰਿੰਦਰ ਵੈਦ ਤੋਂ ਇਲਾਵਾ ਤਹਿਸੀਲ ਦਾ ਸਮੂਹ ਸਟਾਫ਼ ਹਾਜ਼ਰ ਸੀ।