ਵੈਟਨਰੀ ਯੂਨੀਵਰਸਿਟੀ ਵਿਖੇ ਵੈਟਨਰੀ ਹਸਪਤਾਲਾਂ ਦੀ ਜੈਵਿਕ ਸੁਰੱਖਿਆ ਬਿਹਤਰ ਕਰਨ ਲਈ ਕਾਰਜਸ਼ਾਲਾ ਦਾ ਆਯੋਜਨ

ਲੁਧਿਆਣਾ 12 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਇਕ ਦਿਨਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਦਾ ਵਿਸ਼ਾ ਸੀ ‘ਹਸਪਤਾਲੀ ਜੈਵਿਕ ਸੁਰੱਖਿਆ ਮਾਪਦੰਡਾਂ ਦੀ ਪੜਚੋਲ।’ ਇਸ ਕਾਰਜਸ਼ਾਲਾ ਦਾ ਉਦੇਸ਼ ਵੈਟਨਰੀ ਹਸਪਤਾਲਾਂ ਵਿਚ ਜੈਵਿਕ ਸੁਰੱਖਿਆ ਮਾਪਦੰਡਾਂ ਨੂੰ ਸੁਦ੍ਰਿੜ ਕਰਨਾ ਸੀ।

ਲੁਧਿਆਣਾ 12 ਜੂਨ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ ਇਕ ਦਿਨਾ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਦਾ ਵਿਸ਼ਾ ਸੀ ‘ਹਸਪਤਾਲੀ ਜੈਵਿਕ ਸੁਰੱਖਿਆ ਮਾਪਦੰਡਾਂ ਦੀ ਪੜਚੋਲ।’ ਇਸ ਕਾਰਜਸ਼ਾਲਾ ਦਾ ਉਦੇਸ਼ ਵੈਟਨਰੀ ਹਸਪਤਾਲਾਂ ਵਿਚ ਜੈਵਿਕ ਸੁਰੱਖਿਆ ਮਾਪਦੰਡਾਂ ਨੂੰ ਸੁਦ੍ਰਿੜ ਕਰਨਾ ਸੀ। ਇਸ ਕਾਰਜਸ਼ਾਲਾ ਵਿਚ ਕਾਲਜ ਆਫ ਵੈਟਨਰੀ ਸਾਇੰਸ ਲੁਧਿਆਣਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ ਅਤੇ ਖਾਲਸਾ ਕਾਲਜ ਆਫ ਵੈਟਨਰੀ ਅਤੇ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੇ ਅਧਿਆਪਕਾਂ, ਖੋਜਾਰਥੀਆਂ ਦੇ ਨਾਲ ਪੰਜਾਬ ਸਰਕਾਰ ਦੇ ਉੱਚ ਵੈਟਨਰੀ ਅਧਿਕਾਰੀਆਂ ਨੇ ਹਿੱਸਾ ਲਿਆ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਨੇ ਕਾਰਜਸ਼ਾਲਾ ਦਾ ਉਦਘਾਟਨ ਕੀਤਾ ਅਤੇ ਜਨਤਕ ਸਿਹਤ ਅਤੇ ਜੈਵਿਕ ਸੁਰੱਖਿਆ ਵਿਚ ਇਸ ਕੇਂਦਰ ਦੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵੈਟਨਰੀ ਹਸਪਤਾਲਾਂ ਵਿਚ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਦੱਸਿਆ ਅਤੇ ਜਾਣਕਾਰੀ ਦਿੱਤੀ ਕਿ ਲੋੜੀਂਦੇ ਮਾਪਦੰਡਾਂ ਨੂੰ ਅਪਣਾਅ ਕੇ ਅਸੀਂ ਰੋਗ ਉਪਜਾਊ ਕਾਰਕਾਂ ਤੋਂ ਬਚ ਸਕਦੇ ਹਾਂ ਜਿਸ ਨਾਲ ਡਾਕਟਰਾਂ, ਪਸ਼ੂਆਂ ਦੀ ਸੰਭਾਲ ਵਾਲੇ ਕਿਰਤੀਆਂ, ਪਸ਼ੂਆਂ ਅਤੇ ਵਾਤਾਵਰਣ ਦੀ ਬਹੁਤ ਸੁਰੱਖਿਆ ਹੋ ਸਕਦੀ ਹੈ। ਡਾ. ਪੰਕਜ ਢਾਕਾ ਨੇ ਜੈਵਿਕ ਸੁਰੱਖਿਆ ਦੇ ਵਿਭਿੰਨ ਦ੍ਰਿਸ਼ਟੀਕੋਣਾਂ ਦੀ ਚਰਚਾ ਕੀਤੀ ਅਤੇ ਸਮੂਹਿਕ ਗਤੀਵਿਧੀਆਂ ਰਾਹੀਂ ਸਿੱਖਿਅਤ ਕੀਤਾ। ਸਿੱਖਿਆਰਥੀਆਂ ਨੇ ਕੁਝ ਵਿਸ਼ੇਸ਼ ਵਿਸ਼ਿਆਂ ’ਤੇ ਗਹਿਰੀ ਵਿਚਾਰ ਚਰਚਾ ਕੀਤੀ। ਇਹ ਵਿਸ਼ੇ ਸਨ ‘ਡਾਕਟਰਾਂ ਅਤੇ ਕਿਰਤੀਆਂ ਦਾ ਬਚਾਅ, ‘ਮਸ਼ੀਨਾਂ ਅਤੇ ਉਪਕਰਣਾਂ ਦੀ ਜੈਵਿਕ ਸੁਰੱਖਿਆ’, ‘ਸਫਾਈ, ਕਿਰਮ ਰਹਿਤ ਕਰਨਾ ਅਤੇ ਰਹਿੰਦ-ਖੂੰਹਦ ਨਿਪਟਾਰਾ’ ਅਤੇ ‘ਪਸ਼ੂ ਤੇ ਮਾਲਕ ਲਈ ਸੁਰੱਖਿਆ ਮਾਪਦੰਡ।’
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਆਪਣੇ ਸੰਬੋਧਨ ਵਿਚ ਇਸ ਕੇਂਦਰ ਵੱਲੋਂ ਜਨਤਕ ਸਿਹਤ ਅਤੇ ਪਸ਼ੂ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਰਜਸ਼ਾਲਾ ਨਾਲ ਸਾਰੀਆਂ ਭਾਈਵਾਲ ਧਿਰਾਂ ਨੂੰ ਇਸ ਵਿਸ਼ੇ ਸੰਬੰਧੀ ਨਵੀਂ ਦ੍ਰਿਸ਼ਟੀ ਪ੍ਰਾਪਤ ਹੋਵੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੇਂਦਰ ਜਨਤਕ ਸਿਹਤ ਦੇ ਅਜਿਹੇ ਕੰਮਾਂ ਨੂੰ ਹੋਰ ਉਚੇਚੇ ਢੰਗ ਨਾਲ ਅੱਗੇ ਲੈ ਕੇ ਜਾਵੇਗਾ।