ਇੱਕ ਕਰੋੜ ਦੀ ਲਾਗਤ ਨਾਲ ਸੂਬੇ ਦਾ ਪਹਿਲਾ ਕਬੱਡੀ ਤੇ ਖੋ ਖੋ ਦਾ ਇਨਡੋਰ ਗਰਾਊਂਡ ਘਨੌਰ 'ਚ ਬਣੇਗਾ

ਪਟਿਆਲਾ, 22 ਨਵੰਬਰ - ਪੰਜਾਬ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ 'ਚ ਐਮ.ਐਲ.ਏ. ਘਨੌਰ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਯਤਨਾਂ ਸਦਕਾ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਿਵੇਕਲੀ ਖੇਡ ਨਰਸਰੀ ਦਾ ਸਮਝੌਤਾ ਅੱਜ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਅਤੇ ਖੇਡ ਵਿਭਾਗ ਵੱਲੋਂ ਸਹੀਬੱਧ ਕੀਤਾ ਗਿਆ।

ਪਟਿਆਲਾ, 22 ਨਵੰਬਰ - ਪੰਜਾਬ ਦੇ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਜ਼ਿਲ੍ਹੇ 'ਚ ਐਮ.ਐਲ.ਏ. ਘਨੌਰ ਗੁਰਲਾਲ ਘਨੌਰ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਯਤਨਾਂ ਸਦਕਾ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਿਵੇਕਲੀ ਖੇਡ ਨਰਸਰੀ ਦਾ ਸਮਝੌਤਾ ਅੱਜ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਅਤੇ ਖੇਡ ਵਿਭਾਗ ਵੱਲੋਂ ਸਹੀਬੱਧ ਕੀਤਾ ਗਿਆ।
ਅੱਜ ਇਥੇ ਵਿਧਾਇਕ ਗੁਰਲਾਲ ਘਨੌਰ ਨੇ ਸਮਝੌਤਾ ਸਹੀਬੱਧ ਹੋਣ 'ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡ ਨਰਸਰੀ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ 'ਚ ਜੇਤੂ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਵੱਲੋਂ ਆਪਣੇ ਸੀ.ਐਸ.ਆਰ. ਫੰਡ ਰਾਹੀਂ 50 ਲੱਖ ਰੁਪਏ ਦੇਣ ਅਤੇ ਪੰਜਾਬ ਦੇ ਖੇਡ ਵਿਭਾਗ ਵੱਲੋਂ 50 ਲੱਖ ਰੁਪਏ ਲਗਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡਾਂ ਦੇ ਬੱਚਿਆਂ ਨੂੰ ਆਪਣੀ ਖੇਡ ਨਿਖਾਰਨ ਲਈ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਘਨੌਰ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਦੂਰ ਅੰਦੇਸ਼ੀ ਸੋਚ ਸਦਕਾ ਬਣਨ ਵਾਲਾ ਇਹ ਪੰਜਾਬ ਦਾ ਪਹਿਲਾ ਕਬੱਡੀ ਅਤੇ ਖੋ ਖੋ ਦਾ ਇਨਡੋਰ ਮੈਟ ਗਰਾਊਂਡ ਹੋਵੇਗਾ, ਜਿਥੇ ਖਿਡਾਰੀ ਟਰੇਨਿੰਗ ਪ੍ਰਾਪਤ ਕਰ ਸਕਣਗੇ।
ਯੂਨੀਵਰਸਿਟੀ ਕਾਲਜ ਘਨੌਰ ਵਿਖੇ ਬਣਨ ਵਾਲੇ 4650 ਵਰਗ ਫੁੱਟ ਦੇ ਜ਼ਿਮਨੇਅਜੀਅਮ ਹਾਲ ਕਮ ਖੇਡ ਨਰਸਰੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ 'ਚ ਖੇਡ ਸਭਿਆਚਾਰ ਪੈਦਾ ਕਰਨ ਲਈ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਘੱਟੋ ਘੱਟ 5 ਖੇਡ ਨਰਸਰੀਆਂ ਬਣਾਉਣ ਦੀ ਹਦਾਇਤ ਕੀਤੀ ਗਈ ਹੈ, ਜਿਸ ਤਹਿਤ ਘਨੌਰ ਵਿਖੇ ਆਪਣੇ ਤਰ੍ਹਾਂ ਦੀ ਵਿਲੱਖਣ ਸਟੇਟ ਆਫ਼ ਦੀ ਆਰਟ  ਖੇਡ ਨਰਸਰੀ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਇਥੇ ਸਪੋਰਟਸ ਟਰੇਨਿੰਗ ਲਈ ਵੱਖ ਵੱਖ ਖੇਡਾਂ ਲਈ ਮਾਹਰ ਕੋਚ ਵੀ ਦਿੱਤੇ ਜਾਣਗੇ ਅਤੇ ਇਹ 30 ਜੂਨ 2024 ਤਕ ਬਣਕੇ ਖਿਡਾਰੀਆਂ ਨੂੰ ਸਮਰਪਿਤ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਸੀ.ਐਸ.ਆਰ. ਫ਼ੰਡ ਰਾਹੀਂ ਤਿਆਰ ਹੋਣ ਵਾਲੀ ਇਸ ਖੇਡ ਨਰਸਰੀ ਦਾ ਘਨੌਰ ਸਮੇਤ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਵੱਡਾ ਲਾਭ ਹੋਵੇਗਾ।
ਇਸ ਮੌਕੇ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਦੇ ਕਾਰਜਕਾਰੀ ਡਾਇਰੈਕਟਰ ਪ੍ਰਵੀਨ ਕੁਮਾਰ ਗੋਇਲ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ 'ਚ ਖੇਡ ਸਟੇਡੀਅਮ ਬਣਨ ਨਾਲ ਖਿਡਾਰੀਆਂ ਨੂੰ ਮੌਕੇ ਪ੍ਰਦਾਨ ਹੋਣਗੇ। ਉਨ੍ਹਾਂ ਕਿਹਾ ਕਿ ਬੈਕਟਰਜ਼ ਫੂਡ ਸਪੈਸ਼ਲਿਸਟ ਲਿਮਟਿਡ ਵੱਲੋਂ ਸੀ.ਐਸ.ਆਰ. ਫ਼ੰਡ ਰਾਹੀਂ 50 ਲੱਖ ਰੁਪਏ ਇਸ ਖੇਡ ਨਰਸਰੀ ਲਈ ਦਿੱਤੇ ਗਏ ਹਨ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜੀ.ਐਮ. ਡੀ.ਆਈ.ਸੀ. ਅੰਗਦ ਸਿੰਘ ਸੋਹੀ, ਐਕਸੀਅਨ ਪੀ.ਡਬਲਿਊ.ਡੀ. ਮਨਪ੍ਰੀਤ ਸਿੰਘ ਦੂਆ ਵੀ ਮੌਜੂਦ ਸਨ।