
ਡਾ. ਤੇਜਿੰਦਰ ਪਾਲ ਸਿੰਘ ਦੁਆਰਾ ਸੰਪਾਦਿਤ ਪੁਸਤਕ ‘ਪ੍ਰਿੰ. ਤੇਜਾ ਸਿੰਘ ਦੀ ਵਾਰਤਕ’ ਲੋਕ ਅਰਪਣ
ਦੇਵੀਗੜ੍ਹ,15 ਨਵੰਬਰ (ਪਰਮਜੀਤ ਸਿੰਘ ਪਰਵਾਨਾ) ਪ੍ਰਿੰ. ਤੇਜਾ ਸਿੰਘ ਕੇਵਲ ਇਕ ਵਿਦਵਾਨ ਹੀ ਨਹੀਂ, ਬਲਕਿ ਆਪਣੇ ਆਪ ਵਿਚ ਇਕ ਸੰਸਥਾ ਨਿਆਈਂ ਸਨ। ਇੱਕ ਸਦੀ ਬਾਅਦ ਪ੍ਰਿੰ. ਤੇਜਾ ਸਿੰਘ ਦੀਆਂ ਲਿਖਤਾਂ ਨੂੰ ਮੁੜ ਸੁਰਜੀਤ ਕਰਨ ਦਾ ਇਕੋ ਇਕ ਕਾਰਨ ਉਨ੍ਹਾਂ ਦੀ ਭਾਵਪੂਰਤ ਲੇਖਣੀ ਹੈ। ਉਨ੍ਹਾਂ ਨੇ ਜਿਥੇ ਵਡਮੁਲੇ ਸਾਹਿਤ ਦੀ ਸਿਰਜਣਾ ਕੀਤੀ, ਉਥੇ ਨਾਲ ਹੀ ਸਾਹਿਤ-ਪ੍ਰੇਮੀ ਵੀ ਪੈਦਾ ਕੀਤੇ।
ਦੇਵੀਗੜ੍ਹ,15 ਨਵੰਬਰ (ਪਰਮਜੀਤ ਸਿੰਘ ਪਰਵਾਨਾ) ਪ੍ਰਿੰ. ਤੇਜਾ ਸਿੰਘ ਕੇਵਲ ਇਕ ਵਿਦਵਾਨ ਹੀ ਨਹੀਂ, ਬਲਕਿ ਆਪਣੇ ਆਪ ਵਿਚ ਇਕ ਸੰਸਥਾ ਨਿਆਈਂ ਸਨ। ਇੱਕ ਸਦੀ ਬਾਅਦ ਪ੍ਰਿੰ. ਤੇਜਾ ਸਿੰਘ ਦੀਆਂ ਲਿਖਤਾਂ ਨੂੰ ਮੁੜ ਸੁਰਜੀਤ ਕਰਨ ਦਾ ਇਕੋ ਇਕ ਕਾਰਨ ਉਨ੍ਹਾਂ ਦੀ ਭਾਵਪੂਰਤ ਲੇਖਣੀ ਹੈ। ਉਨ੍ਹਾਂ ਨੇ ਜਿਥੇ ਵਡਮੁਲੇ ਸਾਹਿਤ ਦੀ ਸਿਰਜਣਾ ਕੀਤੀ, ਉਥੇ ਨਾਲ ਹੀ ਸਾਹਿਤ-ਪ੍ਰੇਮੀ ਵੀ ਪੈਦਾ ਕੀਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਸਬੀਰ ਕੌਰ, ਪ੍ਰਿੰਸੀਪਲ, ਗੁਰਮਤਿ ਕਾਲਜ, ਪਟਿਆਲਾ ਨੇ ਗੁਰਮਤਿ ਕਾਲਜ ਵਿਖੇ ਡਾ. ਅਰਵਿੰਦ ਵੀ. ਸੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਡਾ. ਤੇਜਿੰਦਰ ਪਾਲ ਸਿੰਘ ਦੀ ਸੰਪਾਦਿਤ ਪੁਸਤਕ ‘ਪ੍ਰਿੰ. ਤੇਜਾ ਸਿੰਘ ਦੀ ਵਾਰਤਕ’ ਲੋਕ ਅਰਪਣ ਕਰਦਿਆਂ ਕੀਤਾ। ਇਸ ਮੌਕੇ ਡਾ. ਅਰਵਿੰਦ ਵੀ. ਸੀ. ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸੰਪਾਦਕ ਡਾ. ਤੇਜਿੰਦਰ ਪਾਲ ਸਿੰਘ ਨੂੰ ਵਧਾਈ ਦੇਣ ਦੇ ਨਾਲ-ਨਾਲ ਅਗੇ ਤੋਂ ਅਜਿਹੇ ਕਾਰਜ ਕਰਨ ਲਈ ਪ੍ਰੇਰਿਆ। ਇਸ ਅਵਸਰ 'ਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਅਤੇ ਅਸਿਸਟੈਂਟ ਪ੍ਰੋ. ਡਾ. ਤੇਜਿੰਦਰ ਪਾਲ ਸਿੰਘ ਨੇ ਦਸਿਆ ਕਿ ਪ੍ਰਿੰ. ਤੇਜਾ ਸਿੰਘ ਰੌਸ਼ਨ ਦਿਮਾਗ ਵਿਅਕਤੀ ਸਨ, ਜਿਨ੍ਹਾਂ ਦਾ ਸਮੁਚਾ ਜੀਵਨ ਅਧਿਐਨ ਅਤੇ ਅਧਿਆਪਨ ਨੂੰ ਸਮਰਪਿਤ ਸੀ। ਪ੍ਰਿੰ. ਤੇਜਾ ਸਿੰਘ ਦਾ ਜੀਵਨ ਇਕ ਮਨੋਰੰਜਕ ਕਹਾਣੀ ਦੀ ਤਰ੍ਹਾਂ ਹੈ, ਜਿਸ ਦਾ ਨਾਇਕ ਸੱਜਣਤਾ ਭਰਪੂਰ ਸ਼ਖਸੀਅਤ ਦਾ ਧਾਰਨੀ ਹੈ। ਅੰਗ੍ਰੇਜ਼ੀ ਐਮ. ਏ. ਪਾਸ ਪ੍ਰਿੰ. ਤੇਜਾ ਸਿੰਘ ਨੇ ਆਪਣੇ ਜੀਵਨ ਦੌਰਾਨ ਅਨੇਕ ਸੰਸਥਾਵਾਂ ਵਿਚ ਸੇਵਾਵਾਂ ਨਿਭਾਈਆਂ। ਉਚ ਅਹੁਦਿਆਂ ’ਤੇ ਰਹਿੰਦਿਆਂ ਵੀ ਆਪ ਨੇ ਕਦੇ ਆਪਣਾ ਪਿਛੋਕੜ ਨਹੀਂ ਭੁਲਿਆ। ਪ੍ਰਿੰ. ਤੇਜਾ ਸਿੰਘ ਦੀਆਂ ਲਗਪਗ 40 ਪੁਸਤਕਾਂ ਪਾਠਕਾਂ ਦੇ ਜੀਵਨ ਵਿਚ ਇਕ ਉਮੰਗ ਤੇ ਖੇੜਾ ਭਰਦੀਆਂ ਹਨ। ਪੁਸਤਕ ਲੋਕ ਅਰਪਣ ਕਰਨ ਲਈ ਉਚੇਚੇ ਤੌਰ 'ਤੇ ਪੁਜੇ ਸ. ਜਗਜੀਤ ਸਿੰਘ ਦਰਦੀ ਨੇ ਆਪਣੇ ਜੀਵਨ ਤਜਰਬੇ ਵਿਚੋਂ ਅਨੇਕ ਘਟਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕਰਦਿਆਂ ਡਾ. ਤੇਜਿੰਦਰ ਪਾਲ ਸਿੰਘ ਨੂੰ ਵਧਾਈ ਦਿਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਪਰਤਾਪ ਸਿੰਘ, ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ, ਨਵੀਂ ਦਿੱਲੀ, ਡਾ. ਜਤਿੰਦਰ ਸਿੰਘ, ਡਾ. ਅਸਪ੍ਰੀਤ ਕੌਰ ਅਤੇ ਡਾ. ਹਰਜੀਤ ਸਿੰਘ ਆਦਿ ਹਾਜ਼ਰ ਸਨ।
