
8 ਨਵੰਬਰ ਤੋਂ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਤੇ ਜਾਣਗੇ ਸਫਾਈ ਸੇਵਕ
8 ਨਵੰਬਰ ਤੋਂ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਤੇ ਜਾਣਗੇ ਸਫਾਈ ਸੇਵਕ : ਫੈਡਰੇਸ਼ਨ ਤਿੰਨ ਸਾਲ ਲਗਾਤਾਰ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ ਪੱਕਾ ਕਰਨ ਦੀ ਮੰਗ
ਐਸ.ਏ.ਐਸ ਨਗਰ, 6 ਨਵੰਬਰ-ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਜਿਲਾ ਮੁਹਾਲੀ ਨੇ ਮੰਗ ਕੀਤੀ ਹੈ ਕਿ ਸਰਕਾਰ ਵਲੋਂ ਤਿੰਨ ਸਾਲ ਲਗਾਤਾਰ ਕੰਮ ਕਰਨ ਵਾਲੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ।
ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਫੈਡਰੇਸ਼ਨ ਦੀ ਜਿਲ੍ਹਾ ਇਕਾਈ ਦੀ ਫੇਜ਼ 9 ਦੇ ਪਾਰਕ ਵਿਖੇ ਹੋਈ ਮੀਟਿੰਗ ਵਿੱਚ ਪੰਜਾਬ ਸਰਕਾਰ ਦੀ 10 ਸਾਲ ਲਗਾਤਾਰ ਕੰਮ ਕਰਨ ਵਾਲੀ ਰੈਗੂਲਾਈਜੇਸਨ ਪਾਲਸੀ ਦੀ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਲਗਾਤਾਰ ਤਿੰਨ ਸਾਲ ਕੰਮ ਕਰਨ ਵਾਲੇ ਸਫਾਈ ਸੇਵਕਾਂ, ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ।
ਫੈਸਰੇਸ਼ਨ ਦੇ ਆਗੂਆਂ ਸੂਬੇ ਦੇ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ, ਵਾਇਸ ਪ੍ਰਧਾਨ ਰਾਜਨ ਚਾਵਰੀਆ, ਸੰਯੁਕਤ ਸਕੱਤਰ ਅਨਿਲ ਕੁਮਾਰ ਅਤੇ ਮਨੀਕੰਡਨ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਨਿਗਮ ਦੇ ਅਧਿਕਾਰੀਆਂ ਨੂੰ ਵਾਰ ਵਾਰ ਲਿਖਤੀ ਰੂਪ ਵਿੱਚ ਮੰਗ ਪੱਤਰ ਦਿੱਤਾ ਗਿਆ ਹੈ ਪ੍ਰੰਤੂ ਅਧਿਕਾਰੀਆਂ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਨਗਰ ਨਿਗਮ ਮੁਹਾਲੀ ਵਿਖੇ ਸ਼ਹਿਰ ਨੂੰ ਦੇਖਦੇ ਹੋਏ ਘੱਟੋ ਘੱਟ 1300 ਸਫਾਈ ਸੇਵਕਾਂ ਦੀ ਲੋੜ ਹੈ, ਪ੍ਰੰਤੂ ਜਥੇਬੰਦੀ ਦੇ ਵਾਰ ਵਾਰ ਕਹਿਣ ਦੇ ਬਾਵਜੂਦ ਨਿਗਮ ਵਲੋਂ ਭਰਤੀ ਨਹੀਂ ਕੀਤੀ ਜਾ ਰਹੀ ਹੈ ਅਤੇ 1300 ਸਫਾਈ ਸੇਵਕਾਂ ਦਾ ਕੰਮ 500 ਸਫਾਈ ਸੇਵਕਾਂ ਤੋਂ ਲਿਆ ਜਾ ਰਿਹਾ ਹੈ।
ਇਸ ਮੌਕੇ ਮੰਗ ਕੀਤੀ ਗਈ ਕਿ ਮੁਹਾਲੀ ਦੇ ਸਫਾਈ ਸੇਵਕਾਂ ਨੂੰ ਚੰਡੀਗੜ੍ਹ ਦੇ ਡੀ.ਸੀ ਰੇਟ ਦੇ ਬਰਾਬਰ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ ਅਤੇ ਬੰਧੂਆਂ ਮਜ਼ਦੂਰਾਂ ਵਾਂਗ ਕੰਮ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਏ ਅਤੇ ਬੀ ਸੜਕਾਂ ਦੀ ਸਫਾਈ ਦੇ ਦਿੱਤੇ ਗਏ ਠੇਕੇ ਅਧੀਨ ਕੰਮ ਕਰ ਰਹੇ ਸਫਾਈ ਸੇਵਕਾਂ ਨੂੰ ਪੂਰਾ ਡੀ.ਸੀ ਰੇਟ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਹੀ ਸਮੇਂ ਤੇ ਗੂੜ, ਤੇਲ, ਸਾਬਣ ਦਿੱਤਾ ਜਾਂਦਾ ਹੈ।
ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਮੰਗਾਂ ਹਨ ਜੋ ਲੰਮੇ ਸਮੇਂ ਤੋਂ ਪੈਂਡਿੰਗ ਅਵਸਥਾ ਵਿੱਚ ਪਈਆਂ ਹਨ, ਜਿਸ ਕਰਕੇ ਸਮੂਹ ਸਫਾਈ ਸੇਵਕਾਂ ਵਿੱਚ ਰੋਸ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਜਥੇਬੰਦੀ ਵਲੋਂ 8 ਨਵੰਬਰ ਤੋਂ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਹੜਤਾਲ ਤੇ ਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਹੜਤਾਲ ਨਾਲ ਸ਼ਹਿਰ ਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ।
