
ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ ਮੁਸਕਾਨ, ਅਰਸ਼ਪ੍ਰੀਤ ਅਤੇ ਅਮੀਸ਼ਿਕਾ ਨੇ ਜਿੱਤੇ
ਮਾਹਿਲਪੁਰ: ਸੁਰ ਸੰਗਮ ਵਿਦਿਅਕ ਟ੍ਰਸਟ ਮਾਹਿਲਪੁਰ ਵੱਲੋਂ 28 ਵੀਂ ਵਾਰ ਆਯੋਜਿਤ ਕੀਤੇ ਗਏ ਨਿੱਕੀਆਂ ਕਰੁੰਬਲਾਂ ਸਾਹਿਤ ਸਿਰਜਣਾ ਮੁਕਾਬਲੇ ਕਰੂੰਬਲਾਂ ਭਵਨ ਵਿੱਚ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ
ਮਾਹਿਲਪੁਰ: ਸੁਰ ਸੰਗਮ ਵਿਦਿਅਕ ਟ੍ਰਸਟ ਮਾਹਿਲਪੁਰ ਵੱਲੋਂ 28 ਵੀਂ ਵਾਰ ਆਯੋਜਿਤ ਕੀਤੇ ਗਏ ਨਿੱਕੀਆਂ ਕਰੁੰਬਲਾਂ ਸਾਹਿਤ ਸਿਰਜਣਾ ਮੁਕਾਬਲੇ ਕਰੂੰਬਲਾਂ ਭਵਨ ਵਿੱਚ ਪ੍ਰਿੰਸੀਪਲ ਮਨਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ l ਇਹਨਾਂ ਮੁਕਾਬਲਿਆਂ ਵਿੱਚ ਦੂਰ ਨੇੜੇ ਦੇ 40 ਸਕੂਲੀ ਵਿਦਿਆਰਥੀਆਂ ਨੇ ਭਾਗ ਲਿਆlਸਾਰੇ ਭਾਗੀਦਾਰਾਂ ਨੂੰ ਪੰਜ- ਪੰਜ ਸੌ ਰੁਪਏ ਦੇ ਪੁਸਤਕਾਂ ਦੇ ਸੈੱਟ ਤੋਹਫੇ ਵਜੋਂ ਪ੍ਰਦਾਨ ਕੀਤੇ ਗਏ lਬੱਚਿਆਂ ਵਿਚਲੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਬੀਬੀ ਗੁਰਮੀਤ ਕੌਰ ਬੈਂਸ ਸ਼ਾਮਿਲ ਹੋਏ l ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਿੱਕੀਆਂ ਕਰੂੰਬਲਾਂ ਪਰਿਵਾਰ ਵੱਲੋਂ ਬੱਚਿਆਂ ਦੀਆਂ ਰਚਨਾਤਮਿਕ ਰੁਚੀਆਂ ਨੂੰ ਉਜਾਗਰ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਬਹੁਤ ਸ਼ਾਨਦਾਰ ਹਨ l ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਡਾ. ਵਿਜੇ ਕੁਮਾਰ ਭੱਟੀ, ਡਾ. ਪਰਮਿੰਦਰ ਸਿੰਘ, ਸਟੇਟ ਅਵਾਰਡੀ ਅਵਤਾਰ ਲਗੇਰੀ, ਰਵਿੰਦਰ ਬੰਗੜ ਅਤੇ ਬਲਵੀਰ ਸਿੰਘ ਨੇ ਕਿਹਾ ਕੇ ਬਲਜਿੰਦਰ ਮਾਨ ਨੇ ਨਿੱਕੀਆਂ ਕਰੂੰਬਲਾਂ ਦੇ ਨਿਰੰਤਰ ਪ੍ਰਕਾਸ਼ਨ ਅਤੇ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਸ਼ਾਨਦਾਰ ਪੈੜਾਂ ਪਾ ਕੇ ਇਸ ਰਸਾਲੇ ਦਾ ਨਾਮ ਇੰਡੀਆ ਬੁੱਕ ਆਫ ਕਾਰਡਜ਼ ਵਿੱਚ ਸ਼ਾਮਿਲ ਕੀਤਾ ਹੈ। ਇਸ ਮੌਕੇ ਸ਼ਾਨਦਾਰ ਵਿਦਿਅਕ ਸਾਹਿਤਕ ਅਤੇ ਸਮਾਜਿਕ ਕਾਰਜਾਂ ਲਈ ਪ੍ਰਿੰ. ਵਿਜੇ ਭੱਟੀ, ਰਵਿੰਦਰ ਬੰਗੜ ਅਤੇ ਅਵਤਾਰ ਲੰਗੇਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਚੇਚੇ ਤੌਰ ਤੇ ਸ਼ਾਮਿਲ ਹੋਏ ਬੱਗਾ ਸਿਘ ਆਰਟਿਸਟ ਨੇ ਮਾਹਿਲਪੁਰ ਦੀ ਇਤਿਹਾਸਕ ਵਿਰਾਸਤ ਤੇ ਰੌਸ਼ਨੀ ਪਾਉਂਦਿਆਂ ਸਵਰਗਵਾਸੀ ਨੈਸ਼ਨਲ ਅਵਾਰਡੀ ਟੀਚਰ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੀ ਦੇਣ ਨੂੰ ਯਾਦ ਕੀਤਾ l ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਾਹਿਤ ਸਿਰਜਣਾ ਦੇ ਗੁਰ ਸਮਝਾਉਂਦਿਆਂ ਕਿਹਾ ਕਿ ਉਹ ਇੰਟਰਨੈਟ ਦੀ ਦੁਨੀਆਂ ਤੋਂ ਬਾਹਰ ਨਿਕਲਕੇ ਕਿਤਾਬੀ ਦੁਨੀਆ ਵਿੱਚ ਪ੍ਰਵੇਸ਼ ਕਰਨ l ਉਚੇਰੀ ਸੋਚ ਵਾਲੇ ਇਨਸਾਨਾਂ ਦੀ ਸੰਗਤ ਉਹਨਾਂ ਅੰਦਰ ਨਰੋਈਆਂ ਕਦਰਾਂ ਕੀਮਤਾਂ ਭਰ ਸਕਦੀ ਹੈ l ਮਾਤ ਭਾਸ਼ਾ ਦਾ ਗਿਆਨ ਉਹਨਾਂ ਨੂੰ ਜੀਵਨ ਵਿੱਚ ਉੱਚੀਆਂ ਟੀਸੀਆਂ ਤੇ ਪਹੁੰਚਾ ਸਕਦਾ ਹੈ l ਮੰਚ ਸੰਚਾਲਨ ਦੀ ਜਿੰਮੇਵਾਰੀ ਨੌਜਵਾਨ ਆਰਟਿਸਟ ਸੁਖਮਨ ਸਿੰਘ ਨੇ ਬਾਖੂਬੀ ਨਿਭਾਈ l
ਮੌਲਿਕ ਲੇਖ ਲਿਖਣ ਦੇ ਮੁਕਾਬਲੇ ਵਿੱਚ ਅਰਸ਼ਪ੍ਰੀਤ ਉਪਾਸਨਾ ਅਤੇ ਹਰਸ਼ੀਨ ਕੌਰ ਨੇ ਪਹਿਲੀਆਂ ਥਾਵਾਂ ਪ੍ਰਾਪਤ ਕੀਤੀਆਂ l ਕਹਾਣੀ ਲਿਖਣ ਦਾ ਮੁਕਾਬਲਾ ਅਮੀਸ਼ਕਾ, ਜੋਬਨਪ੍ਰੀਤ ਸਿੰਘ ਮਾਣਕੂ ਅਤੇ ਰਜਨੀ ਨੇ ਜਿੱਤਿਆlਇਸੇ ਤਰ੍ਹਾਂ ਕਵਿਤਾ ਮੁਕਾਬਲੇ ਵਿੱਚ ਪਹਿਲੀ ਥਾਂ ਮੁਸਕਾਨ, ਦੂਜੀ ਸ਼ੀਨਮ ਅਤੇ ਤੀਜੀ ਥਾਂ ਕੰਚਨ ਸੰਧੂ ਨੇ ਪ੍ਰਾਪਤ ਕੀਤੀ l
ਇਸ ਮੌਕੇ ਹਰਮਨਪ੍ਰੀਤ ਕੌਰ, ਮਨਜਿੰਦਰ ਸਿੰਘ, ਹਰਵੀਰ ਮਾਨ, ਨਿਧੀ ਅਮਨ ਸਹੋਤਾ,ਪਵਨ ਸਕਰੂਲੀ , ਜਸਵੀਰ ਸਿੰਘ ਮਰੂਲਾ ਸਮੇਤ ਭਾਗੀਦਾਰਾਂ ਦੇ ਮਾਪੇ ਅਧਿਆਪਕ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਕਰਦਿਆਂ ਕੁਲਦੀਪ ਕੌਰ ਬੈਂਸ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੀ ਸੋਚ ਨੂੰ ਉਸਾਰੂ ਕਦਰਾਂ ਕੀਮਤਾਂ ਵੱਲ ਤੋਰਨਾ ਚਾਹੀਦਾ ਹੈ l
