ਸਾਡੇ ਬੱਚਿਆਂ ਦੇ ਸੁਭਾਅ; ਸਾਡੇ ਵਰਗੇ ਕਿਉਂ ਨਹੀਂ ਬਣਦੇ ਅਤੇ ਕਿਵੇਂ ਬਣ ਸਕਦੇ ਹਨ? - ਠਾਕੁਰ ਦਲੀਪ ਸਿੰਘ ਜੀ

ਬੱਚਿਆਂ ਵਿੱਚ ਵਧੀਆ ਸੰਸਕਾਰ ਅਤੇ ਬੱਚਿਆਂ ਦਾ ਚੰਗਾ ਸੁਭਾਅ ਬਣਾਉਣ ਲਈ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਵਿੱਚ ਉਹੀ ਸੁਭਾਅ ਅਤੇ ਸੰਸਕਾਰ ਆਉਣ, ਜੋ ਉਹਨਾਂ ਦੇ ਆਪਣੇ ਹਨ (ਜਾਂ ਜੋ ਉਹਨਾਂ ਦੀ ਇੱਛਾ ਹੈ)।

ਬੱਚਿਆਂ ਵਿੱਚ ਵਧੀਆ ਸੰਸਕਾਰ ਅਤੇ ਬੱਚਿਆਂ ਦਾ ਚੰਗਾ ਸੁਭਾਅ ਬਣਾਉਣ ਲਈ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਮਾਤਾ-ਪਿਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਮਾਤਾ-ਪਿਤਾ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਵਿੱਚ ਉਹੀ ਸੁਭਾਅ ਅਤੇ ਸੰਸਕਾਰ ਆਉਣ, ਜੋ ਉਹਨਾਂ ਦੇ ਆਪਣੇ ਹਨ (ਜਾਂ ਜੋ ਉਹਨਾਂ ਦੀ ਇੱਛਾ ਹੈ)। ਜਿਸ ਤਰ੍ਹਾਂ ਦੇ ਸੰਸਕਾਰ ਦੇ ਕੇ ਆਪਣੇ ਬੱਚਿਆਂ ਦਾ ਸੁਭਾਅ, ਮਾਪੇ ਬਣਾਉਣਾ ਚਾਹੁੰਦੇ ਹਨ; ਉਸਦੇ ਲਈ ਉਹਨਾਂ ਨੂੰ ਉਸੇ ਤਰ੍ਹਾਂ ਦਾ ਵਾਤਾਵਰਣ ਆਪਣੇ ਬੱਚਿਆਂ ਨੂੰ ਦੇਣ ਦੀ ਲੋੜ ਹੈ (ਜੋ ਕਿ ਸੰਭਵ ਨਹੀਂ)।
ਠਾਕੁਰ ਜੀ ਨੇ ਮਾਤਾ-ਪਿਤਾ ਨੂੰ, ਆਪਣੇ ਮਨ ਦੀ ਇੱਛਾ-ਪੂਰਤੀ ਲਈ ਕੁਝ ਸੁਝਾਅ ਦਿੰਦਿਆਂ ਕਿਹਾ “ਸੋਚੋ! ਤੁਸੀਂ ਇਹ ਵਿਚਾਰ ਕਰੋ ਕਿ ਜੋ ਸੰਸਕਾਰ ਤੁਹਾਡੇ ਵਿੱਚ ਆਏ ਹਨ ਜਾਂ ਆਏ ਸਨ; ਉਹ ਕਿੱਥੋਂ ਅਤੇ ਕਿਵੇਂ ਆਏ ਸਨ? ਜੋ ਤੁਹਾਡਾ ਸੁਭਾਅ ਹੈ, ਉਹ ਕਿਵੇਂ ਬਣਿਆ ਸੀ? ਜਿਸ ਸਮੇਂ ਤੁਹਾਡੀ ਪੈਦਾਇਸ਼ ਹੋਈ, ਜਿਸ ਮਾਹੌਲ ਵਿੱਚ ਤੁਹਾਡਾ ਪਾਲਣ-ਪੋਸ਼ਣ ਹੋਇਆ; ਤੁਹਾਡੇ ਮਾਤਾ-ਪਿਤਾ ਅਤੇ ਹੋਰ ਸਾਰੇ ਲੋਕ, ਉਹਨਾਂ ਸਾਰਿਆਂ ਨੇ ਤੁਹਾਨੂੰ 20 ਸਾਲ ਦੀ ਉਮਰ ਤੱਕ ਕੀ-ਕੀ ਸੰਸਕਾਰ ਦਿੱਤੇ? ਕਿਨ੍ਹਾਂ ਲੋਕਾਂ ਨਾਲ ਤੁਹਾਡੀ ਸੰਗਤ ਹੋਈ? ਜਿਹੜਾ ਮਾਹੌਲ ਤੁਹਾਨੂੰ ਬਚਪਨ ਅਤੇ ਚੜ੍ਹਦੀ ਜਵਾਨੀ ਵਿੱਚ ਮਿਲਿਆ; ਕੀ ਉਹ ਹੀ ਮਾਹੌਲ ਤੁਹਾਡੇ ਬੱਚਿਆਂ ਨੂੰ ਵੀ ਮਿਲ ਰਿਹਾ ਹੈ? ਜੇ ਨਹੀਂ ਮਿਲ ਰਿਹਾ; ਤਾਂ ਤੁਸੀਂ ਆਪਣੇ ਬੱਚਿਆਂ ਕੋਲੋਂ, ਆਪਣੇ ਵਰਗੇ ਸੁਭਾਅ, ਸੰਸਕਾਰ ਅਤੇ ਆਦਤਾਂ ਦੀ ਆਸ ਨਹੀਂ ਕਰ ਸਕਦੇ”।
ਠਾਕੁਰ ਜੀ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਮਝਾਉਂਦਿਆਂ ਇਹ ਵੀ ਕਿਹਾ “ਜੋ ਤੁਹਾਡੇ ਅੱਜ ਦੇ ਜਾਂ ਪੁਰਾਣੇ ਬਚਪਨ ਦੇ ਸੰਸਕਾਰ ਹਨ; ਉਹਦੇ ਪਿੱਛੇ ਬਹੁਤ ਵੱਡੇ-ਵੱਡੇ ਕਾਰਣ ਸਨ ਅਤੇ ਕਾਰਣ ਹਨ, ਜਿਸ ਕਰਕੇ ਅੱਜ ਤੁਹਾਡਾ ਇੱਕ ਸੁਭਾਅ ਬਣ ਚੁੱਕਾ ਹੈ। ਸਮੱਸਿਆ ਇਹ ਹੈ ਕਿ ਕੋਈ ਵੀ ਇੱਕ ਜਾਂ ਦਸ-ਵੀਹ ਲੋਕ ਮਿਲ ਕੇ ਵੀ, ਜਿਸ ਤਰ੍ਹਾਂ ਦਾ ਉਹ ਚਾਹੁੰਦੇ ਹਨ; ਉਸੇ ਤਰ੍ਹਾਂ ਦਾ ਵਾਤਾਵਰਣ, ਉਹ ਨਹੀਂ ਬਣਾ ਸਕਦੇ। ਕਿਉਂਕਿ, ਚਾਰੇ ਪਾਸੇ ਉਸੇ ਤਰ੍ਹਾਂ ਦਾ ਵਾਤਾਵਰਣ ਬੱਚਿਆਂ ਨੂੰ ਬਣਾ ਕੇ ਦੇਣਾ, ਅਤਿਅੰਤ ਕਠਿਨ ਹੀ ਨਹੀਂ; ਅਸੰਭਵ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਅਜਿਹਾ ਵਾਤਾਵਰਣ ਦਿੱਤਾ ਜਾਵੇ, ਜਿਸ ਨਾਲ ਪੂਰਾ ਵਾਤਾਵਰਣ ਹੀ ਬਦਲ ਜਾਏ ਜਾਂ ਬੱਚਿਆਂ ਨੂੰ ਦੂਸਰੇ ਵਾਤਾਵਰਣ ਦੀ ਹਵਾ ਵੀ ਨਾ ਲੱਗੇ; ਤਾਂ ਇਹ ਸੰਭਵ ਨਹੀਂ ਹੈ। ਅੱਜਕਲ ਟੀ.ਵੀ, ਇੰਟਰਨੈੱਟ, ਮੋਬਾਈਲ ਫੋਨ ਆਦਿ ਨਾਲ ਘਰ ਵਿੱਚ ਹੀ ਅਜਿਹਾ ਵਾਤਾਵਰਣ ਬਣ ਗਿਆ ਹੈ ਕਿ ਬਾਹਰਲੇ ਵਾਤਾਵਰਣ ਤੋਂ ਪ੍ਰਭਾਵਿਤ ਹੋਣ ਦੀ ਲੋੜ ਹੀ ਨਹੀਂ ਰਹਿ ਗਈ”।
ਮਾਤਾ ਪਿਤਾ ਨੂੰ ਬੱਚਿਆਂ ਬਾਰੇ ਦੱਸਦਿਆਂ ਠਾਕੁਰ ਦਲੀਪ ਸਿੰਘ ਜੀ ਨੇ ਕਿਹਾ “ਜੇ ਤੁਹਾਡੇ ਬੱਚੇ, ਤੁਹਾਡੇ ਵਰਗਾ ਸੁਭਾਅ, ਤੁਹਾਡੇ ਵਰਗੇ ਸੰਸਕਾਰ ਨਹੀਂ ਅਪਣਾਉਂਦੇ; ਤਾਂ ਤੁਹਾਨੂੰ ਆਪਣੇ ਬੱਚਿਆਂ ਨਾਲ ਬਹੁਤਾ ਨਰਾਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਇਸ ਕੌੜੇ ਸੱਚ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਤੁਹਾਡਾ ਵਾਤਾਵਰਣ ਅਤੇ ਅੱਜ ਦੀ ਨਵੀਂ ਪੀੜ੍ਹੀ ਦਾ ਵਾਤਾਵਰਣ ਅਤੇ ਉਹਨਾਂ ਦੀ ਸੰਗਤ; ਪੂਰੀ ਤਰ੍ਹਾਂ ਅਲੱਗ ਹਨ। ਇਸ ਲਈ, ਸਾਡੇ ਬੱਚਿਆਂ ਦਾ ਸੁਭਾਅ ਸਾਡੇ ਵਰਗਾ ਹੋ ਹੀ ਨਹੀਂ ਸਕਦਾ। ਸਮੇਂ ਅਨੁਸਾਰ ਹੋ ਰਹੇ ਪਰਿਵਰਤਨ ਨੂੰ ਪ੍ਰਵਾਨ ਕਰਦੇ ਹੋਏ: ਆਪਣੇ ਬੱਚਿਆਂ ਨਾਲ ਮਾਤਾ ਪਿਤਾ ਨੂੰ ਜਿੰਨੀ ਸੰਭਵ ਹੋਵੇ, ਬਣਾ ਕੇ ਰੱਖਣੀ ਚਾਹੀਦੀ ਹੈ। ਮਾਤਾ ਪਿਤਾ ਨੂੰ ਆਪਣਾ ਵੀ ਅਜਿਹਾ ਸੁਭਾਅ ਬਣਾਉਣ ਦੀ ਲੋੜ ਹੈ, ਜਿਸ ਤਰ੍ਹਾਂ ਦਾ ਉਹ ਆਪਣੇ ਬੱਚਿਆਂ ਤੋਂ ਚਾਹੁੰਦੇ ਹਨ। ਕਿਉਂਕਿ, ਬੱਚੇ ਮਾਤਾ-ਪਿਤਾ ਦੀ ਨਕਲ ਕਰਦੇ ਹਨ”।