
ਹੁਣ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਲੱਗੇ ਵੱਡੇ ਇਲਜ਼ਾਮ, ਹਾਈਕੋਰਟ ਨੇ ਕੱਸਿਆ ਸ਼ਿਕੰਜਾ
ਚੰਡੀਗੜ੍ਹ, 27 ਅਕਤੂਬਰ (ਪੈਗ਼ਾਮ-ਏ-ਜਗਤ)-ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਇਸ਼ਾਰੇ ’ਤੇ ਪਾਤੜਾਂ ਰੋਡ ਸਮਾਣਾ ਵਿਚ ਸਥਿਤ ਹਰਮਨ ਮਿਲਕਫੂਡ ਕੰਪਨੀ ਵਿਚ ਕਬਜ਼ਾ ਕਰਕੇ ਭੰਨਤੋੜ ਕਰਨ ਤੇ ਇਲਾਕੇ ਵਿਚ ਲੱਗੇ 2 ਕਰੋੜ ਦੇ ਦਰੱਖਤ ਵੱਢ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ।
ਚੰਡੀਗੜ੍ਹ, 27 ਅਕਤੂਬਰ (ਪੈਗ਼ਾਮ-ਏ-ਜਗਤ)-ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਇਸ਼ਾਰੇ ’ਤੇ ਪਾਤੜਾਂ ਰੋਡ ਸਮਾਣਾ ਵਿਚ ਸਥਿਤ ਹਰਮਨ ਮਿਲਕਫੂਡ ਕੰਪਨੀ ਵਿਚ ਕਬਜ਼ਾ ਕਰਕੇ ਭੰਨਤੋੜ ਕਰਨ ਤੇ ਇਲਾਕੇ ਵਿਚ ਲੱਗੇ 2 ਕਰੋੜ ਦੇ ਦਰੱਖਤ ਵੱਢ ਕੇ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕੰਪਨੀ ਦੀ ਨਿਰਦੇਸ਼ਕ ਚੇਅਰਪਰਸਨ ਰਚਨਾ ਗਰਗ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਜਿੱਥੇ ਲਾਈਫ਼ ਪ੍ਰੋਟੈਕਸ਼ਨ ਦੀ ਮੰਗ ਕੀਤੀ ਹੈ, ਉਥੇ ਹੀ ਕੰਪਨੀ ਵਿਚ ਜ਼ਬਰਦਸਤੀ ਕਬਜ਼ਾ ਕਰਨ ਵਾਲੇ ਰੱਖੜਾ ਤੇ ਹੋਰ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਇਸ ਕੰਮ ਵਿਚ ਰੱਖੜਾ ਦੀ ਮਦਦ ਕੀਤੀ ਹੈ।
ਹਾਈਕੋਰਟ ਦੇ ਜਸਟਿਸ ਸੰਦੀਪ ਮੋਦਗਿੱਲ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਤਮਾਮ ਦਸਤਾਵੇਜ਼ਾਂ ਤੇ ਸਬੂਤਾਂ ਨੂੰ ਦੇਖਣ ਤੇ ਐਡਵੋਕੇਟ ਅਮਰ ਵਿਵੇਦ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੰਭੀਰਤਾ ਦਿਖਾਉਂਦਿਆਂ ਪੰਜਾਬ ਦੇ ਗ੍ਰਹਿ ਸਕੱਤਰ, ਡੀ.ਜੀ.ਪੀ., ਡੀ.ਸੀ. ਪਟਿਆਲਾ, ਐੱਸ.ਐੱਸ.ਪੀ., ਨਗਰ ਨਿਗਮ ਸਮਾਣਾ ਦੇ ਕਮਿਸ਼ਨਰ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਪਟੀਸ਼ਨਰ ਦੀ ਜਾਨ ਤੇ ਮਾਲ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ।ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਡਵੋਕੇਟ ਰਾਜੀਵ ਗੋਦਾਰਾ ਨੂੰ ਲੋਕਲ ਕਮਿਸ਼ਨਰ ਨਿਯੁਕਤ ਕੀਤਾ ਹੈ, ਜੋ ਕਿ ਸ਼ੁੱਕਰਵਾਰ ਨੂੰ ਹਰਮਨ ਮਿਲਕਫੂਡ ਕੰਪਨੀ ਦਾ ਦੌਰਾ ਕਰਨਗੇ ਤੇ ਅੰਦਰ ਦੀ ਸਥਿਤੀ ਤੇ ਭੰਨਤੋੜ ਦਾ ਜਾਇਜ਼ਾ ਲੈਣਗੇ। ਗੋਦਾਰਾ ਦੀ ਰਿਪੋਰਟ ਤੋਂ ਬਾਅਦ ਅਦਾਲਤ 3 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਕਰੇਗੀ।
ਐਡਵੋਕੇਟ ਅਮਰ ਵਿਵੇਦ ਨੇ ਲੋਕਲ ਕਮਿਸ਼ਨ ਨਿਯੁਕਤ ਕੀਤੇ ਗਏ ਐਡਵੋਕੇਟ ਰਾਜੀਵ ਗੋਦਾਰਾ ਦੇ ਦੌਰੇ ਦੇ ਸਮੇਂ ਉਨ੍ਹਾਂ ਨੂੰ ਵੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ, ਜਿਸ ’ਤੇ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਲੋਕਲ ਕਮਿਸ਼ਨਰ ਦੇ ਦੌਰੇ ਦੌਰਾਨ ਤੇ ਸੁਣਵਾਈ ਤੱਕ ਸੁਰੱਖਿਆ ਯਕੀਨੀ ਕਰਨ ਦੇ ਹੁਕਮ ਦਿੱਤੇ ਹਨ। ਹਰਮਨ ਮਿਲਕਫੂਡ ਵਿਚ ਰਚਨਾ ਗਰਗ ਤੇ ਉਨ੍ਹਾਂ ਦਾ ਪਤੀ ਰਵਿੰਦਰ ਗਰਗ 70 ਫੀਸਦੀ ਦੇ ਸ਼ਅਰ ਹੋਲਡਰ ਹਨ, ਬਾਕੀ ਸਰਕਾਰੀ ਸ਼ੇਅਰ ਹਨ। ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ’ਤੇ ਪਟੀਸ਼ਨ ਵਿਚ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਦੀ ਸ਼ਹਿ ਹੇਠ ਵਿਰਸਾ ਸਿੰਘ ਸਿੱਧੂ ਨਾਮਕ ਵਿਅਕਤੀ 30-40 ਗੁਰਗਿਆਂ ਦੀ ਮਦਦ ਨਾਲ ਫੈਕਟਰੀ ਵਿਚ ਜ਼ਬਰਦਸਤੀ ਦਾਖ਼ਲ ਹੋਇਆ ਤੇ ਨਿਰਦੇਸ਼ਕਾਂ ਤੇ ਮੁਲਾਜ਼ਮਾਂ ਨੂੰ ਕੰਮ ਕਰਨ ਤੋਂ ਰੋਕ ਦਿੱਤਾ। ਅਦਾਲਤ ਨੇ ਵੀਰਵਾਰ ਨੂੰ ਜਾਰੀ ਅੰਤਰਿਮ ਹੁਕਮਾਂ ਵਿਚ ਲਿਖਿਆ ਹੈ ਕਿ ਵਿਰਸਾ ਸਿੰਘ ਸਿੱਧੂ ਸ਼ਾਤਿਰ ਅਪਰਾਧੀ ਹੈ, ਜਿਸ ਨੂੰ ਅਦਾਲਤ ਭਗੌੜਾ ਕਰਾਰ ਦੇ ਚੁੱਕੀ ਹੈ, ਜਿਸ ਦੇ ਖ਼?ਲਾਫ਼ ਕਈ ਅਪਰਾਧਿਕ ਮਾਮਲਿਆਂ ਵਿਚ ਜਾਂਚ ਚੱਲ ਰਹੀ ਹੈ। ਇਸ ਤੋਂ ਪਹਿਲਾਂ ਨਿਯੁਕਤ ਲੋਕਲ ਕਮਿਸ਼ਨਰ ਤੇ ਐਡਵੋਕੇਟ ਅਮਰ ਵਿਵੇਦ ਫੈਕਟਰੀ ਵਿਚ ਨਿਰੀਖਣ ਕਰਨ ਗਏ ਸਨ, ਪਰ ਉਥੇ ਮੌਜੂਦ ਅਣਪਛਾਤੇ ਲੋਕਾਂ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ।ਅਦਾਲਤ ਨੇ ਕਿਹਾ ਕਿ ਸਿਆਸੀ ਰਸੂਖ ਤੇ ਪਾਵਰ ਦੇ ਦਮ ’ਤੇ ਪਟੀਸ਼ਨਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਜਾਇਦਾਦ ’ਤੇ ਜਬਰਨ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਨ੍ਹਾਂ ਦੀ ਰੋਕਣ ਦੀ ਜ਼ਿੰਮੇਵਾਰੀ ਹੈ, ਉਹ ਮੂਕ ਦਰਸ਼ਕ ਬਣੇ ਹੋਏ ਹਨ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
