
ਕਿਸਾਨ ਕਣਕ ਦੀ ਬਿਜਾਈ ਸਮੇਂ ਪਰਾਲੀ ਪ੍ਰਬੰਧਨ ਲਈ ਇਨ ਸੀਟੂ ਤਕਨੀਕ ਦੀ ਵਰਤੋਂ ਕਰਨ : ਮੁੱਖ ਖੇਤੀਬਾੜੀ ਅਫ਼ਸਰ
ਜ਼ਿਲ੍ਹੇ 'ਚ ਕਿਸਾਨਾਂ ਨੂੰ 14 ਹਜ਼ਾਰ ਕੁਇੰਟਲ ਕਣਕ ਦਾ ਬੀਜ ਸਬਸਿਡੀ 'ਤੇ ਕਰਵਾਇਆ ਜਾ ਰਿਹੈ ਉਪਲਬਧ
ਜ਼ਿਲ੍ਹੇ 'ਚ ਕਿਸਾਨਾਂ ਨੂੰ 14 ਹਜ਼ਾਰ ਕੁਇੰਟਲ ਕਣਕ ਦਾ ਬੀਜ ਸਬਸਿਡੀ 'ਤੇ ਕਰਵਾਇਆ ਜਾ ਰਿਹੈ ਉਪਲਬਧ
ਪਟਿਆਲਾ, 22 ਅਕਤੂਬਰ-ਪਟਿਆਲਾ ਜ਼ਿਲ੍ਹੇ ਵਿੱਚ ਝੋਨੇ ਦੀ ਵਾਢੀ ਦੇ ਨਾਲ ਨਾਲ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ, ਭੁਨਰਹੇੜੀ, ਪਟਿਆਲਾ ਤੇ ਘਨੌਰ ਬਲਾਕਾਂ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਸ਼ੁਰੂ ਕੀਤੀ ਗਈ ਹੈ ਤੇ ਉਨ੍ਹਾਂ ਵੱਲੋਂ ਪਰਾਲੀ ਪ੍ਰਬੰਧਨ ਲਈ ਇਨ ਸੀਟੂ ਤਕਨੀਕ ਦੀ ਵਰਤੋਂ ਕਰਦੇ ਹੋਏ ਸੁਪਰ ਸੀਡਰ ਤੇ ਹੋਰਨਾਂ ਆਧੁਨਿਕ ਮਸ਼ੀਨਰੀ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਨ ਸੀਟੂ ਤਕਨੀਕ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਸਹਿਕਾਰੀ ਸਭਾਵਾਂ ਤੋਂ ਇਲਾਵਾ ਕਿਸਾਨ ਕੋਲ ਵੀ ਸੀ.ਆਰ.ਐਮ. ਸਕੀਮ ਤਹਿਤ ਖਰੀਦ ਕੀਤੀ ਮਸ਼ੀਨਰੀ ਉਪਲਬੱਧ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਹੈਪੀ ਸੀਡਰ, ਮਲਚਰ, ਪੈਡੀ ਸਟਾਅ ਚੋਪਰ, ਆਰ.ਐਮ.ਬੀ. ਪਲਾਓ, ਰੋਟਰੀ ਸ਼ਲੈਸ਼ਰ, ਰੋਟਾਵੀਟਰ, ਸਮਾਰਟ ਸੀਡਰ, ਸੁਪਰ ਐਸ.ਐਮ.ਐਸ., ਸੁਪਰ ਸੀਡਰ, ਸਰਫੇਸ ਸੀਡਰ ਤੇ ਜ਼ੀਰੋ ਟਿੱਲ ਡਰਿੱਲ ਵਰਗੀ ਆਧੁਨਿਕ ਮਸ਼ੀਨਰੀ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਪ੍ਰਬੰਧਨ ਲਈ ਇਨ ਸੀਟੂ ਤਕਨੀਕਾਂ ਦੀ ਵਰਤੋਂ ਕਰਨ ਕਿਉਕਿ ਇਸ ਨਾਲ ਜਿਥੇ ਵਾਤਾਵਰਣ ਪਲੀਤ ਹੋਣੋ ਬਚਦਾ ਹੈ, ਉਥੇ ਹੀ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।
ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਵਧੀਆਂ ਕਿਸਮ ਦਾ ਕਣਕ ਦਾ ਬੀਜ 50 ਫ਼ੀਸਦੀ ਸਬਸਿਡੀ ਉਪਰ 14 ਹਜ਼ਾਰ ਕੁਇੰਟਲ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
