
ਨਿੱਕੀਆਂ ਕਰੂੰਬਲਾਂ ਦੇ 28 ਵਰ੍ਹੇ ਮੁਕੰਮਲ ਕਰਨ ਮੌਕੇ ਸੈਮੀਨਾਰ
ਰੌਚਕ ਬਾਲ ਸਾਹਿਤ ਮਨੁੱਖ ਦਾ ਨਰੋਆ ਸਾਥੀ ਹੁੰਦਾ ਹੈ l ਇਹ ਵਿਚਾਰ ਉਘੇ ਚਿੰਤਕ ਅਤੇ 'ਸਮਕਾਲੀ ਸਾਹਿਤ' ਰਸਾਲੇ ਦੇ ਸੰਪਾਦਕ ਬਲਬੀਰ ਮਾਧੋਪੁਰੀ ਨੇ' ਨਿੱਕੀਆਂ ਕਰੂੰਬਲਾਂ ਅਤੇ ਬਾਲ ਸਾਹਿਤ ' ਵਿਸ਼ੇ ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾਹਿਲਪੁਰ ਵਿੱਚ ਆਖੇ
ਰੌਚਕ ਬਾਲ ਸਾਹਿਤ ਮਨੁੱਖ ਦਾ ਨਰੋਆ ਸਾਥੀ ਹੁੰਦਾ ਹੈ l ਇਹ ਵਿਚਾਰ ਉਘੇ ਚਿੰਤਕ ਅਤੇ 'ਸਮਕਾਲੀ ਸਾਹਿਤ' ਰਸਾਲੇ ਦੇ ਸੰਪਾਦਕ ਬਲਬੀਰ ਮਾਧੋਪੁਰੀ ਨੇ' ਨਿੱਕੀਆਂ ਕਰੂੰਬਲਾਂ ਅਤੇ ਬਾਲ ਸਾਹਿਤ ' ਵਿਸ਼ੇ ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮਾਹਿਲਪੁਰ ਵਿੱਚ ਆਖੇ l ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਬਾਲ ਰਸਾਲੇ ਨੇ ਬੱਚਿਆਂ ਵਿੱਚ ਪੰਜਾਬੀ ਸਾਹਿਤ ਖਾਸ ਕਰ ਨਰੋਈਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ ਹੈ l ਅਜਿਹਾ ਕਾਰਜ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਪਰ ਬਲਜਿੰਦਰ ਮਾਨ ਨੇ ਇਕੱਲਿਆ ਇਹ ਕਾਰਜ 28 ਸਾਲ ਨਿਭਾ ਕੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ ਜਿਸ ਦਾ ਵੇਰਵਾ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ l ਉਹਨਾਂ ਕਿਹਾ ਕਿ ਮਾਹਿਲਪੁਰ ਦੀ ਧਰਤੀ ਸਾਹਿਤ ਸਿੱਖਿਆ, ਸੱਭਿਆਚਾਰ ਅਤੇ ਖੇਡਾਂ ਦੀ ਜਰਖੇਜ਼ ਭੂਮੀ ਹੈ ਆਦਿ ਡੰਕਾ ਦੇ ਸੰਪਾਦਕ ਅਤੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਇਸ ਇਲਾਕੇ ਦੀ ਪੈਦਾਇਸ਼ ਹੋਏ ਹਨ l ਅਜਾਇਬ ਕਮਲ ਅਤੇ ਗੁਲਜ਼ਾਰ ਸਿੰਘ ਸੰਧੂ ਸਮੇਤ ਨਵੇਂ ਲੇਖਕਾਂ ਦੀ ਗਿਣਤੀ ਅਣਗਿਣਤ ਹੈ l ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਤੇ ਫਖਰ ਹੈ ਕਿ ਨਿਕੀਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਖਾਲਸਾ ਕਾਲਜ ਮਾਹਿਲਪੁਰ ਦੇ ਵਿਦਿਆਰਥੀ ਰਹੇ ਹਨ। ਜਿਨ੍ਹਾਂ ਨੇ ਬਾਲ ਸਾਹਿਬ ਦੇ ਖੇਤਰ ਵਿੱਚ ਸਿਰਜਣਾ, ਸੰਪਾਦਨਾ, ਅਨੁਵਾਦ ਅਤੇ ਪ੍ਰਕਾਸ਼ਨ ਨਾਲ ਸੰਦਲੀ ਪੈੜਾਂ ਪਾਈਆਂ ਹਨ l ਡਾ.ਬਲਵੀਰ ਕੌਰ ਰੀਹਲ ਅਤੇ ਡਾਕਟਰ ਜੰਗ ਬਹਾਦਰ ਸੇਖੋਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਨਿੱਕੀਆਂ ਕਰੂੰਬਲਾਂ ਦੇ ਹਾਣ ਦਾ ਕੋਈ ਵੀ ਰਸਾਲਾ ਪ੍ਰਕਾਸ਼ਿਤ ਨਹੀਂ ਹੋ ਰਿਹਾ l ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਬਾਲ ਸੰਦੇਸ਼ ਤੋਂ ਬਾਅਦ ਇੱਕੋ ਇੱਕ ਰਸਾਲਾ ਨਿੱਕੀਆਂ ਕਰੂੰਬਲਾਂ ਪਿਛਲੇ 28 ਸਾਲ ਤੋਂ ਪੂਰੀ ਸਾਜ ਧਾਜ ਨਾਲ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਿਸ ਵਾਸਤੇ ਕਰੂੰਬਲਾਂ ਪਰਿਵਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ l ਇਸ ਸਮਾਗਮ ਵਿੱਚ ਸੁਖਮਨ ਸਿੰਘ, ਬੱਗਾ ਸਿੰਘਾ ਆਰਟਿਸਟ,ਪ੍ਰਿੰ. ਮਨਜੀਤ ਕੌਰ, ਚੈਂਚਲ ਸਿੰਘ ਬੈਂਸ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਨਿਧੀ ਅਮਨ ਸਹੋਤਾ, ਮਨਜਿੰਦਰ ਸਿੰਘ ਹੀਰ, ਪਵਨ ਸਕਰੂਲੀ ਸਮੇਤ ਸੁਰ ਸੰਗਮ ਵਿਦਿਅਕ ਟ੍ਰਸਟ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਮੈਂਬਰਾਂ ਤੋਂ ਇਲਾਵਾ ਬੱਚੇ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ l
