
ਮੁਕਤਸਰ ਵਿੱਚ ਸਵਾਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗੀ 5 ਵਿਅਕਤੀਆਂ ਦੀ ਮੌਤ, 35 ਨੂੰ ਬਚਾਇਆ, ਨਹਿਰ ਵਿੱਚ ਰੁੜ੍ਹਣ ਵਾਲਿਆਂ ਦੀ ਭਾਲ ਜਾਰੀ
ਮੁਕਤਸਰ ਸਾਹਿਬ, 19 ਸਤੰਬਰ ਮੁਕਤਸਰ- ਕੋਟਕਪੂਰਾ ਰੋਡ ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ਵਿੱਚੋਂ ਸਰਹਿੰਦ ਕੈਨਾਲ ਵਿੱਚ ਅੱਜ 45 ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 35 ਸਵਾਰੀਆਂ ਨੂੰ ਬਚਾ ਲਿਆ ਗਿਆ ਹੈ। ਇਸ ਦੌਰਾਨ ਬਾਕੀ ਸਵਾਰੀਆਂ ਦੇ ਨਹਿਰ ਵਿੱਚ ਰੁੜ੍ਹ ਜਾਣ ਦੀ ਖਬਰ ਹੈ।
ਮੁਕਤਸਰ ਸਾਹਿਬ, 19 ਸਤੰਬਰ ਮੁਕਤਸਰ- ਕੋਟਕਪੂਰਾ ਰੋਡ ਤੇ ਪਿੰਡ ਝਬੇਲਵਾਲੀ ਨੇੜਿਓਂ ਲੰਘਦੀਆਂ ਜੁੜਵਾਂ ਨਹਿਰਾਂ ਵਿੱਚੋਂ ਸਰਹਿੰਦ ਕੈਨਾਲ ਵਿੱਚ ਅੱਜ 45 ਸਵਾਰੀਆਂ ਨਾਲ ਭਰੀ ਨਿਊਦੀਪ ਕੰਪਨੀ ਦੀ ਬੱਸ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 35 ਸਵਾਰੀਆਂ ਨੂੰ ਬਚਾ ਲਿਆ ਗਿਆ ਹੈ। ਇਸ ਦੌਰਾਨ ਬਾਕੀ ਸਵਾਰੀਆਂ ਦੇ ਨਹਿਰ ਵਿੱਚ ਰੁੜ੍ਹ ਜਾਣ ਦੀ ਖਬਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਹਿਰ ਦੇ ਪੁਲ਼ ਤੇ ਲੱਗੇ ਲੋਹੇ ਦੇ ਐਂਗਲਾਂ ਵਿੱਚ ਵੱਜਣ ਕਾਰਨ ਬੱਸ ਦਾ ਅੱਧਾ ਹਿੱਸਾ ਨਹਿਰ ਵਿੱਚ ਜਾ ਲਟਕਿਆ ਜਦਕਿ ਅੱਧਾ ਹਿੱਸਾ ਬਾਹਰ ਪੁੱਲ ਉਪਰ ਰਹਿ ਗਿਆ। ਇਸ ਘਟਨਾ ਦਾ ਪਤਾ ਲੱਗਣ ਤੇ ਲੋਕ ਵੱਡੀ ਗਿਣਤੀ ਵਿੱਚ ਉੱਥੇ ਪੁੱਜ ਗਏ। ਓਧਰ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪੁੱਜੇ ਤੇ ਬੱਸ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ।
ਘਟਨਾ ਦੀ ਜਾਣਕਾਰੀ ਮਿਲਣ ਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿਧਾਇਕ ਕਾਕਾ ਬਰਾੜ ਮੌਕੇ ਤੇ ਪੁੱਜੇ ਤੇ ਘਟਨਾ ਦਾ ਜਾਇਜ਼ਾ ਲਿਆ। ਬੱਸ ਨੂੰ ਬਾਹਰ ਕੱਢਣ ਲਈ ਕਾਰਵਾਈ ਕੀਤੀ ਜਾ ਰਹੀ ਸੀ।
ਐਸ ਐਸ ਪੀ ਹਰਮਨਬੀਰ ਗਿੱਲ ਨੇ ਪੰਜ ਮੌਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬੱਸ ਵਿਚ ਕੁੱਲ 45 ਸਵਾਰੀਆਂ ਸਨ ਜਿਨ੍ਹਾਂ ਵਿਚੋਂ 35 ਨੂੰ ਬਚਾ ਲਿਆ ਗਿਆ ਹੈ ਤੇ ਜਿਹੜੇ ਰੁੜ੍ਹ ਗਏ ਹਨ, ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵਾਪਰੇ ਸੜਕ ਹਾਦਸੇ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1992 ਵਿੱਚ ਵੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਇਸੇ ਨਹਿਰ ਵਿੱਚ ਡਿੱਗੀ ਸੀ, ਜਿਸ ਵਿਚ ਬੱਚਿਆਂ ਸਮੇਤ ਕਰੀਬ 80 ਮੁਸਾਫ਼ਰਾਂ ਦੀ ਮੌਤ ਹੋ ਗਈ ਸੀ। ਇਸ ਸੜਕ ਤੇ ਟੋਲ ਪਲਾਜ਼ਾ ਵੀ ਲੱਗਿਆ ਹੈ ਪਰੰਤੂ ਟੋਲ ਵਾਲਿਆਂ ਵੱਲੋਂ ਹੁਣ ਤਕ ਨਹਿਰ ਦੇ ਨਵੇਂ ਪੁੱਲ ਦਾ ਨਿਰਮਾਣ ਨਹੀਂ ਕੀਤਾ ਗਿਆ ਹੈ, ਜਦਕਿ ਟੋਲ ਚੱਲ ਰਿਹਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੁਕਤਸਰ-ਕੋਟਕਪੂਰਾ ਰੋਡ ਤੇ ਪੈਂਦੀ ਨਹਿਰ ਵਿੱਚ ਨਿੱਜੀ ਬੱਸ ਦੇ ਹਾਦਸਾ ਗ੍ਰਸਤ ਹੋਣ ਦੀ ਦੁਖਦਾਈ ਖ਼ਬਰ ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਰਾਹੀਂ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਹਨ ਅਤੇ ਉਹ ਬਚਾਅ ਕਾਰਜਾਂ ਦੀ ਉਹ ਪਲ-ਪਲ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਪਰਮਾਤਮਾ ਅੱਗੇ ਸਾਰਿਆਂ ਦੀ ਤੰਦੁਰਸਤੀ ਦੀ ਕਾਮਨਾ ਕਰਦੇ ਹੋਏ ਬਾਕੀ ਵੇਰਵੇ ਜਲਦ ਸਾਂਝੇ ਕਰਨ ਸਬੰਧੀ ਕਿਹਾ।
