
ਇਨਸਾਫ਼ ਪ੍ਰਾਪਤੀ ਤਕ ਚਲੇਗਾ ਕੌਮੀ ਇਨਸਾਫ਼ ਮੋਰਚਾ : ਪਾਲ ਸਿੰਘ ਫਰਾਂਸ ਮੋਰਚੇ ਵਿਚ ਨਹੀਂ ਹੈ ਕੋਈ ਤਰੇੜ
ਐਸ ਏ ਐਸ ਨਗਰ, 5 ਸਤੰਬਰ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਹੈ ਕਿ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਅਤੇ ਸਰਕਾਰ ਨਾਲ ਜੁੜੇ ਤਿੰਨ ਮਸਲਿਆਂ ਦੇ ਨਿਪਟਾਰੇ ਤਕ ਸੰਗਤ ਦੇ ਸਹਿਯੋਗ ਅਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਚਲਦਾ ਰਹੇਗਾ।
ਐਸ ਏ ਐਸ ਨਗਰ, 5 ਸਤੰਬਰ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਹੈ ਕਿ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਅਤੇ ਸਰਕਾਰ ਨਾਲ ਜੁੜੇ ਤਿੰਨ ਮਸਲਿਆਂ ਦੇ ਨਿਪਟਾਰੇ ਤਕ ਸੰਗਤ ਦੇ ਸਹਿਯੋਗ ਅਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਚਲਦਾ ਰਹੇਗਾ। ਮੋਰਚੇ ਬਾਰੇ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿੱਚ ਮੋਰਚਾ ਖਤਮ ਕਰਨ ਜਾਂ ਪੁਲੀਸ ਵਲੋਂ ਜ਼ਬਰੀ ਚੁੱਕਣ ਦੀਆਂ ਖਬਰਾਂ ਨੂੰ ਦਰਕਿਨਾਰ ਕਰਦਿਆਂ ਉਹਨਾਂ ਕਿਹਾ ਕਿ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਮੋਰਚਾ ਚੁਕਵਾ ਕੇ ਸੜਕਾਂ ਖਾਲੀ ਕਰਨ ਸੰਬੰਧੀ ਪਾਏ ਕੇਸ ਦੀ ਸੁਣਵਾਈ ਸੀ, ਜਿਸ ਬਾਬਤ ਮਾਣਯੋਗ ਅਦਾਲਤ ਨੇ ਇਕ ਮਹੀਨੇ ਦੀ ਤਰੀਕ ਪਾਉਂਦਿਆਂ ਪੁਲੀਸ ਪ੍ਰਸ਼ਾਸਨ ਨੂੰ ਹਲਫ਼ੀਆ ਬਿਆਨ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਹੈ। ਬੀਤੇ ਕੱਲ ਪ੍ਰਸ਼ਾਸ਼ਨ ਵੱਲੋਂ ਕੌਮੀ ਇਨਸਾਫ਼ ਮੋਰਚੇ ਨਾਲ ਲਗਦੀ ਸੜਕ ਨੂੰ ਖੋਲਣ ਬਾਰੇ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਹ ਸੜਕ ਚੰਡੀਗੜ੍ਹ ਪੁਲੀਸ ਵਲੋਂ ਹੀ ਬੰਦ ਕੀਤੀ ਗਈ ਸੀ ਅਤੇ ਇਸਨੂੰ ਪ੍ਰਸ਼ਾਸ਼ਨ ਵੱਲੋਂ ਖੋਲ ਦਿੱਤਾ ਗਿਆ ਹੈ ਪ੍ਰੰਤੂ ਜਿਸ ਸੜਕ ਉਤੇ ਕੌਮੀ ਇਨਸਾਫ਼ ਮੋਰਚੇ ਦੇ ਸ਼ੈਡ ਬਣਾਏ ਗਏ ਹਨ ਅਤੇ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ ਉਹ ਸੜਕ ਨਾ ਮੋਰਚੇ ਵਲੋਂ ਖੋਲੀ ਗਈ ਹੈ ਨਾ ਪੁਲੀਸ ਪ੍ਰਸ਼ਾਸ਼ਨ ਵੱਲੋਂ ਉਸਨੂੰ ਖੁਲਵਾਉਣ ਲਈ ਕੋਈ ਦਬਾਅ ਮੋਰਚੇ ਦੀ ਸੰਗਤ ਜਾਂ ਆਗੂਆਂ ਉੱਤੇ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ ਵਲੋਂ ਅਤੇ ਵਕੀਲਾਂ ਵੱਲੋਂ ਮੀਡੀਆ ਵਿਚ ਇਕ ਦੂਜੇ ਖਿਲਾਫ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ ਉਹ ਗਲਤ ਫਹਿਮੀਆਂ ਦੀ ਵਜ੍ਹਾ ਕਰਕੇ ਹੋਇਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸਾਰੀ ਰਿਪੋਰਟ ਬਣਾ ਕੇ ਭਾਈ ਇੰਦਰਬੀਰ ਸਿੰਘ ਹੋਰਾਂ ਰਾਹੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ ਵਿਚ ਭੇਜੀ ਜਾਵੇਗੀ ਅਤੇ ਉਹ ਜਿਹੜਾ ਫੈਸਲਾ ਲੈਣਗੇ ਉਸ ਬਾਰੇ ਮੀਡੀਆ ਅਤੇ ਸੰਗਤ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਇਸ ਮੌਕੇ ਨਿਹੰਗ ਸਿੰਘ ਰਾਜਾ ਰਾਜ ਸਿੰਘ, ਭਾਈ ਬਲਵਿੰਦਰ ਸਿੰਘ, ਕਿਸਾਨ ਆਗੂ ਭਾਈ ਰੇਸ਼ਮ ਸਿੰਘ ਬਡਾਲੀ, ਭਾਈ ਇੰਦਰਬੀਰ ਸਿੰਘ, ਕਿਸਾਨ ਆਗੂ ਬਲਜੀਤ ਸਿੰਘ, ਪਰਮਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਭੋਗਪੁਰ, ਬਲਜਿੰਦਰ ਸਿੰਘ, ਭਾਈ ਜਰਨੈਲ ਸਿੰਘ ਮਗਰੋੜ, ਭਾਈ ਪਵਨਦੀਪ ਸਿੰਘ ਖਾਲਸਾ ਵੀ ਹਾਜਰ ਸਨ ।
