ਮੁੱਖ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਭਾਜਪਾ ਨੇ ਲਿਆਂਦਾ ਵਨ ਨੇਸ਼ਨ ਵਨ ਇਲੈਕਸ਼ਨ ਦਾ ਸ਼ਗੂਫਾ : ਕੁਲਜੀਤ ਸਿੰਘ ਬੇਦੀ ਦੇਸ਼ ਦੇ ਫੈਡਰਲ ਢਾਂਚੇ ਲਈ ਬੇਹੱਦ ਖਤਰਨਾਕ ਸਾਬਿਤ ਹੋਵੇਗੀ ਭਾਜਪਾ ਦੀ ਕਾਰਵਾਈ

ਐਸ ਏ ਐਸ ਨਗਰ, 4 ਸਤੰਬਰ ਮੁਹਾਲੀ ਨਗਰ ਨਿਗਮ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵਨ ਨੇਸ਼ਨ ਵਨ ਇਲੈਕਸ਼ਨ ਮੁੱਦੇ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਆਪਣੀ ਹਾਰ ਯਕੀਨੀ ਵੇਖ ਕੇ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਘਬਰਾਈ ਪਈ ਹੈ ਅਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਇਹ ਨਵਾਂ ਸ਼ਗੂਫਾ ਲਿਆਂਦਾ ਗਿਆ ਹੈ ਪਰ ਜਨਤਾ ਸਭ ਕੁਝ ਜਾਣਦੀ ਹੈ।

ਇੱਥੇ ਗੱਲ ਕਰਦਿਆਂ ਸz. ਬੇਦੀ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਸਰਕਾਰ ਵਨ ਨੇਸ਼ਨ ਵਨ ਐਜੂਕੇਸ਼ਨ, ਵਨ ਨੇਸ਼ਨ ਵਨ ਹੈਲਥ ਦੀ ਗੱਲ ਕਰਦੀ ਅਤੇ ਇਸ ਦੇ ਤਹਿਤ ਭਾਰਤ ਦੇਸ਼ ਦੇ ਸਮੂਹ ਲੋਕਾਂ ਵਾਸਤੇ ਇੱਕ ਤਰ੍ਹਾਂ ਦੀ ਨੀਤੀ ਅਖਤਿਆਰ ਕੀਤੀ ਜਾਂਦੀ ਪਰ ਭਾਜਪਾ ਨੇ ਸੂਬਿਆਂ ਨੂੰ ਹੋਰ ਕਮਜ਼ੋਰ ਕਰਨ ਲਈ ਵਨ ਨੇਸ਼ਨ ਵਨ ਇਲੈਕਸਨ ਦਾ ਕਦਮ ਚੁੱਕਿਆ ਹੈ ਜੋ ਦੇਸ਼ ਦੇ ਫੈਡਰਲ ਢਾਂਚੇ ਲਈ ਬੇਹੱਦ ਖਤਰਨਾਕ ਹੋਵੇਗਾ। ਉਹਨਾਂ ਰਾਸ਼ਟਰੀ ਚੋਣਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਹੁੰਦੀਆਂ ਹਨ ਜਦੋਂ ਕਿ ਸੂਬਿਆਂ ਦੀਆਂ ਚੋਣਾਂ ਸੂਬਿਆਂ ਦੇ ਮੁਦਿਆਂ ਨੂੰ ਲੈ ਕੇ ਲੜੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹਰੇਕ ਸੂਬੇ ਦੇ ਆਪੋ ਆਪਣੇ ਵੱਖਰੇ ਮੁੱਦੇ ਹੁੰਦੇ ਹਨ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਵਿਰੋਧੀ ਪਾਰਟੀਆਂ ਦੇ ਇੰਡੀਆ ਗੱਠਜੋੜ ਬਣਾ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੋਣ ਲੜਨ ਦੇ ਉਪਰਾਲੇ ਕਾਰਨ ਭਾਰਤੀ ਜਨਤਾ ਪਾਰਟੀ ਬੁਰੀ ਤਰ੍ਹਾਂ ਬੁਖਲਾ ਗਈ ਹੈ ਅਤੇ ਇਸੇ ਕਰਕੇ ਕਾਹਲੀ ਵਿੱਚ ਗ਼ਲਤ ਫੈਸਲੇ ਲੈ ਰਹੀ ਹੈ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੂੰ ਸਭ ਤੋਂ ਜਿਆਦਾ ਦੁੱਖ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਇਸ ਗਲਤ ਫੈਸਲੇ ਦੀ ਹਮਾਇਤ ਕਰਨ ਨਾਲ ਹੋਇਆ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਪਤਨ ਦਾ ਇੱਕ ਹੋਰ ਨੀਂਹ ਪੱਤਰ ਰੱਖ ਦਿੱਤਾ ਹੈ। ਉਹਨਾਂ ਕਿਹਾ ਕੇ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੀ ਪਾਰਟੀ ਅਕਾਲੀ ਦਲ ਨੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੇ ਅੱਗੇ ਸਰੰਡਰ ਕਰ ਦਿੱਤਾ ਹੈ। ਉਹਨਾਂ ਕਿਹਾ ਪਹਿਲਾਂ ਹੀ ਸੈਂਟਰ ਸਰਕਾਰ ਸੂਬਿਆਂ ਦੇ ਕਈ ਅਧਿਕਾਰ ਖੋਹ ਚੁੱਕੀ ਹੈ। ਬਿਜਲੀ, ਖੇਤੀ, ਜੀ ਐਸ ਟੀ ਰਾਹੀਂ ਸੂਬਿਆਂ ਨੂੰ ਮੰਗਤਾ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਇਸ ਸਮੇਂ ਬਹੁਮਤ ਵਿੱਚ ਹੈ ਇਸ ਕਰਕੇ ਨਾਦਰਸ਼ਾਹੀ ਫ਼ੈਸਲੇ ਲੈ ਰਹੀ ਹੈ ਪਰ ਜਨਤਾ ਅਜਿਹੇ ਕਿਸੇ ਵੀ ਨਾਦਰਸ਼ਾਹੀ ਫਰਮਾਨ ਨੂੰ ਧੂੜ ਚਟਾਉਣ ਦੇ ਕਾਬਲ ਹੈ।