ਕਿਸਾਨਾਂ ਵਲੋਂ 4 ਸਤੰਬਰ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਵਿਸ਼ਾਲ ਧਰਨੇ ਲਾਉਣ ਦਾ ਫੈਸਲਾ

ਚੰਡੀਗੜ੍ਹ, 26 ਅਗਸਤ  ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਦੀ ਇੱਕ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਹੋਈ। ਮੀਟਿੰਗ ਵਿੱਚ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ ਅਤੇ ਹਰਜਿੰਦਰ ਸਿੰਘ ਟਾਂਡਾ ਸਮੇਤ ਆਪੋ ਆਪਣੇ ਯੂਨੀਅਨਾਂ ਦੇ ਪ੍ਰਧਾਨਾਂ ਸਮੇਤ ਸੂਬੇ ਭਰ ਦੇ 172 ਕਿਸਾਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਬੰਦੀਆਂ ਨੇ 4 ਸਤੰਬਰ ਨੂੰ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਵਿਸ਼ਾਲ ਧਰਨੇ ਲਾਉਣ ਦਾ ਫੈਸਲਾ ਕੀਤਾ ਹੈ ਜਿੱਥੇ ਪੀੜਤ ਲੋਕਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕਰਦਿਆਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸz. ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਗੰਭੀਰ ਨੋਟਿਸ ਲਿਆ ਗਿਆ, ਜਿਸ ਕਾਰਨ ਫਸਲਾਂ ਅਤੇ ਘਰਾਂ ਦਾ 6000 ਕਰੋੜ ਤੋਂ ਵੱਧ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਪੌਂਗ ਡੈਮ ਅਤੇ ਭਾਖੜਾ ਡੈਮ ਦੇ ਓਵਰਫਲੋਅ ਹੋਣ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਵਾਧੂ ਪਾਣੀ ਹੇਠਾਂ ਛੱਡਣ ਨਾਲ ਰਾਜ ਦੇ ਲਗਭਗ 8 ਜ਼ਿਲ੍ਹਿਆਂ ਵਿੱਚ ਪਾਣੀ ਭਰਨ ਕਾਰਨ ਦੂਜੀ ਵਾਰ ਬੀਜੀ ਗਈ ਝੋਨੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਹੜ੍ਹ ਰਾਹਤ ਵੰਡਣ ਦਾ ਦਾਅਵਾ ਸਰਾਸਰ ਝੂਠਾ ਅਤੇ ਗੁੰਮਰਾਹਕੁੰਨ ਹੈ ਕਿਉਂਕਿ ਸੂਬੇ ਵਿਚੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਅੱਜ ਤੱਕ ਗਿਰਦਾਵਰੀ ਹੀ ਨਹੀਂ ਕੀਤੀ ਗਈ, ਫਿਰ ਮੁਆਵਜ਼ਾ ਦੇਣ ਦੀ ਕੀ ਗੱਲ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਦੂਜੀ ਵਾਰ ਹੜ੍ਹ ਮਨੁੱਖ ਦੀ ਦੇਣ ਹਨ ਕਿਉਂਕਿ ਡੈਮ ਖ਼ਤਰੇ ਦੇ ਨਿਸ਼ਾਨ ਤੱਕ ਭਰੇ ਹੋਏ ਸਨ ਜਦੋਂ ਕਿ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਤੋਂ ਪਹਿਲਾਂ ਵਾਧੂ ਪਾਣੀ ਨਿਯਮਤ ਤੌਰ ਤੇ ਛੱਡਿਆ ਜਾਣਾ ਸੀ। ਉਹਨਾਂ ਦੱਸਿਆ ਕਿ ਮੀਟਿੰਗ ਦੌਰਾਨ ਗੰਭੀਰ ਪਾਣੀ ਦੇ ਸੰਕਟ ਅਤੇ ਪਾਣੀ ਦੇ ਵਿਵਾਦ, ਵਾਤਾਵਰਣ ਪ੍ਰਦੂਸ਼ਣ ਅਤੇ ਰਾਜ ਦੀ ਸੰਘੀ ਪ੍ਰਣਾਲੀ ਤੇ ਹਮਲੇ ਦੇ ਮੁੱਦਿਆਂ ਬਾਰੇ 9 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਇਨ੍ਹਾਂ ਅਹਿਮ ਮੁੱਦਿਆਂ ਤੇ ਰਾਜਨੀਤਿਕ ਪਾਰਟੀਆਂ ਦਾ ਰੁਖ ਜਾਣਿਆ ਜਾ ਸਕੇ ਜੋ ਮਸਲੇ ਲੰਬੇ ਸਮੇਂ ਤੋਂ ਸੂਬੇ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੇਕ ਸਿੰਘ ਖੋਖ, ਬਲਦੇਵ ਸਿੰਘ ਮੀਆਂਪੁਰ, ਗੁਰਮੀਤ ਸਿੰਘ ਕਪਿਆਲ, ਪਵਨ ਕੁਮਾਰ ਸੋਗਲਪੁਰ, ਕੁਲਦੀਪ ਸਿੰਘ ਐਡਵੋਕੇਟ, ਹਰਮਿੰਦਰ ਸਿੰਘ ਗਿੱਲ, ਬੇਅੰਤ ਸਿੰਘ ਮਹਿਮਾਸਿਰਜਾ, ਦਲਬੀਰ ਸਿੰਘ ਬੇਦਾਦਪੁਰ, ਪਰਮਜੀਤ ਸਿੰਘ ਬੈਦਵਾਨ, ਕਿਰਪਾਲ ਸਿੰਘ ਸਿਆਉ, ਗੁਲਜ਼ਾਰ ਸਿੰਘ ਸਲੇਮਪੁਰ, ਨਰਿੰਦਰ ਸਿੰਘ, ਕਸ਼ਮੀਰ ਸਿੰਘ ਜਲੂਰ, ਬਲਵਿੰਦਰ ਸਿੰਘ ਗੁਰਦਾਸਪੁਰ, ਕਰਮ ਸਿੰਘ ਕੜਕੌਰ, ਹਰਕੀਰਤ ਸਿੰਘ, ਮਨਜੀਤ ਸਿੰਘ ਅਤੇ ਮਲਕੀਅਤ ਸਿੰਘ ਚੰਡੀਗੜ੍ਹ ਨੇ ਵੀ ਆਪਣੇ ਵਿਚਾਰ ਰੱਖੇ।