
ਪਲਾਟਾਂ ਦੀ ਕੀਮਤ ਵਿੱਚ ਵਾਧੇ ਦਾ ਮਸਲਾ ਹਲ ਨਾ ਹੋਣ ਤੇ ਸੈਕਟਰ 76 ਤੋਂ 80 ਦੇ ਪਲਾਟ ਮਾਲਕਾਂ ਵਲੋਂ ਧਰਨਾ ਮੁਹਾਲੀ ਦੇ ਵਿਧਾਇਕ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਦਿੱਤਾ ਭਰੋਸਾ
ਐਸ.ਏ.ਐਸ.ਨਗਰ, 24 ਅਗਸਤ (ਸ.ਬ.) ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ:) ਦੇ ਬੈਨਰ ਹੇਠ ਗਮਾਡਾ ਵੱਲੋਂ ਸੈਕਟਰ 76 ਤੋਂ 80 ਪਲਾਟ ਮਾਲਕਾਂ ਤੋਂ ਲਏ ਗਏ ਵਾਧੂ ਭਾਅ ਸਬੰਧੀ ਮਿਲਖ ਅਧਿਕਾਰੀ ਗਮਾਡਾ ਵੱਲੋਂ ਭੇਜੇ ਡਿਮਾਂਡ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ।
ਐਸ.ਏ.ਐਸ.ਨਗਰ, 24 ਅਗਸਤ (ਸ.ਬ.) ਗਮਾਡਾ ਵੱਲੋਂ ਸੈਕਟਰ 76 ਤੋਂ 80 ਪਲਾਟ ਮਾਲਕਾਂ ਤੋਂ ਵਾਧੂ ਕੀਮਤ ਵਸੂਲਣ ਸਬੰਧੀ ਮਿਲਖ ਅਫਸਰ ਗਮਾਡਾ ਵੱਲੋਂ ਭੇਜੇ ਡਿਮਾਂਡ ਨੋਟਿਸ ਨੂੰ ਰੱਦ ਕਰਵਾੳਣ ਲਈ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ) ਦੇ ਬੈਨਰ ਹੇਠ ਸੈਕਟਰ 76 ਤੋਂ 80 ਵਿੱਚ ਆਉਂਦੀਆਂ ਸਾਰੀਆਂ ਰਜਿਸਟਰਡ ਰੈਜੀਡੈਂਟਸ ਕਮੇਟੀਆਂ ਦੇ ਸਹਿਯੋਗ ਨਾਲ ਅਲਾਟੀਆਂ ਅਤੇ ਟ੍ਰਾਂਸਫਰੀਆਂ ਨੇ ਪਰਿਵਾਰਾਂ ਸਮੇਤ ਸੈਕਟਰ 78-79 ਦੀਆਂ ਲਾਇਟਾਂ ਤੇ ਪਹੁੰਚ ਕੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਪਲਾਟਾਂ ਦੀ ਕੀਮਤ ਵਿੱਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੈਕਟਰ 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਲਫੇਅਰ ਕਮੇਟੀ (ਰਜਿ) ਦੇ ਪ੍ਰਧਾਨ ਸ. ਸੁੱਚਾ ਸਿੰਘ ਕਲੌੜ ਅਤੇ ਹੋਰਨਾਂ ਅਹੁਦੇਦਾਰਾਂ ਜੀ ਐਸ. ਪਠਾਨੀਆਂ, ਅਸ਼ੋਕ ਕੁਮਾਰ, ਸੰਤ ਸਿੰਘ ਖਿਦਰਾ, ਸਰਦੂਲ ਸਿੰਘ ਪੂਣੀਆਂ ਅਤੇ ਵਾਰਡ ਨੰ 32 ਤੋਂ ਕੌਸਲਰ ਹਰਜੀਤ ਸਿੰਘ ਭੌਲੂ ਨੇ ਕਿਹਾ ਕਿ ਗਮਾਡਾ ਵੱਲੋਂ ਪਹਿਲਾਂ ਨੋਟਿਸ ਨਾ ਭੇਜੇ ਜਾਣ ਦਾ ਭਰੋਸਾ ਦਿਤੇ ਜਾਣ ਦੇ ਬਾਵਜੂਦ ਇਹ ਨੋਟਿਸ ਦੁਬਾਰਾ ਜਾਰੀ ਕੀਤੇ ਜਾਣ ਤੇ ਲੋਕਾਂ ਵਿੱਚ ਭਾਰੀ ਰੋਹ ਹੈ। ਬੁਲਾਰਿਆਂ ਨੇ ਕਿਹਾ ਕਿ ਗਮਾਡਾ ਵੱਲੋਂ ਸਾਲ 2000 ਵਿੱਚ ਸੈਕਟਰ 76 ਤੋ 80 ਦੀ ਸਕੀਮ ਲਾਂਚ ਕੀਤੀ ਗਈ ਸੀ ਪਰੰਤੂ ਉਸ ਵੇਲੇ ਇਸ ਪੋਜੈਕਟ ਲਈ ਜਮੀਨ ਅਕਵਾਇਰ ਨਹੀਂ ਕੀਤੀ ਗਈ ਸੀ ਅਤੇ ਜਿਸ ਕਾਰਨ ਸਫਲ ਅਲਾਟੀਆਂ ਨੂੰ ਪਲਾਟ ਮਿਲਣ ਵਿੱਚ ਗਮਾਡਾ ਵੱਲੋਂ ਕਾਫੀ ਦੇਰੀ ਹੋਈ ਜਿਸ ਦਾ ਖਮਿਆਜ਼ਾ ਅਲਾਟੀਆਂ ਨੂੰ ਭੁਗਤਣਾ ਪਿਆ। ਉਹਨਾਂ ਕਿਹਾ ਕਿ ਗਮਾਡਾ ਦੀ ਇਸ ਨਲਾਇਕੀ ਦਾ ਆਲਮ ਇਹ ਹੈ ਕਿ ਇਸ ਸਕੀਮ ਦੇ ਲਾਂਚ ਹੋਣ ਦੇ 23 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਗਮਾਡਾ ਹੁਣ ਤੱਕ 100 ਦੇ ਕਰੀਬ ਸਫਲ ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ ਨਹੀਂ ਦੇ ਸਕਿਆ, ਜਦੋਂ ਕਿ ਉਨ੍ਹਾਂ ਨੂੰ ਲੈਟਰ ਆਫ ਇੰਟੈਟ ਜਾਰੀ ਕਰਕੇ 25% ਰਾਸੀ ਵੀ ਜਮ੍ਹਾ ਕਰਵਾਈ ਹੋਈ ਹੈ। ਇਸ ਦੌਰਾਨ ਉਸਾਰੀ ਦੇ ਸਮਾਨ ਦੀ ਕੀਮਤ ਅਤੇ ਮਜਦੂਰੀ ਕਈ ਗੁਣਾਂ ਵੱਧ ਗਈ ਹੈ ਅਤੇ ਇਹਨਾਂ ਪਲਾਟ ਮਾਲਕਾਂ ਦਾ ਘਰ ਦਾ ਸੁਫਨਾ ਵਿਚਾਲੇ ਹੀ ਰਹਿ ਗਿਆ ਹੈ। ਧਰਨੇ ਦੇ ਆਗੂਆਂ ਵਲੋਂ ਹਲਕਾ ਮੁਹਾਲੀ ਦੇ ਵਿਧਾਇਕ ਸ. ਕਲਵੰਤ ਸਿੰਘ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਮੁੱਖ ਮੰਤਰੀ ਨਾਲ ਜਲਦੀ ਹੀ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸਤੋਂ ਬਾਅਦ ਆਗੂਆਂ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ। ਇਸ ਮੌਕੇ ਅਨੋਖ ਸਿੰਘ, ਸੁਰਿੰਦਰ ਸਿੰਘ, ਦਿਆਲ ਚੰਦ, ਜਰਨੈਲ ਸਿੰਘ, ਜਗਜੀਤ ਸਿੰਘ, ਦਲਜਿੰਦਰ ਸਿੰਘ, ਕਾਮਰੇਡ ਮੇਜਰ ਸਿੰਘ, ਕ੍ਰਿਸਨਾ ਮਿੱਤੂ, ਗੁਰਜੀਤ ਸਿੰਘ ਗਿੱਲ, ਕਾਮਰੇਡ ਹਰਦਿਆਲ ਚੰਦ ਬਡਬਰ, ਨਰਿੰਦਰ ਸਿੰਘ ਮਾਨ, ਸੁਰਜੀਤ ਸਿੰਘ ਬਾਲਾ, ਗੁਰਦੇਵ ਸਿੰਘ ਧਨੋਆ, ਸੁਖਦੇਵ ਪਟਵਾਰੀ ਅਤੇ ਰਾਜੀਵ ਵਸ਼ਿਸ਼ਟ ਆਦਿ ਨੇ ਵੀ ਸੰਬੋੋਧਨ ਕੀਤਾ।
