
ਪਸ਼ੂ ਉਤਪਾਦਨ ਲਈ ਗਿਆਨ ਅਤੇ ਤਕਨਾਲੋਜੀ ਮਹੱਤਵਪੂਰਨ ਨੁਕਤੇ - ਵੈਟਨਰੀ ਯੂਨੀਵਰਸਿਟੀ
ਲੁਧਿਆਣਾ 28 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਖੋਜ-ਪਸਾਰ ਵਿਚਾਰ ਵਟਾਂਦਰਾ ਆਯੋਜਿਤ ਕੀਤਾ ਗਿਆ। ਇਸ ਪਹਿਲੇ ਵਿਚਾਰ ਵਟਾਂਦਰੇ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵਿਚਾਰ ਚਰਚਾ ਦਾ ਵਿਸ਼ਾ ਸੀ ‘ਡੇਅਰੀ ਪਸ਼ੂ ਉਤਪਾਦਨ ਵਿਚ ਨਵੇਂ ਉਪਰਾਲੇ’।
ਲੁਧਿਆਣਾ 28 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਖੋਜ-ਪਸਾਰ ਵਿਚਾਰ ਵਟਾਂਦਰਾ ਆਯੋਜਿਤ ਕੀਤਾ ਗਿਆ। ਇਸ ਪਹਿਲੇ ਵਿਚਾਰ ਵਟਾਂਦਰੇ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੇਤਰੀ ਖੋਜ ਅਤੇ ਸਿਖਲਾਈ ਕੇਂਦਰਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਵਿਚਾਰ ਚਰਚਾ ਦਾ ਵਿਸ਼ਾ ਸੀ ‘ਡੇਅਰੀ ਪਸ਼ੂ ਉਤਪਾਦਨ ਵਿਚ ਨਵੇਂ ਉਪਰਾਲੇ’। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਸ਼ੂਧਨ ਖੇਤਰ ਦੀਆਂ ਨਵੀਆਂ ਖੋਜਾਂ ਸੰਬੰਧੀ ਪਸ਼ੂ ਪਾਲਕਾਂ ਨੂੰ ਗਿਆਨ ਹੋਣਾ ਇਸ ਸਮੇਂ ਦੀ ਵੱਡੀ ਲੋੜ ਹੈ। ਪਸਾਰ ਮਾਹਿਰਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉਤਪਾਦਨ ਵਧਾਉਣ ਲਈ ਕਿਸਾਨਾਂ ਨੂੰ ਇਨ੍ਹਾਂ ਖੋਜਾਂ ਦੇ ਰੂ-ਬ-ਰੂ ਕਰਨ। ਇਸ ਲਈ ਪਸਾਰ ਮਾਹਿਰਾਂ ਨੂੰ ਵੀ ਖੇਤਰ ਵਿਚ ਆਉਂਦੇ ਨਵੇਂ ਗਿਆਨ ਬਾਰੇ ਪਤਾ ਹੋਣਾ ਅਤਿ ਲੋੜੀਂਦਾ ਹੈ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪਸ਼ੂਧਨ ਖੇਤਰ ਨਾਲ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਕੋਲ ਪਸ਼ੂ ਪਾਲਣ ਦਾ ਤਕਨੀਕੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖੋਜ ਅਤੇ ਪਸਾਰ ਦਾ ਜੋੜ ਕਿਸਾਨ ਲਈ ਬਹੁਤ ਲਾਭਦਾਈ ਸਾਬਿਤ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਵਿਚਾਰ ਵਟਾਂਦਰੇ ਇਕ ਦੂਸਰੇ ਨਾਲ ਸੰਬੰਧ ਬਨਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।
ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਪਸ਼ੂ ਫੀਡ ਦੀ ਕਵਾਲਿਟੀ ਅਤੇ ਮਿਆਰ ਬਾਰੇ ਗੱਲ ਕਰਦਿਆਂ ਵਧੀਆ ਖੁਰਾਕ ਬਨਾਉਣ ਸੰਬੰਧੀ ਚਰਚਾ ਕੀਤੀ। ਡਾ. ਰਵਿੰਦਰ ਸਿੰਘ ਗਰੇਵਾਲ ਨੇ ਹਰੇ ਚਾਰਿਆਂ ਦਾ ਅਚਾਰ ਬਨਾਉਣ ਅਤੇ ਸੰਤੁਲਿਤ ਪੌਸ਼ਟਿਕਤਾ ਬਾਰੇ ਆਪਣੇ ਵਿਚਾਰ ਰੱਖੇ। ਡਾ. ਮਿਰਗੰਕ ਹੋਨਪਾਰਖੇ ਨੇ ਪਸ਼ੂਆਂ ਦੀ ਪ੍ਰਜਣਨ ਸਮਰੱਥਾ ਬਿਹਤਰ ਕਰਨ ਲਈ ਪ੍ਰਬੰਧਕੀ ਨੁਕਤਿਆਂ ਅਤੇ ਬਿਮਾਰੀਆਂ ਤੋਂ ਬਚਾਅ ਬਾਰੇ ਗੱਲ ਕੀਤੀ। ਡਾ. ਸਵਰਨ ਸਿੰਘ ਰੰਧਾਵਾ ਨੇ ਬਿਮਾਰੀਆਂ ਦੀ ਛੇਤੀ ਅਤੇ ਸਟੀਕ ਪਛਾਣ ਕਰਨ ਲਈ ਨਿਰੀਖਣ ਵਿਧੀਆਂ ਦੀ ਮਹੱਤਤਾ ਬਾਰੇ ਦੱਸਿਆ। ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਉਤਪਾਦਨ ਵਧਾਉਣ ਲਈ ਦੇਸੀ ਜੜ੍ਹੀ ਬੂਟੀਆਂ ਅਤੇ ਦਵਾਈਆਂ ਬਾਰੇ ਗਿਆਨ ਦਿੱਤਾ। ਡੇਅਰੀ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨੂੰ ਵੀ ਵਿਚਾਰਿਆ ਗਿਆ ਅਤੇ ਇਸ ਸੰਬੰਧੀ ਖੋਜ ਅਤੇ ਪਸਾਰ ਗਤੀਵਿਧੀਆਂ ਦੀ ਭੂਮਿਕਾ ਦੀ ਚਰਚਾ ਵੀ ਕੀਤੀ ਗਈ।
