ਸਮਾਜੀ ਸਮੱਸਿਆਵਾਂ ਨੂੰ ਉਜਾਗਰ ਕਰਦੇ ਨਾਟਕ 'ਆਓ ਤਨਿਕ ਪ੍ਰੇਮ ਕਰੇਂ' ਦਾ ਸਫ਼ਲ ਮੰਚਨ
ਪਟਿਆਲਾ, 8 ਜੁਲਾਈ - ਪਿਛਲੀ ਸ਼ਾਮ ਬਹੁਤ ਦੇਰ ਬਾਅਦ ਪਟਿਆਲਾ ਰੰਗਮੰਚ ਦੇ ਪਿੜ ਵਿੱਚ ਨਾਟਕ ਦੀ ਇੱਕ ਆਹਲਾ ਪੇਸ਼ਕਾਰੀ ਵੇਖਣ ਦਾ ਮੌਕਾ ਮਿਲਿਆ, ਜਿਸਨੇ ਦਰਸਕਾਂ 'ਤੇ ਪੂਰਨ ਪ੍ਰਭਾਵ ਛੱਡਿਆ। ਅਜਿਹਾ ਹੋਣਾ ਹੀ ਸੀ ਕਿਉਂਕਿ ਸਮਾਜ ਵਿੱਚ ਪਸਰੀਆਂ ਸਮੱਸਿਆਵਾਂ ਜਦੋਂ ਦਰਸ਼ਕ ਨੂੰ ਆਪਣੀਆਂ ਲਗਦੀਆਂ ਹਨ ਜਾਂ ਉਨ੍ਹਾਂ ਦਾ ਪ੍ਰਭਾਵ ਉਸਨੇ ਵੇਖਿਆ ਹੁੰਦਾ ਹੈ, ਤਾਂ ਨਾਟਕ ਦਾ ਅਜਿਹਾ ਕਥਾਨਕ ਤੇ ਸੰਵਾਦ ਕਿਸੇ ਦਰਸ਼ਕ ਨੂੰ ਪ੍ਰਭਾਵਿਤ ਕੀਤੇ ਬਗੈਰ ਰਹਿ ਨਹੀਂ ਸਕਦੇ।

ਪਤੀ-ਪਤਨੀ ਦੇ ਕੇਵਲ ਦੋ ਪਾਤਰਾਂ 'ਤੇ ਅਧਾਰਿਤ ਹਿੰਦੀ ਨਾਟਕ 'ਆਓ ਤਨਿਕ ਪ੍ਰੇਮ ਕਰੇਂ' ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਕਾਲੀਦਾਸ ਆਡੀਟੋਰੀਅਮ ਵਿੱਚ 'ਨਾਟ ਸੰਸਾਰ ਦੇ ਬੈਨਰ ਹੇਠ ਮੰਚਿਤ ਕੀਤਾ ਗਿਆ। ਵਿਭਾ ਰਾਣੀ ਦੁਆਰਾ ਲਿਖੇ ਇਸ ਨਾਟਕ ਨੂੰ ਪਟਿਆਲਾ ਰੰਗਮੰਚ ਦੇ ਪੁਰਾਣੇ ਕਲਾਕਾਰ ਵਿਨੋਦ ਕੌਸ਼ਲ ਨੇ ਡਾਇਰੈਕਟ ਕੀਤਾ ਜਿਸਨੇ ਨੌਕਰੀ ਤੋਂ ਸੇਵਾ ਮੁਕਤ ਪਤੀ ਦੀ ਭੂਮਿਕਾ ਨਿਭਾਈ। ਉਸਦੀ ਅਰਧਾਂਗਣੀ ਬਣੀ ਡੌਲੀ ਕਪੂਰ।
ਨਾਟਕ ਦਾ ਕਥਾਨਕ ਜਿਨ੍ਹਾਂ ਬਿੰਦੂਆਂ 'ਤੇ ਕੇਂਦਰਿਤ ਰਿਹਾ, ਉਨ੍ਹਾਂ ਵਿੱਚ ਸਾਡੇ ਸਮਾਜ ਵਿੱਚ ਮਰਦ ਦੀ ਹਉਮੈ, ਘਰ ਤੇ ਪਰਿਵਾਰ ਨੂੰ ਸੰਵਾਰਦੀ ਔਰਤ ਨੂੰ ਮਾਣ ਨਾ ਮਿਲਣ ਦੀ ਤ੍ਰਾਸਦੀ, ਅਜੋਕੇ ਆਧੁਨਿਕ ਸਮਾਜ ਵਿੱਚ ਬੱਚਿਆਂ ਦੀਆਂ ਭਾਵਨਾਵਾਂ ਨੂੰ ਨਾ ਸਮਝਣਾ, ਦੋਸ਼ ਪੂਰਨ ਸਿੱਖਿਆ ਨੀਤੀ ਅਤੇ ਨਵੇਂ ਤੇ ਪੁਰਾਣੇ ਵਿਚਾਰਾਂ ਦਾ ਟਕਰਾਅ ਸ਼ਾਮਲ ਸਨ। ਡੌਲੀ ਕਪੂਰ ਅਤੇ ਵਿਨੋਦ ਕੌਸ਼ਲ ਨੇ ਆਪੋ ਆਪਣੇ ਪਾਤਰਾਂ ਨੂੰ ਪੂਰੀ ਤਰ੍ਹਾਂ ਜੀਵਿਆ ਤੇ ਪ੍ਰਸ਼ੰਸਾ ਹਾਸਲ ਕੀਤੀ। ਹਰਸ਼ ਸੇਠੀ ਦੁਆਰਾ ਰੌਸ਼ਨੀ ਵਿਉਂਤ ਅਤੇ ਕਮਲਦੀਪ ਟਿੰਮੀ ਦੇ ਸੰਗੀਤ ਨੇ ਸੋਨੇ 'ਤੇ ਸੁਹਾਗੇ ਵਾਲਾ ਕੰਮ ਕੀਤਾ।
ਪਟਿਆਲਾ ਰੰਗਮੰਚ ਲਈ ਇਹ ਸ਼ੁਭ ਸ਼ਗਨ ਵਾਲੀ ਗੱਲ ਹੈ ਕਿ ਵਾਹਵਾ ਗਿਣਤੀ ਵਿੱਚ ਦਰਸ਼ਕ ਪਹੁੰਚੇ, ਘੱਟ ਨਹੀਂ ਸਨ। ਪਟਿਆਲਾ ਦੇ ਰੰਗਮੰਚ ਪ੍ਰੇਮੀਆਂ ਨੂੰ ਕਾਫ਼ੀ ਦੇਰ ਬਾਅਦ ਕਿਸੇ ਨਾਟਕ ਦੀ ਵਿਲੱਖਣ ਪੇਸ਼ਕਾਰੀ ਵੇਖਣ ਨੂੰ ਮਿਲੀ।