
ਕਿਸਾਨ ਮਜ਼ਦੂਰ ਸਹਿਕਾਰੀ ਕੰਪਨੀ ਦੇ ਮੁਖੀ ਵੱਲੋਂ ਐਨ. ਆਰ. ਆਈ. ’ਤੇ ਵੈਬਸਾਈਟ ਹੈਕ ਕਰਨ ਦਾ ਦੋਸ਼
ਪਟਿਆਲਾ, 17 ਜੂਨ - ਇਥੋਂ ਦੀ ਇਕ ਸਹਿਕਾਰੀ ਕੰਪਨੀ ਦੇ ਮਾਲਕ ਕੇਵਲ ਸਿੰਘ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਆਧਾਰਿਤ ਇਕ ਐਨ ਆਰ ਆਈ ਨੇ ਉਹਨਾਂ ਦੀ ਕੰਪਨੀ ਦੀ ਵੈਬਸਾਈਟ ਹੈਕ ਕਰ ਲਈ ਹੈ ਤੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੂੰ ਲੁੱਟਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।
ਪਟਿਆਲਾ, 17 ਜੂਨ - ਇਥੋਂ ਦੀ ਇਕ ਸਹਿਕਾਰੀ ਕੰਪਨੀ ਦੇ ਮਾਲਕ ਕੇਵਲ ਸਿੰਘ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਆਧਾਰਿਤ ਇਕ ਐਨ ਆਰ ਆਈ ਨੇ ਉਹਨਾਂ ਦੀ ਕੰਪਨੀ ਦੀ ਵੈਬਸਾਈਟ ਹੈਕ ਕਰ ਲਈ ਹੈ ਤੇ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਨੂੰ ਲੁੱਟਣ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।
ਇਥੇ ਪਟਿਆਲਾ ਮੀਡੀਆ ਕਲੱਬ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਵਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਸਹਿਕਾਰੀ ਕੰਪਨੀ ਰਜਿਸਟਰਡ ਕਰਵਾਈ ਸੀ ਜਿਸ ਵਿਚ ਉਕਤ ਐਨ ਆਰ ਆਈ ਵੀ ਉਹਨਾਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਉਹਨਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਕਤ ਐਨ ਆਰ ਆਈ ਨੇ ਵੈਬਸਾਈਟ ਦੇ ਸਾਰੇ ਪਾਸਵਰਡ ਬਦਲ ਦਿੱਤੇ ਤੇ ਕੰਪਨੀ ਦੀ ਨੀਤੀ ਦੇ ਉਲਟ ਕੰਮ ਕਰਨ ਲੱਗ ਪਿਆ। ਉਹਨਾਂ ਦੱਸਿਆ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਆਰਗੈਨਿਕ ਖੇਤੀ ਲਈ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ। ਇਸ ਵਾਸਤੇ ਅਸੀਂ ਜ਼ਿਲ੍ਹਾ ਅਤੇ ਬਲਾਕ ਪੱਧਰ ’ਤੇ ਕੋਆਰਡੀਨੇਟਰਾਂ ਦੀਆਂ ਦੋ-ਦੋ ਆਸਾਮੀਆਂ ’ਤੇ ਨੌਜਵਾਨਾਂ ਦੀ ਨਿਯੁਕਤੀ ਕੀਤੀ ਸੀ ਜਿਹਨਾਂ ਦੀਆਂ ਤਨਖਾਹਾਂ ਆਪਣੀ ਜੇਬ ਵਿਚੋਂ ਦਿੱਤੀਆਂ ਹਨ।
ਉਹਨਾਂ ਦੱਸਿਆ ਕਿ ਉਕਤ ਐਨ ਆਰ ਆਈ ਨੇ ਦਾਅਵਾ ਕੀਤਾ ਸੀ ਕਿ ਉਹ 200 ਕਰੋੜ ਰੁਪਏ ਦਾ ਨਿਵੇਸ਼ ਕਿਸਾਨਾਂ ਦੀ ਬੇਹਤਰੀ ਵਾਸਤੇ ਕਰੇਗਾ ਪਰ ਹੁਣ ਉਸਨੇ ਵੈਬਸਾਈਟ ’ਤੇ ਮੈਂਬਰਾਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਅਸੀਂ ਭਰਤੀ ਬੰਦ ਕੀਤੀ ਹੋਈ ਹੈ। ਕੇਵਲ ਸਿੰਘ ਨੇ ਦੱਸਿਆ ਕਿ ਪ੍ਰਤੀ ਮੈਂਬਰ 5 ਤੋਂ 7 ਹਜ਼ਾਰ ਰੁਪਏ ਦੀ ਫੀਸ ਲਈ ਜਾ ਰਹੀ ਹੈ ਤੇ ਜੇਕਰ ਇਸ ਐਨ ਆਰ ਆਈ ਨੂੰ ਨਕੇਲ ਨਾ ਪਾਈ ਗਈ ਤਾਂ ਪੰਜਾਬ ਦੇ ਕਿਸਾਨਾਂ, ਨੌਜਵਾਨਾਂ ਤੇ ਮਜ਼ਦੂਰਾਂ ਦੇ ਕਰੋੜਾਂ ਰੁਪਏ ਉਕਤ ਐਨ ਆਰ ਆਈ ਲੁੱਟ ਕੇ ਖਾ ਜਾਵੇਗਾ। ਉਹਨਾਂ ਦੱਸਿਆ ਕਿ ਉਹਨਾਂ ਨੇ ਸਾਈਬਰ ਸੈਲ ਵਿਚ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੋਈ ਹੈ। ਉਹਨਾਂ ਦਾਅਵਾ ਕੀਤਾ ਕਿ ਉਕਤ ਐਨ ਆਰ ਆਈ ਪੰਜਾਬ ਵਿਚੋਂ ਤੜੀਪਾਰ ਯਾਨੀ ਭਗੌੜਾ ਹੈ ਤੇ ਫਿਰੋਜ਼ਪੁਰ ਜੇਲ੍ਹ ਵਿਚੋਂ ਕਥਿਤ ਤੌਰ ’ਤੇ ਫਰਾਰ ਮੁਲਜ਼ਮ ਹੈ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਆਂ ਦਿੱਤਾ ਜਾਵੇ।
