
'ਆਪ' ਭ੍ਰਿਸ਼ਟ ਤੇ ਕਾਂਗਰਸ ਸਿੱਖ ਵਿਰੋਧੀ ਦੰਗਿਆਂ ਦੀ ਦੋਸ਼ੀ, ਇਨ੍ਹਾਂ ਕਿਸੇ ਦਾ ਕੁਝ ਨਹੀਂ ਸਵਾਰਨਾ : ਮੋਦੀ
ਪਟਿਆਲਾ, 23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਿਰੇ ਦੀ ਭ੍ਰਿਸ਼ਟ ਅਤੇ ਦੂਜੀ ਕਾਂਗਰਸ ਪਾਰਟੀ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਹੈ ਤੇ ਇਨ੍ਹਾਂ ਨੇ ਕਿਸੇ ਦਾ ਕੁਝ ਨਹੀਂ ਸਵਾਰਨਾ। ਇੱਥੇ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਲਈ ਵੋਟਾਂ ਮੰਗਣ ਆਏ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਸ਼ੁਰੂ 'ਚ ਕੁਝ ਸ਼ਬਦ ਪੰਜਾਬੀ ਦੇ ਬੋਲਣ ਮਗਰੋਂ "ਇੰਡੀਆ ਗੱਠਜੋੜ" 'ਤੇ ਵਰ੍ਹਦਿਆਂ ਕਿਹਾ ਕਿ ਗਠਜੋੜ ਨਾਗਰਿਕਤਾ ਵਾਲੇ ਕਾਨੂੰਨ (ਸੀ ਏ ਏ) ਦੇ ਨਾਂ 'ਤੇ ਦੰਗੇ ਭੜਕਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਪੀੜਤ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਮੋਦੀ ਸਰਕਾਰ ਨਾਗਰਿਕਤਾ ਦੇ ਰਹੀ ਹੈ।
ਪਟਿਆਲਾ, 23 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਿਰੇ ਦੀ ਭ੍ਰਿਸ਼ਟ ਅਤੇ ਦੂਜੀ ਕਾਂਗਰਸ ਪਾਰਟੀ ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਲਈ ਜ਼ਿੰਮੇਵਾਰ ਹੈ ਤੇ ਇਨ੍ਹਾਂ ਨੇ ਕਿਸੇ ਦਾ ਕੁਝ ਨਹੀਂ ਸਵਾਰਨਾ। ਇੱਥੇ ਪੋਲੋ ਗਰਾਉਂਡ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਲਈ ਵੋਟਾਂ ਮੰਗਣ ਆਏ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਸ਼ੁਰੂ 'ਚ ਕੁਝ ਸ਼ਬਦ ਪੰਜਾਬੀ ਦੇ ਬੋਲਣ ਮਗਰੋਂ "ਇੰਡੀਆ ਗੱਠਜੋੜ" 'ਤੇ ਵਰ੍ਹਦਿਆਂ ਕਿਹਾ ਕਿ ਗਠਜੋੜ ਨਾਗਰਿਕਤਾ ਵਾਲੇ ਕਾਨੂੰਨ (ਸੀ ਏ ਏ) ਦੇ ਨਾਂ 'ਤੇ ਦੰਗੇ ਭੜਕਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਪੀੜਤ ਸਿੱਖ ਭਰਾਵਾਂ ਅਤੇ ਭੈਣਾਂ ਨੂੰ ਮੋਦੀ ਸਰਕਾਰ ਨਾਗਰਿਕਤਾ ਦੇ ਰਹੀ ਹੈ। ਅਜ਼ਾਦੀ ਦੇ ਇੰਨੇ ਸਾਲਾਂ ਵਿੱਚ ਸਿੱਖ ਭੈਣ-ਭਰਾਵਾਂ ਕੋਲ ਨਾਗਰਿਕਤਾ ਨਹੀਂ ਸੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੀ ਏ ਏ ਨਾ ਹੁੰਦਾ ਤਾਂ ਪਾਕਿਸਤਾਨ,
ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਸਿੱਖ ਨਾਗਰਿਕਾਂ ਨੂੰ ਨਾਗਰਿਕਤਾ ਕੌਣ ਦਿੰਦਾ। ਸਿੱਖ ਗੁਰੂ ਸਾਹਿਬਾਨ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਗੁਜਰਾਤ ਦੇ ਲਖਪਤ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਉਸ ਗੁਰਦੁਆਰੇ ਨੂੰ ਦੁਬਾਰਾ ਤਾਮੀਰ ਕਰਵਾਇਆ ਜੋ ਭੂਚਾਲ ਕਾਰਨ ਢਹਿ ਢੇਰੀ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੀ ਸਰਕਾਰ ਨੇ ਹੀ
ਲੰਗਰ 'ਚ ਵਰਤੀ ਜਾਂਦੀ ਰਸਦ ਨੂੰ ਟੈਕਸ ਤੋਂ ਛੋਟ ਦਿੱਤੀ। ਮੋਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਹੀ ਅੱਜ ਸਿੱਖ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਬਲੀਦਾਨ ਨੂੰ ਸਮਰਪਿਤ ਵੀਰ ਬਾਲ ਦਿਵਸ ਦਾ ਐਲਾਨ ਵੀ ਮੋਦੀ ਸਰਕਾਰ ਨੇ ਹੀ ਕੀਤਾ। ਵੀਰ ਬਾਲ ਦਿਵਸ ਦਾ ਸੁਨੇਹਾ ਦੇਸ਼ ਭਰ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੀ ਸਰਕਾਰ ਦੀਆਂ ਕਈ ਹੋਰ ਪ੍ਰਾਪਤੀਆਂ ਦੀ ਵੀ ਚਰਚਾ ਕੀਤੀ।ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਸੱਤਾ ਸੰਭਾਲਣ ਲਈ ਹੀ ਦੇਸ਼ ਦੀ ਵੰਡ ਕਰਵਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ
ਅਗਲੇ ਹੀ ਦਿਨ ਅਯੁੱਧਿਆ ਵਿੱਚ
ਰਾਮ ਮੰਦਰ ਬਣਨਾ ਚਾਹੀਦਾ
ਸੀ ਪਰ ਕਾਂਗਰਸ ਨੇ ਹੀ ਨਾ ਬਣਨ ਦਿੱਤਾ। ਉਨ੍ਹਾਂ ਪੰਜਾਬ ਦੇ ਚੰਗੇਰੇ ਭਵਿੱਖ ਤੇ ਵਿਕਾਸ ਲਈ ਪਟਿਆਲਾ ਤੋਂ ਪ੍ਰਨੀਤ ਕੌਰ ਸਮੇਤ ਪੰਜਾਬ ਦੇ ਸਾਰੇ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਆਪਣੇ ਵਿਚਾਰ ਵੀ ਰੱਖੇ।
ਕਿਸਾਨਾਂ ਨਾਲ ਹੋਈ ਪੁਲਿਸ ਦੀ ਝੜਪ, ਆਮ ਲੋਕ ਵੀ ਹੋਏ ਪ੍ਰੇਸ਼ਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਆਮਦ ਦੇ ਮੱਦੇ ਨਜ਼ਰ ਕਿਸਾਨ ਸ਼ਾਂਤਮਈ ਰੋਸ ਪ੍ਰਗਟ ਕਰਨ ਲਈ ਬਜਿੱਦ ਸਨ ਤੇ ਉਹ ਵੱਡੀ ਗਿਣਤੀ ਵਿੱਚ ਇਕੱਠੇ ਵੀ ਹੋ ਗਏ। ਉਹ ਪੋਲੋ ਗਰਾਉਂਡ ਵੱਲ ਮਾਰਚ ਕਰਨਾ ਚਾਹੁੰਦੇ ਸਨ ਪਰ ਭਾਰੀ ਗਿਣਤੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਕਿਸਾਨਾਂ ਨਾਲ ਪੁਲਿਸ ਦੀ ਝੜਪ ਵੀ ਹੋਈ। ਰੇਤ ਨਾਲ ਭਰੇ ਵੱਡੇ ਟਰਾਲੇ ਤੇ ਹੋਰ ਰੁਕਾਵਟਾਂ ਖੜੀਆਂ ਕਰਕੇ ਉਨ੍ਹਾਂ ਨੂੰ ਰੈਲੀ ਵਾਲੇ ਸਥਾਨ 'ਤੇ ਜਾਣ ਤੋਂ ਰੋਕੀ ਰੱਖਿਆ। ਕਿਸਾਨਾਂ ਨੇ ਪਟਿਆਲਾ-ਰਾਜਪੁਰਾ ਸੜਕ ਦੇ ਟੋਲ ਪਲਾਜ਼ਾ 'ਤੇ ਧਰਨਾ ਦੇ ਕੇ ਅਤੇ ਤਕਰੀਰਾਂ ਕਰਕੇ ਆਪਣਾ ਰੋਸ ਪ੍ਰਗਟਾਇਆ। ਇਸ ਸ਼ਾਹਰਾਹ 'ਤੇ ਕੁਝ ਸਮੇਂ ਲਈ ਆਵਾਜਾਈ ਵੀ ਬੰਦ ਕਰ ਦਿੱਤੀ ਗਈ। ਪਟਿਆਲਾ ਸ਼ਹਿਰ ਵਿਚਲੀਆਂ ਕਈ ਸੜਕਾਂ 'ਤੇ ਆਵਾਜਾਈ ਬੰਦ ਕਰ ਦੇਣ ਕਾਰਨ ਆਮ ਲੋਕਾਂ ਨੂੰ ਸਖਤ ਗਰਮੀ ਦੇ ਚਲਦਿਆਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਅਮਨ-ਸ਼ਾਂਤੀ ਬਣਾਏ ਰੱਖਣ ਲਈ ਲਗਭਗ ਪੰਜ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
