ਹੀਟ ਵੇਵ ਤੋਂ ਬਚਣ ਲਈ ਪੋਲਿੰਗ ਬੂਥਾਂ ਤੇ ਕੀਤੇ ਜਾਣ ਲੋੜੀਦਾ ਪ੍ਰਬੰਧ - ਜਿਲਾ ਚੋਣ ਅਫਸਰ

ਨਵਾਂਸ਼ਹਿਰ - ਹੀਟ ਵੇਵ ਤੋਂ ਬਚਣ ਲਈ ਪੋਲਿੰਗ ਬੂਥਾਂ ਤੇ ਜਰੂਰੀ ਪ੍ਰਬੰਧ ਕੀਤੇ ਜਾਣ। ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਸਬੰਧੀ ਜਾਰੀ ਕੀਤੀ ਗਈ ਸਮਾਂ ਸਾਰਨੀ ਅਨੁਸਾਰ 1 ਜੂਨ ਨੂੰ ਜਿਲੇ ਦੇ ਕੁੱਲ 4 ਲੱਖ 95 ਹਜਾਰ 183 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ।

ਨਵਾਂਸ਼ਹਿਰ - ਹੀਟ ਵੇਵ ਤੋਂ ਬਚਣ ਲਈ  ਪੋਲਿੰਗ ਬੂਥਾਂ ਤੇ ਜਰੂਰੀ ਪ੍ਰਬੰਧ ਕੀਤੇ ਜਾਣ। ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ  ਨਵਜੋਤ ਪਾਲ ਸਿੰਘ ਰੰਧਾਵਾ ਨੇ  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ  ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ  ਗੱਲਬਾਤ ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ। ਉਹਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਸਬੰਧੀ ਜਾਰੀ ਕੀਤੀ ਗਈ ਸਮਾਂ ਸਾਰਨੀ ਅਨੁਸਾਰ 1 ਜੂਨ ਨੂੰ ਜਿਲੇ ਦੇ ਕੁੱਲ  4 ਲੱਖ 95 ਹਜਾਰ 183 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 
ਇਹਨਾਂ ਵਿੱਚ  2 ਲੱਖ 56 ਹਜ਼ਾਰ 435 ਪੁਰਸ਼ ਵੋਟਰ ਅਤੇ 2 ਲੱਖ 38 ਹਜ਼ਾਰ 729 ਮਹਿਲਾਵਾਂ ਵੋਟਰ ਅਤੇ ਥਰਡਜੈਂਡਰ ਦੇ 19 ਵੋਟਰ ਹਨ। ਇਸ ਤੋਂ ਇਲਾਵਾ 18 ਤੋਂ 19 ਸਾਲ ਦੀ ਉਮਰ ਦੇ 14 ਹਜ਼ਾਰ 002 ਵੋਟਰ, ਪੀ.ਡਬਲਿਯੂ.ਡੀ ਵੋਟਰਾਂ ਦੀ ਸੰਖਿਆ 5132 ਅਤੇ 85 ਸਾਲ ਤੋਂ ਵੱਧ ਉਮਰ ਦੇ 4561, ਐਨਆਰਆਈ ਵੋਟਰ 256 ਅਤੇ 1298 ਸਰਵਿਸ ਵੋਟਰ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ 615 ਪੋਲਿੰਗ ਬੂਥ ਬਣਾਏ ਹਨ, ਹਲਕਾ ਬੰਗਾ ‘ਚ 201, ਨਵਾਂਸ਼ਹਿਰ ‘ਚ 217 ਅਤੇ ਬਲਾਚੌਰ ‘ਚ 197 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ 170 ਪੋਲਿੰਗ ਬੂਥ ਸਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 3 ਪਿੰਕ, 1 ਪੀ.ਡਬਲਿਯੂ.ਡੀ ਅਤੇ 30 ਮਾਡਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਾਰ 70 ਪ੍ਰਤੀਸ਼ਤ ਤੋਂ ਵੱਧ ਵੋਟਿੰਗ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਲਈ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਵੋਟਾਂ ਸਬੰਧੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਜਿੱਥੇ 1950 ਨੰਬਰ ਜਾਰੀ ਕੀਤਾ ਗਿਆ ਹੈ, ਉਥੇ ਸੀ.ਵਿਜਲ ਐਪ ਅਤੇ ਈ.ਐਸ.ਐਮ.ਐਸ ਡਿਜੀਟਲ ਐਪ ਵੀ ਜਾਰੀ ਕੀਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਬਣਾਈਆਂ ਗਈਆਂ ਸਾਰੀਆਂ ਟੀਮਾਂ ਜਿਵੇਂ ਆਦਰਸ਼ ਚੋਣ ਜਾਬਤਾ, ਚੋਣ ਖ਼ਰਚਾ ਨਿਗਰਾਨ, ਨਕਦੀ ਦੇ ਲੈਣ-ਦੇਣ, ਪੇਡ ਨਿਊਜ ਦੀ ਨਜ਼ਰਸਾਨੀ ਲਈ ਐਮ.ਸੀ.ਐਮ.ਸੀ. ਅਤੇ ਸ਼ਿਕਾਇਤ ਨਿਵਾਰਣ ਕਮੇਟੀਆਂ  ਲਗਾਤਾਰ ਆਪਣਾ ਕੰਮ ਕਰ ਰਹੀਆਂ ਹਨ। ਇਸ ਦੌਰਾਨ ਉਹਨਾਂ ਨੇ  ਪੋਲਿੰਗ ਬੂਥਾਂ ਤੇ ਟੈਂਟ ਲਗਾਉਣ, ਅੰਗਹੀਨ  ਅਤੇ ਮਰੀਜ਼ਾਂ ਵਾਸਤੇ ਵੋਟਿੰਗ ਏਰੀਆ ਤਿਆਰ ਕਰਨ, ਪੋਲਿੰਗ ਬੂਥਾਂ ਤੇ ਹੀਟ ਵੇਵ ਮੈਨੇਜਮੈਂਟ ਸਬੰਧੀ ਏਆਰਓ ਲੈਵਲ ਤੇ ਨੋਡਲ ਅਫਸਰ ਨਿਯੁਕਤ ਕਰਨ ਸਬੰਧੀ, ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਸਬੰਧੀ ਟੀਮ ਦਾ ਗਠਨ ਕਰਨ, ਵੋਟਰਾਂ ਨੂੰ ਗੁਲਾਬ ਸ਼ਰਬਤ ਪਿਆਉਣ, ਵੋਟਿੰਗ ਵਾਲੇ ਦਿਨ ਅਨਾਊਂਸਮੈਂਟਾਂ ਕਰਕੇ ਵੋਟਰਾ ਨੂੰ ਵੋਟ ਪਾਉਣ ਲਈ ਪ੍ਰੋਤਸਾਹਿਤ ਕਰਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਐਸ.ਐਸ.ਪੀ. ਸਾਹਿਬ ਦੀ ਨਿਗਰਾਨੀ ਹੇਠ ਸੁਰੱਖਿਆ ਸਬੰਧੀ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਉਣ ਵਾਲੇ ਸਾਰੇ ਰਸਤਿਆਂ ‘ਤੇ ਕੈਮਰੇ ਲਗਾ ਦਿੱਤੇ ਗਏ ਹਨ ਅਤੇ ਹਰੇਕ ਦੇ ਆਉਣ-ਜਾਉਣ ‘ਤੇ  ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਵੱਡੇ ਪੱਧਰ ’ਤੇ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਤਿਉਹਾਰ ਹੈ ਅਤੇ ਇਸ ਵਿੱਚ ਪੂਰੇ ਉਤਸ਼ਾਹ ਨਾਲ ਸ਼ਿਰਕਤ ਕਰਨੀ ਚਾਹੀਦੀ ਹੈ।