
ਫਰੂਡਨਬਰਗ ਨੋਕ ਕੰਪਨੀ ਬਾਸਮਾ ਦੇ ਵਰਕਰਾਂ ਨੇ ਘੇਰਿਆ ਕਿਰਤ ਕਮਿਸ਼ਨਰ ਦਾ ਦਫਤਰ
ਐਸ ਏ ਐਸ ਨਗਰ, 29 ਜਨਵਰੀ - ਫਰੂਡਨਬਰਗ ਨੋਕ ਕੰਪਨੀ ਬਾਸਮਾ ਦੀ ਐਫ.ਐਨ.ਆਈ (ਕੋਂਟਰੈਕਟਰਜ) ਮਜ਼ਦੂਰ ਏਕਤਾ ਯੂਨੀਅਨ ਵਲੋਂ ਸਥਾਨਕ ਫੇਜ਼ 10 ਵਿੱਚ ਸਥਿਤ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕੰਪਨੀ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਖਿਲਾਫ ਨਾਹਰੇਬਾਜੀ ਕੀਤੀ ਗਈੇ।
ਐਸ ਏ ਐਸ ਨਗਰ, 29 ਜਨਵਰੀ - ਫਰੂਡਨਬਰਗ ਨੋਕ ਕੰਪਨੀ ਬਾਸਮਾ ਦੀ ਐਫ.ਐਨ.ਆਈ (ਕੋਂਟਰੈਕਟਰਜ) ਮਜ਼ਦੂਰ ਏਕਤਾ ਯੂਨੀਅਨ ਵਲੋਂ ਸਥਾਨਕ ਫੇਜ਼ 10 ਵਿੱਚ ਸਥਿਤ ਕਿਰਤ ਕਮਿਸ਼ਨਰ ਪੰਜਾਬ ਦੇ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਕੰਪਨੀ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਖਿਲਾਫ ਨਾਹਰੇਬਾਜੀ ਕੀਤੀ ਗਈੇ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਮੀਤ ਪ੍ਰਧਾਨ ਸ਼੍ਰੀ ਵਿਨੋਦ ਚੁੱਗ, ਕਾਮਰੇਡ ਦੇਵੀ ਦਿਆਲ ਚੰਡੀਗੜ੍ਹ, ਪੰਜਾਬ ਏਟਕ ਦੇ ਵਿੱਤ ਸਕੱਤਰ ਮਹਿੰਦਰਪਾਲ ਸਿੰਘ, ਕੁਲ ਹਿੰਦ ਸਭਾ ਮੁਹਾਲੀ ਦੇ ਪ੍ਰਧਾਨ ਜਸਪਾਲ ਸਿੰਘ ਦਪਰ, ਪ੍ਰਿੰਸ ਸ਼ਰਮਾ ਜਰਨਲ ਸਕੱਤਰ, ਕਮਲਦੀਪ ਸੈਣੀ ਪ੍ਰਧਾਨ ਨੇ ਕਿਹਾ ਕਿ ਪਿੰਡ ਬਾਸਮਾ ਵਿੱਚ ਸਥਿਤ ਫਰੂਡਨਬਰਗ ਨੋਕ ਕੰਪਨੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਿਰਤੀਆਂ ਨੂੰ ਪੱਕਾ ਨਹੀਂ ਕੀਤਾ ਗਿਆ ਜਦੋਂਕਿ ਕੰਪਨੀ ਵਿੱਚ ਕਿਰਤੀਆਂ ਤੋਂ ਮਸ਼ੀਨਾਂ ਤੇ ਰੈਗੂਲਰ ਨੇਚਰ ਦੇ ਕੰਮ ਕਰਾਏ ਜਾਂਦੇ ਸਨ ਪਰੰਤੂ ਪ੍ਰਬੰਧਕਾਂ ਵੱਲੋਂ ਅਤੇ ਕਿਰਤੀਆਂ ਨੂੰ ਕਾਗਜ਼ਾਂ ਵਿੱਚ ਠੇਕੇਦਾਰਾਂ ਕੋਲ ਦਿਖਾਇਆ ਜਾਂਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਇਸ ਸਬੰਧ ਵਿੱਚ ਕਿਰਤੀਆਂ ਵੱਲੋਂ ਪ੍ਰਬੰਧਕਾਂ ਨੂੰ ਕਈ ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਅਤੇ ਲੇਬਰ ਵਿਭਾਗ ਵੱਲੋਂ ਜਾਰੀ ਕੀਤੇ ਗਏ ਲਾਇਸੈਂਸਾਂ ਦੇ ਮੁਤਾਬਿਕ ਕੰਮ ਕਰਾਇਆ ਜਾਵੇ ਪਰੰਤੂ ਨਾ ਤਾਂ ਕੰਪਨੀ ਪ੍ਰਬੰਧਕਾਂ ਅਤੇ ਨਾ ਹੀ ਕਿਰਤ ਵਿਭਾਗ ਵਲੋਂ ਉਹਨਾਂ ਨੂੰ ਕੋਈ ਇਨਸਾਫ ਦਿੱਤਾ ਗਿਆ।
ਬੁਲਾਰਿਆਂ ਨੇ ਕਿਹਾ ਕਿ ਕਿਰਤੀਆਂ ਵੱਲੋਂ ਆਪਣੀ ਇੱਕ ਯੂਨੀਅਨ ਰਜਿਸਟਰ ਕਰਵਾ ਕੇ ਕੰਪਨੀ ਦੇ ਮਾਲਕਾਂ ਨੂੰ ਦੋ ਸਾਲ ਪਹਿਲਾਂ ਮੰਗ ਪੱਤਰ ਦੇ ਕੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਕੀਤੀ ਸੀ ਪਰੰਤੂ ਕੰਪਨੀ ਪ੍ਰਬੰਧਕਾਂ ਵੱਲੋਂ ਕਿਰਤੀਆਂ ਨੂੰ ਪੱਕਾ ਕਰਨ ਦੀ ਬਜਾਏ ਯੂਨੀਅਨ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕੰਪਨੀ ਵਿੱਚ ਕਿਰਤ ਕਾਨੂੰਨਾਂ ਦੀ ਸਰੇਆਮ ਉਲੰਘਣਾ ਹੋ ਰਹੀ ਹੈ।
ਬੁਲਾਰਿਆਂ ਨੇ ਕਿਹਾ ਕਿ ਯੂਨੀਅਨ ਵਲੋਂ ਇਸ ਸੰਬੰਧ ਵਿੱਚ ਕਿਰਤ ਕਮਿਸ਼ਨਰ ਮੁਹਾਲੀ ਨੂੰ ਵੀ ਸ਼ਿਕਾਇਤ ਦਿੱਤੀ ਗਈ ਸੀ ਪਰੰਤੂ ਕਿਰਤ ਕਮਿਸ਼ਨਰ ਪੰਜਾਬ ਜੀ ਵੱਲੋਂ ਹੁਣ ਤੱਕ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦੋਸ਼ ਲਗਾਇਆ ਕਿ ਕਿਰਤ ਕਮਿਸ਼ਨਰ ਪੰਜਾਬ ਵੱਲੋਂ ਕੰਪਨੀ ਪ੍ਰਬੰਧਕਾਂ ਦੇ ਖਿਲਾਫ ਚਾਲਾਨ ਕਰਨ ਦੀ ਬਜਾਏ ਮਾਮਲੇ ਨੂੰ ਲੇਬਰ ਕੋਰਟ ਮੁਹਾਲੀ ਵਿਖੇ ਭੇਜ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਕੰਪਨੀ ਦੇ ਪ੍ਰਬੰਧਕਾਂ ਵਲੋਂ ਸਰਕਾਰ ਦੀ ਇਜਾਜਤ ਦੇ ਬਿਨਾ ਫੈਕਟਰੀ ਨੂੰ ਬਾਸਮਾ ਤੋਂ ਬੰਦ ਕੀਤਾ ਜਾ ਰਿਹਾ ਹੈ ਅਤੇ ਮਸ਼ੀਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਕਿਰਤ ਵਿਭਾਗ ਅਤੇ ਉਦਯੋਗ ਵਿਭਾਗ ਦੇ ਅਧਿਕਾਰੀ ਕੰਪਨੀ ਪ੍ਰਬੰਧਕਾਂ ਦੀ ਮਦਦ ਕਰ ਰਹੇ ਹਨ। ਉਹਨਾਂ ਕਿਹਾ ਕਿ ਕੰਪਨੀ ਪ੍ਰਬੰਧਕ ਵੱਲੋਂ ਇੱਕ ਨਵਾਂ ਪਲਾਂਟ ਮੋਰਿੰਡਾ ਵਿਖੇ ਲਗਾਇਆ ਗਿਆ ਹੈ ਅਤੇ ਬਾਸਮਾ ਪਲਾਂਟ ਨੂੰ ਸ਼ਿਫਟ ਕਰਨ ਦੇ ਬਹਾਨੇ ਸਰਕਾਰ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਜਦੋਂਕਿ ਕੰਪਨੀ ਪ੍ਰਬੰਧਕ ਬਾਸਮਾ ਪਲਾਂਟ ਨੂੰ ਬੰਦ ਕਰਕੇ ਇੱਥੋਂ ਦੀਆਂ ਸਾਰੀ ਮਸ਼ੀਨਾਂ ਚੇਨਈ ਵਿੱਚ ਭੇਜਣਾ ਚਾਹੁੰਦੇ ਹਨ।
ਇਸ ਮੌਕੇ ਯੂਨੀਅਨ ਆਗੂਆਂ ਵਲੋਂ ਕਿਰਤ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
